ਸੰਜੀਵ ਪਾਂਡੇ
ਤੁਸੀਂ ਇਹ ਨਾ ਸਮਝੋ ਕਿ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਹ ਲੋਕਤੰਤਰਿਕ ਹਨ , ਲੋਕਾਂ ਦੇ ਹਮਦਰਦ ਹਨ। ਇਹ ਗ਼ਲਤਫਹਿਮੀ ਵੀ ਨਹੀਂ ਹੋਣੀ ਚਾਹੀਦੀ ਕਿ ਜਿਨ੍ਹਾਂ ਨੇ ਹਾਈ ਕਮਾਂਡ ਨੂੰ ਨਿਸ਼ਾਨਾ ਬਣਾਇਆ ਹੈ, ਉਹ ਲੋਕਤੰਤਰ ਦੇ ਸੱਚੇ ਹਮਦਰਦ ਹਨ। ਇਹ ਨਾਟਕ ਸੱਤਾ ਦੇ ਸੁੱਖ ਤੋਂ ਵਾਂਝੇ ਰਹਿਣ ਕਾਰਨ ਹੋ ਰਿਹਾ ਹੈ। ਵੈਸੇ ਫ਼ਿਲਹਾਲ ਕਾਂਗਰਸ ਦੀ ਮੁਸੀਬਤ ਟਲ ਗਈ ਹੈ। ਪਾਰਟੀ ਵਿਚ ਉਪਰ ਤੋਂ ਹੇਠਾਂ ਤੱਕ ਬਦਲਾਅ ਮੰਗਣ ਵਾਲੇ 23 ਆਗੂਆਂ ਅਤੇ ਕਾਂਗਰਸ ਹਾਈ ਕਮਾਂਡ ਵਿਚ ਫ਼ਿਲਹਾਲ ਸਮਝੌਤਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਛੇ ਮਹੀਨੇ ਹੋਰ ਅੰਤਰਿਮ ਪ੍ਰਧਾਨ ਬਣੀ ਰਹੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੀ ਬੈਠਕ ਜਲਦੀ ਕੀਤੀ ਜਾਵੇਗੀ ਪਰ 23 ਆਗੂਆਂ ਦੇ ਪੱਤਰ ਨੇ ਇਕ ਵਾਰ ਫਿਰ ਸਾਫ਼ ਕਰ ਦਿੱਤਾ ਹੈ ਕਿ ਕਾਂਗਰਸ ਆਪਣੇ ਬੁਰੇ ਸਮੇਂ ਤੋਂ ਸਬਕ ਸਿੱਖਣ ਲਈ ਤਿਆਰ ਨਹੀਂ ਹੈ। ਕਾਂਗਰਸ ਭਾਜਪਾ ਦੀ ਕਾਰਜਸ਼ੈਲੀ ਤੋਂ ਕੁਝ ਸਿੱਖਣ ਨੂੰ ਤਿਆਰ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਆਗੂਆਂ 'ਤੇ ਵੀ ਬਹੁਤ ਸਾਰੇ ਸਵਾਲ ਉੱਠਣੇ ਜਾਇਜ਼ ਹਨ ਜਿਨ੍ਹਾਂ ਨੇ ਸੋਨੀਆ ‘ਤੇ ਸਵਾਲ ਉਠਾਏ ਹਨ ਕਿਉਂਕਿ ਸੱਚਾਈ ਇਹ ਹੈ ਕਿ ਚਿੱਠੀਆਂ ਲਿਖਣ ਵਾਲੇ ਅਤੇ ਚਿੱਠੀਆਂ ਰਾਹੀਂ ਨਿਸ਼ਾਨਾ ਸਾਧਣ ਵਾਲਿਆਂ ਦਾ ਉਦੇਸ਼ ਲੋਕਤੰਤਰ ਨੂੰ ਮਜ਼ਬੂਤ ਕਰਨਾ ਨਹੀਂ ਹੈ। ਉਨ੍ਹਾਂ ਦੀ ਤਰਜੀਹ ਵਿੱਚ ਜਨਤਾ ਨਹੀਂ ਹੈ। ਉਨ੍ਹਾਂ ਦੀ ਤਰਜੀਹ ਸੱਤਾ ਦਾ ਸਵਾਦ ਹੈ।
