ਨਵੀਂ ਦਿੱਲੀ- ਭਾਰਤ ਅਤੇ ਯੂਰਪੀਅਨ ਸੰਘ (EU) ਦੇ ਆਪਸੀ ਸਬੰਧਾਂ ਵਿੱਚ ਅੱਜ ਇੱਕ ਇਤਿਹਾਸਕ ਮੀਲ ਪੱਥਰ ਸਥਾਪਿਤ ਹੋਇਆ ਹੈ, ਜਦੋਂ ਦੋਵਾਂ ਧਿਰਾਂ ਵਿਚਕਾਰ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ। ਇਸ ਅਹਿਮ ਪ੍ਰਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਯੂਰਪੀ ਸੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਪ੍ਰਗਟਾਇਆ ਹੈ।
ਪ੍ਰਧਾਨ ਮੰਤਰੀ ਨੇ ਪਿਛਲੇ ਸਾਲਾਂ ਦੌਰਾਨ ਯੂਰਪ ਦੇ ਉਨ੍ਹਾਂ ਤਮਾਮ ਆਗੂਆਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਰਚਨਾਤਮਕ ਭਾਵਨਾ ਅਤੇ ਦ੍ਰਿੜ ਵਚਨਬੱਧਤਾ ਸਦਕਾ ਇਹ ਸਮਝੌਤਾ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਭਾਰਤ ਅਤੇ ਯੂਰਪ ਵਿਚਕਾਰ ਆਰਥਿਕ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਵਪਾਰਕ ਸੰਧੀ ਦੇ ਫਾਇਦਿਆਂ ਬਾਰੇ ਦੱਸਦਿਆਂ ਇਹ ਉਮੀਦ ਜਤਾਈ ਗਈ ਹੈ ਕਿ ਇਸ ਨਾਲ ਦੋਵਾਂ ਖੇਤਰਾਂ ਦੇ ਲੋਕਾਂ ਲਈ ਤਰੱਕੀ ਦੇ ਨਵੇਂ ਮੌਕੇ ਪੈਦਾ ਹੋਣਗੇ। ਇਹ ਸਮਝੌਤਾ ਨਾ ਸਿਰਫ਼ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਵੇਗਾ, ਸਗੋਂ ਭਾਰਤ ਅਤੇ ਯੂਰਪ ਦੀ ਭਾਈਵਾਲੀ ਨੂੰ ਇੱਕ ਅਜਿਹੇ ਭਵਿੱਖ ਵੱਲ ਲੈ ਕੇ ਜਾਵੇਗਾ ਜੋ ਖੁਸ਼ਹਾਲੀ ਅਤੇ ਮਜ਼ਬੂਤ ਸਾਂਝੇਦਾਰੀ ਦੀ ਮਿਸਾਲ ਹੋਵੇਗਾ।

ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਭਾਰਤ 'ਤੇ ਲਗਾਤਾਰ ਵਧਾਏ ਜਾ ਰਹੇ ਟੈਰਿਫ਼ ਦਬਾਅ ਵਿਚਾਲੇ ਭਾਰਤ ਤੇ ਯੂਰਪੀਅਨ ਯੂਨੀਅਨ (EU) ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਸਮਝੌਤਾ ਹੋ ਗਿਆ ਹੈ। ਇਸ ਫ਼ੈਸਲੇ ਨਾਲ ਟਰੰਪ ਨੂੰ ਕਰਾਰਾ ਝਟਕਾ ਲੱਗੇਗਾ, ਜਦਕਿ ਭਾਰਤ ਨੂੰ ਵੱਡਾ ਲਾਭ ਹੋਵੇਗਾ। ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਕੌਂਸਲ ਪ੍ਰਧਾਨ ਐਂਟੋਨੀਓ ਕੋਸਟਾ ਵਿਚਕਾਰ ਹੋਈ 16ਵੀਂ ਭਾਰਤ-ਈ.ਯੂ. ਸਿਖਰ ਵਾਰਤਾ ਵਿੱਚ ਮੁਕਤ ਵਪਾਰ ਸਮਝੌਤੇ (FTA) ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।
