ਨਵੀਂ ਦਿੱਲੀ— ਪਾਕਿਸਤਾਨ ਵਲੋਂ 6 ਸਾਲ ਪਹਿਲਾਂ ਉਸ ਦੀ ਜੇਲ੍ਹ ਵਿਚ ‘ਮਾਨਸਿਕ ਰੂਪ ਤੋਂ ਬੀਮਾਰ’ 17 ਭਾਰਤੀਆਂ ਦੇ ਬੰਦ ਹੋਣ ਦੀ ਗੱਲ ਆਖੇ ਜਾਣ ਤੋਂ ਬਾਅਦ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਉਨ੍ਹਾਂ ਦੀਆਂ ਤਸਵੀਰਾਂ ਵੀ ਵੈੱਬਸਾਈਟ ’ਤੇ ਅਪਲੋਡ ਕੀਤੀਆਂ ਹਨ। ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਹੀ ਆਮ ਲੋਕਾਂ ਤੋਂ ਵੀ ਮਦਦ ਮੰਗੀ ਗਈ ਹੈ। ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਪਰ ਕੌਮੀਅਤ ਦੀ ਪੁਸ਼ਟੀ ਨਾ ਹੋਣ ਦੀ ਵਜ੍ਹਾ ਕਰ ਕੇ ਉਨ੍ਹਾਂ ਨੂੰ ਭਾਰਤ ਨਹੀਂ ਲਿਆਂਦਾ ਜਾ ਸਕਿਆ।
17 ਭਾਰਤੀਆਂ ’ਚੋਂ 4 ਬੀਬੀਆਂ-
ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਜਿਨ੍ਹਾਂ 17 ਕੈਦੀਆਂ ਨੂੰ ਭਾਰਤੀ ਮੰਨਿਆ ਜਾਂਦਾ ਹੈ, ਉਨ੍ਹਾਂ ’ਚੋਂ 4 ਬੀਬੀਆਂ ਹਨ ਅਤੇ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਗੁੱਲੂ ਜਾਨ, ਅਜਮੀਰਾ, ਨਾਕਾਯਾ ਅਤੇ ਹਸੀਨਾ ਨਾਂ ਦਿੱਤਾ ਹੈ। ਹੋਰ ਕੈਦੀ-ਸੋਨੂੰ ਸਿੰਘ, ਸੁਰਿੰਦਰ ਮਹਤੋ, ਪ੍ਰਹਿਲਾਦ ਸਿੰਘ, ਸਿਲਰੋਫ ਸਲੀਮ, ਬਿਰਜੂ ਰਾਜੂ, ਬਿਪਲਾ, ਰਾਜੂ, ਰੂਪੀ ਪਾਲ, ਪਨਵਾਸੀ ਲਾਲ, ਰਾਜੂ ਮਾਹੋਲੀ, ਸ਼ਿਆਮ ਸੁੰਦਰ, ਰਮੇਸ਼ ਅਤੇ ਰਾਜੂ ਰਾਏ ਹਨ।
ਗ੍ਰਹਿ ਮੰਤਰਾਲਾ ਨੇ ਨੋਟੀਫ਼ਿਕੇਸ਼ਨ ਜਾਰੀ ਕੀਤੀ-
ਗ੍ਰਹਿ ਮੰਤਰਾਲਾ ਨੇ ਕਿਹਾ ਕਿ ਕੋਈ ਵਿਅਕਤੀ ਜੇਕਰ ਇਨ੍ਹਾਂ 17 ਲੋਕਾਂ ਵਿਚੋਂ ਕਿਸੇ ਦੀ ਪਛਾਣ ਕਰ ਸਕਦਾ ਹੈ ਤਾਂ ਉਸ ਨੂੰ ਗ੍ਰਹਿ ਮੰਤਰਾਲਾ ਵਿਚ ਸੂਬਾ ਸਰਕਾਰ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਗ੍ਰਹਿ ਵਿਭਾਗ ਜਾਂ ਪੁਲਸ ਜਨਰਲ ਡਾਇਰੈਕਟਰ, ਪੁਲਸ ਕਮਿਸ਼ਨਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਗ੍ਰਹਿ ਮੰਤਰਾਲਾ ਦੀ ਨੋਟੀਫ਼ਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਮਾਨਸਿਕ ਰੂਪ ਤੋਂ ਬੀਮਾਰ 17 ਲੋਕਾਂ ਦੀਆਂ ਤਸਵੀਰਾਂ ਨਾਲ ਨੱਥੀ ਹੈ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਭਾਰਤੀ ਹਨ। ਇਹ ਵਿਅਕਤੀ ਮਾਨਸਿਕ ਰੂਪ ਤੋਂ ਬੀਮਾਰ ਹੋਣ ਕਾਰਨ ਆਪਣੇ ਮਾਤਾ-ਪਿਤਾ, ਰਿਸ਼ਤੇਦਾਰਾਂ ਦੇ ਨਾਂ ਜਾਂ ਭਾਰਤ ਵਿਚ ਉਨ੍ਹਾਂ ਦੇ ਪਤੇ ਆਦਿ ਸਮੇਤ ਹੋਰ ਕੋਈ ਵੀ ਜਾਣਕਾਰੀ ਦੇਣ ਵਿਚ ਅਸਮਰੱਥ ਹਨ।
ਸਾਲ 2015 ਤੋਂ ਪਾਕਿਸਤਾਨੀ ਜੇਲ੍ਹ ’ਚ ਬੰਦ ਭਾਰਤੀ-
ਪਾਕਿਸਤਾਨ ਨੇ 2015 ’ਚ ਭਾਰਤ ਨੂੰ ਉਨ੍ਹਾਂ ਦੀ ਜੇਲ੍ਹ ’ਚ ਬੰਦ ਇਨ੍ਹਾਂ 17 ਲੋਕਾਂ ਬਾਰੇ ਦੱਸਿਆ ਸੀ, ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਪਰ ਉਨ੍ਹਾਂ ਨੂੰ ਵਾਪਸ ਭਾਰਤ ਨਹੀਂ ਭੇਜਿਆ ਜਾ ਸਕਿਆ ਕਿਉਂਕਿ ਮਾਨਸਿਕ ਰੂਪ ਤੋਂ ਬੀਮਾਰ ਹੋਣ ਕਰ ਕੇ ਉਨ੍ਹਾਂ ਨੂੰ ਆਪਣੇ ਪਤੇ-ਟਿਕਾਣੇ ਬਾਰੇ ਕੁਝ ਯਾਦ ਨਹੀਂ ਹੈ। ਪਾਕਿਸਤਾਨ ਵਲੋਂ ਉਨ੍ਹਾਂ ਦਾ ਪਤਾ ਨਾ ਲੱਗ ਸਕਣ ਤੋਂ ਬਾਅਦ ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨ ਨੂੰ ਇਨ੍ਹਾਂ ਕੈਦੀਆਂ ਨੂੰ ਦੂਤਘਰ ਨਾਲ ਸੰਪਰਕ ਦੀ ਸਹੂਲਤ ਇਸ ਉਮੀਦ ਨਾਲ ਦਿੱਤੀ ਗਈ ਕਿ ਕੁਝ ਸਫ਼ਲਤਾ ਮਿਲ ਸਕੇ। ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਨ੍ਹਾਂ 17 ਕੈਦੀਆਂ ਦੀਆਂ ਤਸਵੀਰਾਂ ਵਿਦੇਸ਼ ਮੰਤਰਾਲਾ ਨੂੰ ਇਨ੍ਹਾਂ ਦੇ ਪਰਿਵਾਰਾਂ ਦਾ ਪਤਾ ਲਾਉਣ ਲਈ ਭੇਜੀਆਂ ਹਨ। ਓਧਰ ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਦੋਂ ਤੋਂ ਇਨ੍ਹਾਂ ਤਸਵੀਰਾਂ ਨੂੰ ਮੰਤਰਾਲਾ ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਹੈ ਪਰ ਹੁਣ ਤੱਕ ਇਨ੍ਹਾਂ ਵਿਚ ਕਿਸੇ ਦਾ ਕੋਈ ਸੁਰਾਗ ਨਹੀਂ ਲੱਗਾ ਹੈ।
IMA ਨੇ ਲਿਖੀ PM ਮੋਦੀ ਨੂੰ ਚਿੱਠੀ, ਕਿਹਾ- ਗਲਤਫਹਿਮੀਆਂ ਫੈਲਾਉਣ ਵਾਲਿਆਂ 'ਤੇ ਕੀਤੀ ਜਾਵੇ ਸਖ਼ਤ ਕਾਰਵਾਈ
NEXT STORY