ਨਵੀਂ ਦਿੱਲੀ – ਭਾਰਤ ਵਿਦੇਸ਼ੀ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣਦਾ ਜਾ ਰਿਹਾ ਹੈ। ਖਾਸ ਤੌਰ ’ਤੇ 2001 ਦੇ ਮੁਕਾਬਲੇ 2024 ਵਿਚ ਭਾਰਤ ਆਉਣ ਵਾਲੇ ਵਿਦੇਸ਼ੀ ਮਹਿਲਾ ਸੈਲਾਨੀਆਂ ਦੀ ਗਿਣਤੀ ਲੱਗਭਗ ਦੁੱਗਣੀ ਹੋ ਗਈ ਹੈ। ਮਹਿਲਾ ਸੈਲਾਨੀਆਂ ਦੀ ਵਧਦੀ ਗਿਣਤੀ ਦਾ ਇਕ ਵੱਡਾ ਕਾਰਨ ਮੈਡੀਕਲ ਟੂਰਿਜ਼ਮ ਵੀ ਹੈ। ਈਰਾਨ, ਯੂ. ਏ. ਈ. ਅਤੇ ਇੰਡੋਨੇਸ਼ੀਆ ਸਮੇਤ ਕਈ ਦੇਸ਼ਾਂ ਤੋਂ ਸੈਲਾਨੀ ਇਲਾਜ ਲਈ ਭਾਰਤ ਆਉਂਦੇ ਹਨ। ਇਨ੍ਹਾਂ ਵਿਚੋਂ ਔਰਤਾਂ ਮੈਡੀਕਲ ਟੂਰਿਜ਼ਮ ਵੱਲ ਵਧੇਰੇ ਝੁਕਾਅ ਰੱਖਦੀਆਂ ਹਨ।
ਪੂਰਬੀ ਏਸ਼ੀਆਈ ਦੇਸ਼ਾਂ ਤੋਂ ਆਈਆਂ ਸਭ ਤੋਂ ਵੱਧ ਔਰਤਾਂ
ਸੈਰ-ਸਪਾਟਾ ਮੰਤਰਾਲੇ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਹਿਲਾ ਸੈਲਾਨੀਆਂ ਦੀ ਹਿੱਸੇਦਾਰੀ 2011 ਵਿਚ 40.60 ਫੀਸਦੀ ਤੋਂ ਵਧ ਕੇ 2024 ਵਿਚ 43.14 ਫੀਸਦੀ ਹੋ ਗਈ ਹੈ। ਇਹ ਅੰਤਰ 2011 ਵਿਚ ਲੱਗਭਗ 18.8 ਫੀਸਦੀ ਸੀ, ਜੋ 2024 ਵਿਚ ਘਟ ਕੇ 13.71 ਫੀਸਦੀ ਰਹਿ ਗਿਆ ਹੈ। ਏਸ਼ੀਆ ਇਸ ਵਾਧੇ ਦਾ ਸਭ ਤੋਂ ਵੱਡਾ ਕੇਂਦਰ ਰਿਹਾ, ਜਿੱਥੋਂ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਭਾਰਤ ਆਈਆਂ। ਦੱਖਣ-ਪੂਰਬੀ ਏਸ਼ੀਆ ਤੋਂ ਆਉਣ ਵਾਲੇ ਸੈਲਾਨੀਆਂ ’ਚ 51 ਫੀਸਦੀ ਅਤੇ ਪੂਰਬੀ ਏਸ਼ੀਆ ਤੋਂ ਆਉਣ ਵਾਲੇ ਸੈਲਾਨੀਆਂ ’ਚ 54 ਫੀਸਦੀ ਸੈਲਾਨੀ ਔਰਤਾਂ ਸਨ।
ਸਾਲ 2024 ਵਿਚ ਤੁਰਕਮੇਨਿਸਤਾਨ ਤੋਂ ਕੁੱਲ 5,586 ਸੈਲਾਨੀ ਭਾਰਤ ਆਏ, ਜਿਨ੍ਹਾਂ ਵਿਚ 71 ਫੀਸਦੀ ਔਰਤਾਂ ਅਤੇ 29 ਫੀਸਦੀ ਮਰਦ ਸਨ। ਇਸੇ ਤਰ੍ਹਾਂ ਪੂਰਬੀ ਏਸ਼ੀਆ ਵਿਚ ਮੰਗੋਲੀਆ ਤੋਂ ਲੱਗਭਗ 4,000 ਸੈਲਾਨੀ ਭਾਰਤ ਆਏ, ਜਿਨ੍ਹਾਂ ਵਿਚੋਂ 55 ਫੀਸਦੀ ਔਰਤਾਂ ਸਨ। ਪਿਛਲੇ ਸਾਲ ਈਰਾਨ ਤੋਂ 9,638 ਸੈਲਾਨੀ ਭਾਰਤ ਆਏ, ਜਿਨ੍ਹਾਂ ਵਿਚੋਂ 57.3 ਫੀਸਦੀ ਔਰਤਾਂ ਸਨ। ਈਰਾਨ, ਯੂ. ਏ. ਈ., ਮਾਰੀਸ਼ਸ, ਨੀਦਰਲੈਂਡ ਅਤੇ ਅਰਜਨਟੀਨਾ ਸਮੇਤ 3 ਦਰਜਨ ਦੇਸ਼ਾਂ ਦੇ ਸੈਲਾਨੀਆਂ ਵਿਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਵੱਧ ਸੀ।
ਦਸੰਬਰ ਵਿਚ ਹੁੰਦੀ ਹੈ ਵਧੇਰੇ ਆਮਦ
ਇਕ ਹੋਰ ਰਿਪੋਰਟ ਦੇ ਅਨੁਸਾਰ ਦਸੰਬਰ ਪਿਛਲੇ ਕੁਝ ਸਾਲਾਂ ਤੋਂ ਭਾਰਤ ਵਿਚ ਵਿਦੇਸ਼ੀ ਸੈਲਾਨੀਆਂ ਦੇ ਆਉਣ ਦਾ ਸਿਖਰਲਾ ਸਮਾਂ ਰਿਹਾ ਹੈ। ਨਵੀਨਤਮ ਸੈਰ-ਸਪਾਟਾ ਅੰਕੜੇ ਦਰਸਾਉਂਦੇ ਹਨ ਕਿ ਦੁਨੀਆ ਭਰ ਦੇ ਯਾਤਰੀ ਸੁਹਾਵਣਾ ਮੌਸਮ, ਸੱਭਿਆਚਾਰਕ ਤਿਉਹਾਰਾਂ ਅਤੇ ਛੁੱਟੀਆਂ ਦੇ ਰੋਮਾਂਚ ਦੀ ਭਾਲ ਵਿਚ ਵੱਡੀ ਗਿਣਤੀ ’ਚ ਭਾਰਤ ਆਉਂਦੇ ਹਨ। ਅੰਕੜਿਆਂ ਦੇ ਅਨੁਸਾਰ ਦਸੰਬਰ ਵਿਚ 1.06 ਲੱਖ ਤੋਂ ਵੱਧ ਵਿਦੇਸ਼ੀ ਸੈਲਾਨੀ ਭਾਰਤ ਆਉਂਦੇ ਹਨ, ਜੋ ਕਿ ਦੂਜੇ ਮਹੀਨਿਆਂ ਦੇ ਮੁਕਾਬਲੇ ਸਭ ਤੋਂ ਵੱਧ ਗਿਣਤੀ ਹੁੰਦੀ ਹੈ।
ਜਨਵਰੀ, ਫਰਵਰੀ ਅਤੇ ਨਵੰਬਰ ਵਿਚ ਵੀ ਵੱਡੀ ਗਿਣਤੀ ’ਚ ਸੈਲਾਨੀ ਭਾਰਤ ਆਉਂਦੇ ਹਨ। ਲੋਕ ਇਨ੍ਹਾਂ ਮਹੀਨਿਆਂ ਦੌਰਾਨ ਅਨੁਕੂਲ ਮੌਸਮ, ਤਿਉਹਾਰਾਂ ਅਤੇ ਛੁੱਟੀਆਂ ਦਾ ਆਨੰਦ ਮਾਨਣ ਲਈ ਭਾਰਤ ਆਉਂਦੇ ਹਨ। ਇਸ ਤੋਂ ਇਲਾਵਾ ਸੈਰ-ਸਪਾਟਾ ਵਿਭਾਗ ਇਨ੍ਹਾਂ ਮਹੀਨਿਆਂ ਲਈ ਵਿਸ਼ੇਸ਼ ਪ੍ਰੋਗਰਾਮ ਅਤੇ ਮਾਰਕੀਟਿੰਗ ਮੁਹਿੰਮਾਂ ਸ਼ੁਰੂ ਕਰ ਕੇ ਸੈਲਾਨੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਂਦਾ ਹੈ।
ਵਿਦੇਸ਼ੀ ਸੈਲਾਨੀ ਭਾਰਤ ਕਿਉਂ ਆਉਂਦੇ ਹਨ
45 ਫੀਸਦੀ ਵਿਦੇਸ਼ੀ ਸੈਲਾਨੀ ਮਨੋਰੰਜਨ ਦੇ ਮਕਸਦ ਨਾਲ ਭਾਰਤ ਆਉਂਦੇ ਹਨ, ਜਦੋਂ ਕਿ 28.49 ਫੀਸਦੀ ਪ੍ਰਵਾਸੀ ਭਾਰਤੀਆਂ ਨੂੰ ਮਿਲਣ ਲਈ ਆਉਂਦੇ ਹਨ ਅਤੇ 10.52 ਫੀਸਦੀ ਕਾਰੋਬਾਰ ਜਾਂ ਹੋਰ ਮਕਸਦ ਲਈ ਆਉਂਦੇ ਹਨ। ਇਹ ਦਰਸਾਉਂਦਾ ਹੈ ਕਿ ਭਾਰਤ ਹੁਣ ਸੈਰ-ਸਪਾਟੇ ਤੱਕ ਹੀ ਸੀਮਤ ਨਹੀਂ ਹੈ, ਸਗੋਂ ਅਨੁਭਵੀ ਸੈਰ-ਸਪਾਟੇ ਦਾ ਕੇਂਦਰ ਬਣ ਰਿਹਾ ਹੈ। ਸੈਲਾਨੀ ਹੁਣ ਸਿਰਫ਼ ਥਾਵਾਂ ਦੇਖਣਾ ਨਹੀਂ ਚਾਹੁੰਦੇ, ਉਹ ਸਥਾਨਕ ਸੱਭਿਆਚਾਰ, ਭੋਜਨ, ਤਿਉਹਾਰਾਂ ਅਤੇ ਕੁਦਰਤੀ ਦ੍ਰਿਸ਼ਾਂ ਦਾ ਅਨੁਭਵ ਕਰਨ ਵਿਚ ਵਧੇਰੇ ਦਿਲਚਸਪੀ ਦਿਖਾ ਰਹੇ ਹਨ। ਇਹ ਰੁਝਾਨ ਸੈਰ-ਸਪਾਟਾ ਉਦਯੋਗ ਨੂੰ ਨਵੇਂ ਅਤੇ ਵਿਲੱਖਣ ਅਨੁਭਵ ਪੇਸ਼ ਕਰਨ ਲਈ ਪ੍ਰੇਰਿਤ ਕਰਦਾ ਹੈ।
ਸਾਲ ਦੇ ਹਿਸਾਬ ਨਾਲ ਕੁੱਲ ਸੈਲਾਨੀ ਅਤੇ ਮਰਦ-ਔਰਤ ਅਨੁਪਾਤ
ਸਾਲ ਕੁੱਲ ਸੈਲਾਨੀ ਔਰਤ (%) ਮਰਦ (%)
2001 25,37,282 24.50 73.50
2011 63,09,222 40.60 59.40
2020 27,44,766 42.20 57.80
2024 99,51,722 43.14 56.85
ਦਿਲ ਦਹਿਲਾ ਦੇਣ ਵਾਲਾ ਹਾਦਸਾ: ਲਿਫਟ 'ਚ ਫਸਣ ਨਾਲ ਮਜ਼ਦੂਰ ਦੀ ਗਰਦਨ ਕੱਟੀ, ਮੌਤ
NEXT STORY