ਇਹ ਸਮਝੌਤਾ ਦੁਨੀਆ ਦੀਆਂ ਦੋ ਪ੍ਰਮੁੱਖ ਅਰਥਵਿਵਸਥਾਵਾਂ ਨੂੰ ਜੋੜਦਾ ਹੈ, ਜੋ ਮਿਲ ਕੇ ਵਿਸ਼ਵ ਜੀ.ਡੀ.ਪੀ. (GDP) ਦਾ 25 ਫ਼ੀਸਦੀ ਅਤੇ ਵਿਸ਼ਵ ਵਪਾਰ ਦਾ ਇੱਕ ਤਿਹਾਈ ਹਿੱਸਾ ਹਨ। ਇਸ ਨਾਲ 2 ਅਰਬ ਲੋਕਾਂ ਦਾ ਇੱਕ ਵਿਸ਼ਾਲ ਮੁਕਤ ਵਪਾਰ ਖੇਤਰ ਬਣੇਗਾ। ਪੀ.ਐੱਮ. ਮੋਦੀ ਅਨੁਸਾਰ, ਇਹ ਡੀਲ ਭਾਰਤੀ ਮੈਨੂਫੈਕਚਰਿੰਗ, ਖਾਸ ਕਰਕੇ ਟੈਕਸਟਾਈਲ (ਕੱਪੜਾ), ਗਹਿਣਾ ਅਤੇ ਚਮੜਾ ਉਦਯੋਗ ਲਈ ਨਵੇਂ ਮੌਕੇ ਪੈਦਾ ਕਰੇਗੀ।
ਇਸ ਸਮਝੌਤੇ ਮਗਰੋਂ ਈ.ਯੂ. ਤੋਂ ਭਾਰਤ ਆਉਣ ਵਾਲੀਆਂ 96.6 ਫ਼ੀਸਦੀ ਵਸਤੂਆਂ 'ਤੇ ਟੈਰਿਫ ਖ਼ਤਮ ਹੋ ਜਾਵੇਗਾ ਜਾਂ ਘਟਾ ਦਿੱਤਾ ਜਾਵੇਗਾ। ਯੂਰਪੀਅਨ ਸ਼ਰਾਬ 'ਤੇ ਲੱਗਣ ਵਾਲੀ ਡਿਊਟੀ, ਜੋ ਪਹਿਲਾਂ 150 ਫ਼ੀਸਦੀ ਤੱਕ ਸੀ, ਨੂੰ ਘਟਾ ਕੇ 40 ਫ਼ੀਸਦੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤ ਨੇ ਯੂਰਪੀਅਨ ਯੂਨੀਅਨ ਦੇ ਸਾਰੇ ਕੈਮੀਕਲ ਉਤਪਾਦਾਂ 'ਤੇ ਟੈਰਿਫ਼ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਆਪਟੀਕਲ, ਮੈਡੀਕਲ ਅਤੇ ਸਰਜੀਕਲ ਉਪਕਰਨਾਂ ਦੇ ਵੀ 90 ਫ਼ੀਸਦੀ ਹਿੱਸੇ 'ਤੇ ਟੈਰਿਫ਼ ਖ਼ਤਮ ਕਰ ਦਿੱਤੇ ਗਏ ਹਨ।
ਇਸ ਤੋਂ ਬਾਅਦ ਯੂਰਪੀਅਨ ਫਲਾਂ ਦੇ ਜੂਸ, ਪ੍ਰੋਸੈਸਡ ਫੂਡ, ਜੈਤੂਨ ਦਾ ਤੇਲ, ਮਾਰਜਰੀਨ ਅਤੇ ਹੋਰ ਬਨਸਪਤੀ ਤੇਲਾਂ 'ਤੇ ਵੀ ਟੈਰਿਫ਼ ਖ਼ਤਮ ਕਰ ਦਿੱਤੇ ਗਏ ਹਨ। ਭਾਰਤ ਯੂਰਪੀਅਨ ਕਾਰਾਂ 'ਤੇ ਡਿਊਟੀ ਘਟਾ ਕੇ 40 ਫ਼ੀਸਦੀ ਕਰਨ ਲਈ ਤਿਆਰ ਹੈ, ਜੋ ਕੁਝ ਖੇਤਰਾਂ ਵਿੱਚ ਪਹਿਲਾਂ 150 ਫ਼ੀਸਦੀ ਤੱਕ ਸੀ। ਇਸ ਤੋਂ ਇਲਾਵਾ, ਯੂਰਪੀਅਨ ਮਸ਼ੀਨਰੀ ਲਈ ਵੀ ਭਾਰਤੀ ਬਾਜ਼ਾਰ ਖੋਲ੍ਹ ਦਿੱਤੇ ਗਏ ਹਨ।
ਅਸਾਮ 'ਚ ਦਰਦਨਾਕ ਹਾਦਸਾ: ਜੰਗਲੀ ਹਾਥੀ ਨੇ ਕੁਚਲ ਕੇ ਮਾਰ ਦਿੱਤੀ 70 ਸਾਲਾ ਬਜ਼ੁਰਗ ਔਰਤ
NEXT STORY