ਚੇਨਈ, (ਏਜੰਸੀਆਂ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਤਾਮਿਲਨਾਡੂ ਦੇ ਤੂਤੀਕੋਰਿਨ ’ਚ 4,900 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ-ਪੱਥਰ ਰੱਖੇ। ਇਨ੍ਹਾਂ ’ਚ ਏਅਰਪੋਰਟ ਦਾ ਨਵਾਂ ਟਰਮੀਨਲ, ਹਾਈਵੇਅ, ਬੰਦਰਗਾਹ ਤੇ ਰੇਲਵੇ ਅਤੇ ਪਾਵਰ ਟ੍ਰਾਂਸਮਿਸ਼ਨ ਪ੍ਰਾਜੈਕਟ ਸ਼ਾਮਲ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅੱਜ ਭਾਰਤ ਸਰਕਾਰ ਦਾ ‘ਮੇਕ ਇਨ ਇੰਡੀਆ’ ’ਤੇ ਬਹੁਤ ਜ਼ੋਰ ਹੈ। ਦੁਨੀਆ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ‘ਮੇਕ ਇਨ ਇੰਡੀਆ’ ਦੀ ਤਾਕਤ ਵੇਖੀ ਹੈ। ਅੱਤਵਾਦ ਦੇ ਟਿਕਾਣਿਆਂ ਨੂੰ ਮਿੱਟੀ ’ਚ ਮਿਲਾਉਣ ’ਚ ਸਵਦੇਸ਼ੀ ਹਥਿਆਰਾਂ ਨੇ ਵੱਡੀ ਭੂਮਿਕਾ ਨਿਭਾਈ। ਭਾਰਤ ’ਚ ਬਣੇ ਹਥਿਆਰਾਂ ਨੇ ਅੱਤਵਾਦ ਦੇ ਆਕਿਆਂ ਦੀ ਨੀਂਦ ਉਡਾਈ ਹੋਈ ਹੈ।
ਮੋਦੀ ਨੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ’ਚ ਵਿਕਸਤ ਭਾਰਤ ਅਤੇ ਵਿਕਸਤ ਤਾਮਿਲਨਾਡੂ ਦਾ ਸੰਕਲਪ ਲਿਆ ਅਤੇ ਕਿਹਾ, ‘‘ਬੁਨਿਆਦੀ ਢਾਂਚਾ ਅਤੇ ਊਰਜਾ ਕਿਸੇ ਵੀ ਸੂਬੇ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹੈ; ਪਿਛਲੇ 11 ਸਾਲਾਂ ’ਚ ਇਸ ’ਤੇ ਸਾਡਾ ਧਿਆਨ ਤਾਮਿਲਨਾਡੂ ਦੇ ਵਿਕਾਸ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।’’
ਪੀ. ਐੱਮ. ਮੋਦੀ ਨੇ ਕਿਹਾ, “ਮੇਰਾ ਸੁਭਾਗ ਹੈ ਕਿ 4 ਦਿਨਾਂ ਦੇ ਵਿਦੇਸ਼ ਦੌਰੇ ਤੋਂ ਬਾਅਦ ਮੈਨੂੰ ਭਗਵਾਨ ਸ਼੍ਰੀ ਰਾਮ ਦੀ ਇਸ ਪਵਿੱਤਰ ਧਰਤੀ ’ਤੇ ਆਉਣ ਦਾ ਮੌਕਾ ਮਿਲਿਆ। ਮੇਰੇ ਇਸ ਦੌਰੇ ਦੌਰਾਨ ਭਾਰਤ ਅਤੇ ਇੰਗਲੈਂਡ ਵਿਚਾਲੇ ਇਤਿਹਾਸਕ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਹੋਏ। ਇਹ ਭਾਰਤ ’ਤੇ ਦੁਨੀਆ ਦੇ ਵਧਦੇ ਭਰੋਸੇ ਅਤੇ ਭਾਰਤ ਦੇ ਨਵੇਂ ਆਤਮਵਿਸ਼ਵਾਸ ਦਾ ਪ੍ਰਤੀਕ ਹੈ।’’
ਪ੍ਰਧਾਨ ਮੰਤਰੀ ਮੋਦੀ ਬ੍ਰਿਟੇਨ ਅਤੇ ਮਾਲਦੀਵ ਦੌਰਾ ਖਤਮ ਕਰਨ ਤੋਂ ਬਾਅਦ 2 ਦਿਨਾਂ ਲਈ ਤਾਮਿਲਨਾਡੂ ਪੁੱਜੇ ਹਨ। ਦੌਰੇ ਦੇ ਪਹਿਲੇ ਦਿਨ, ਮੋਦੀ ਤੂਤੀਕੋਰਿਨ ’ਚ ਸੂਬੇ ਦਾ ਰਵਾਇਤੀ ਪਹਿਰਾਵਾ, ਸ਼ਰਟ-ਧੋਤੀ ਪਹਿਨ ਕੇ ਪੁੱਜੇ ਸਨ। ਉਹ ਐਤਵਾਰ ਨੂੰ ਇਤਿਹਾਸਕ ਚੋਲ ਸਮਰਾਟ ਰਾਜੇਂਦਰ ਚੋਲ (ਪਹਿਲਾ) ਦੀ 1000ਵੀਂ ਜੈਅੰਤੀ ’ਤੇ ਪ੍ਰੋਗਰਾਮ ’ਚ ਸ਼ਾਮਲ ਹੋਣਗੇ।
ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ’ਚ ਨਹੀਂ ਪੁੱਜੇ। ਉਨ੍ਹਾਂ ਨੇ ‘ਐਕਸ’ ’ਤੇ ਪੋਸਟ ’ਚ ਦੱਸਿਆ ਕਿ ਉਹ ਹਸਪਤਾਲ ’ਚ ਹਨ। ਉਨ੍ਹਾਂ ਦੀ ਜਗ੍ਹਾ ਤਾਮਿਲਨਾਡੂ ਦੇ ਵਿੱਤ ਮੰਤਰੀ ਥੰਗਮ ਥੇਨਾਰਸੂ ਪ੍ਰਧਾਨ ਮੰਤਰੀ ਨੂੰ ਮਿਲਣਗੇ। ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਰਾਮੇਸ਼ਵਰਮ ’ਚ ਵੀ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ’ਚ ਸਟਾਲਿਨ ਨਹੀਂ ਆਏ ਸਨ।
ਪਿਓ ਨੂੰ ਮਗਰਮੱਛ ਦੇ ਮੂੰਹ ’ਚੋਂ ਕੱਢ ਲਿਆਇਆ 10 ਸਾਲਾ ਬੱਚਾ
NEXT STORY