ਪਾਰਟੀ ਦੀ ਵਿਗੜਦੀ ਸਥਿਤੀ ਬਾਰੇ ਪੱਤਰ ਲਿਖਣ ਵਾਲੇ 23 ਆਗੂਆਂ ਨੂੰ ਕਿਸੇ ਵੀ ਕੀਮਤ ਤੇ ਵਿਚਾਰਧਾਰਕ ਅਤੇ ਲੋਕਤੰਤਰੀ ਅਸਹਿਮਤੀ ਨਹੀਂ ਕਹੀ ਜਾ ਸਕਦੀ ਕਿਉਂਕਿ 2014 ਵਿੱਚ ਪਾਰਟੀ ਦੀ ਮਾੜੀ ਹਾਰ ਤੋਂ 6 ਸਾਲ ਬਾਅਦ, ਇਨ੍ਹਾਂ ਆਗੂਆਂ ਨੂੰ ਕਾਂਗਰਸ ਕਮਜ਼ੋਰ ਵਿਖਾਈ ਦੇ ਰਹੀ ਸੀ। ਜਦੋਂ ਕਿ 2014 ਵਿਚ ਕਾਂਗਰਸ ਨੇ ਆਜ਼ਾਦ ਭਾਰਤ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਸਭ ਤੋਂ ਮਾੜਾ ਪ੍ਰਦਰਸ਼ਨ ਕੀਤਾ ਸੀ। ਆਖਿਰਕਾਰ 2014 ਵਿੱਚ ਹਾਰ ਲਈ ਜ਼ਿੰਮੇਵਾਰ ਕੌਣ ਸੀ? 6 ਸਾਲਾਂ ਤੋਂ ਇਸਦੀ ਸਮੀਖਿਆ ਨਹੀਂ ਕੀਤੀ ਗਈ। 23 ਅਸੰਤੁਸ਼ਟ ਆਗੂ ਛੇ ਸਾਲ ਚੁੱਪ ਕਿਉਂ ਰਹੇ? ਛੇ ਸਾਲਾਂ ਤੋਂ ਉਨ੍ਹਾਂ ਦੀ ਚੁੱਪ ਦੇ ਕੀ ਕਾਰਨ ਸਨ? ਉਹ ਅਸੰਤੁਸ਼ਟ ਸੱਤਾ ਦਾ ਸਵਾਦ ਲੈਣਾ ਚਾਹੁੰਦੇ ਸਨ। ਇਨ੍ਹਾਂ ਨੂੰ ਉਮੀਦ ਸੀ ਕਿ ਨਰਿੰਦਰ ਮੋਦੀ ਸਰਕਾਰ 2019 ਵਿੱਚ ਵਿਦਾ ਹੋ ਜਾਵੇਗੀ। ਜੀਐਸਟੀ,ਨੋਟਬੰਦੀ ਵਰਗੇ ਮੁੱਦਿਆਂ ਕਾਰਨ ਲੋਕ ਮੋਦੀ ਸਰਕਾਰ ਨੂੰ ਵਿਦਾ ਕਰ ਦੇਣਗੇ। ਕਾਂਗਰਸ ਫਿਰ ਦਿੱਲੀ ਦੀ ਸੱਤਾ ਵਿਚ ਆਵੇਗੀ ਅਤੇ ਸੱਤਾ ਦੇ ਨਜ਼ਾਰੇ ਫਿਰ ਮਾਣੇ ਜਾਣਗੇ। ਅਸੰਤੁਸ਼ਟ ਹੋ ਕੇ ਪੱਤਰ ਲਿਖਣ ਵਾਲੇ ਬਹੁਤ ਸਾਰੇ ਆਗੂ ਯੂਪੀਏ ਸਰਕਾਰ ਵਿੱਚ ਮਹੱਤਵਪੂਰਨ ਮਹਿਕਮਿਆਂ ਦੇ ਮੰਤਰੀ ਰਹੇ ਹਨ। ਉਹ ਦਲ ਵਿਚ ਵੱਡੇ ਆਗੂ ਹਨ। ਜੇ ਪਾਰਟੀ ਸਾਲ 2019 ਵਿਚ ਸੱਤਾ ਵਿਚ ਆਉਂਦੀ ਸੀ, ਤਾਂ ਉਹ ਸੀਨੀਅਰਤਾ ਦੇ ਅਧਾਰ ਤੇ ਦੁਬਾਰਾ ਮਹੱਤਵਪੂਰਨ ਮਹਿਕਮਿਆਂ ਵਿਚ ਹੁੰਦੇ। 2014 ਦੀ ਹਾਰ ਤੋਂ ਬਾਅਦ ਪਾਰਟੀ ਦੀ ਹਾਲਤ ਵਿਗੜ ਗਈ। ਇਹ ਆਗੂ ਇਸ ਸੱਚਾਈ ਤੋਂ ਜਾਣੂ ਸਨ ਪਰ ਇਨ੍ਹਾਂ ਆਗੂਆਂ ਨੇ ਕਦੇ ਵੀ ਹਾਰ ਹੋਣ ਦੇ ਕਾਰਨਾਂ ਲਈ ਸੰਵਾਦ ਦੀ ਗੱਲ ਨਹੀਂ ਕੀਤੀ। ਇਨ੍ਹਾਂ ਨੇ ਕਾਂਗਰਸ ਦਾ ਸੈਸ਼ਨ ਬੁਲਾਉਣ ਦੀ ਮੰਗ ਨਹੀਂ ਕੀਤੀ ਕਿਉਂਕਿ ਉਹ ਜਾਣਦੇ ਸਨ ਕਿ 2019 ਤੋਂ ਪਹਿਲਾਂ ਜੇ ਉਹ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਅੰਦਰ ਲੋਕਤੰਤਰ ਨੂੰ ਬਹਾਲ ਕਰਨ ਦੀ ਗੱਲ ਕਰਦੇ ਤਾਂ ਸ਼ਾਇਦ ਉਹ ਪਾਰਟੀ ਤੋਂ ਬਾਹਰ ਹੋ ਗਏ ਹੁੰਦੇ। ਜਿਨ੍ਹਾਂ ਆਗੂਆਂ ਨੇ ਪਾਰਟੀ ਦੇ ਕੰਮਕਾਜ 'ਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ ਉਹ ਲੰਬੇ ਸਮੇਂ ਤੋਂ ਕਾਂਗਰਸ ਵਿਚ ਅੰਦਰੂਨੀ ਲੋਕਤੰਤਰ ਨੂੰ ਦਬਾਉਣ ਦੇ ਗਵਾਹ ਵੀ ਰਹੇ ਹਨ ਅਤੇ ਸਮਰਥਕ ਵੀ ਰਹੇ ਹਨ। ਜ਼ਿਆਦਾਤਰ ਨਿਰਾਸ਼ ਆਗੂ ਪਾਰਟੀ ਹਾਈ ਕਮਾਂਡ ਦੇ ‘ਯੈਸ ਮੈਨ’ ਰਹੇ ਹਨ। ਚਿੱਠੀ ਲਿਖਣ ਵਾਲੇ ਬਹੁਤੇ ਅਸਹਿਮਤ ਕਾਂਗਰਸੀ ਆਗੂ ਪਾਰਟੀ ਵਿਚ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੇ ਮੁਦੱਈ ਰਹੇ ਹਨ।
ਯੂਪੀਏ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕਈ ਲੋਕ ਵਿਰੋਧੀ ਕਾਰਵਾਈਆਂ ਕੀਤੀਆਂ ਗਈਆਂ ਸਨ। 23 ਅਸੰਤੁਸ਼ਟ ਆਗੂਆਂ ਵਿੱਚੋਂ ਬਹੁਤ ਸਾਰੇ ਯੂਪੀਏ ਸਰਕਾਰ ਵਿੱਚ ਮੰਤਰੀ ਸਨ ਪਰ ਜਦੋਂ ਉਹ ਮੰਤਰੀ ਸਨ, ਉਨ੍ਹਾਂ ਨੂੰ ਨਾ ਤਾਂ ਪਾਰਟੀ ਦੇ ਸੰਗਠਨ ਅਤੇ ਨਾ ਹੀ ਪਾਰਟੀ ਦੇ ਅੰਦਰੂਨੀ ਲੋਕਤੰਤਰ ਬਾਰੇ ਚਿੰਤਾ ਸੀ। ਉਨ੍ਹਾਂ ਨੂੰ ਕਾਂਗਰਸ ਦਲ ਦੇ ਹੇਠਲੇ ਕਾਰਕੁਨਾਂ ਦੀ ਵੀ ਚਿੰਤਾ ਨਹੀਂ ਸੀ। ਜੇ ਉਹ ਪਾਰਟੀ ਵਿਚ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹੁੰਦੇ ਸਨ ਤਾਂ ਮੰਤਰੀ ਹੁੰਦਿਆਂ ਸਵਾਲ ਉਠਾਉਂਦੇ ਕਿਉਂਕਿ ਨਿਰਾਸ਼ ਆਗੂਆਂ ਨੂੰ ਖ਼ੁਦ ਹੀ ਸੰਗਠਨ ਦੀ ਤਾਕਤ ਅਤੇ ਅੰਦਰੂਨੀ ਲੋਕਤੰਤਰ ਵਿਚ ਵਿਸ਼ਵਾਸ਼ ਨਹੀਂ ਸੀ ਤਾਂ ਇਸ ਲਈ ਉਹ ਸੱਤਾ ਦਾ ਸੁੱਖ ਕਿਵੇਂ ਤਿਆਗ ਸਕਦੇ ਸਨ। ਜੇ ਮੌਜੂਦਾ ਅਸੰਤੁਸ਼ਟ ਪਾਰਟੀ ਵਿਚ ਲੋਕਤੰਤਰ, ਕਾਂਗਰਸ ਸੰਗਠਨ ਅਤੇ ਦੇਸ਼ ਦੇ ਲੋਕਾਂ ਦੀ ਬਹੁਤ ਚਿੰਤਾ ਸੀ ਤਾਂ ਉਹ ਆਪਣੇ ਆਪ ਨੂੰ ਵਿਸ਼ਵਨਾਥ ਪ੍ਰਤਾਪ ਸਿੰਘ ਵਾਂਗ ਪੇਸ਼ ਕਰਦੇ। ਵਿਸ਼ਵਨਾਥ ਪ੍ਰਤਾਪ ਸਿੰਘ ਨੇ ਰਾਜੀਵ ਗਾਂਧੀ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕੇ ਸੀ। ਸਰਕਾਰ ਵਿੱਚ ਭ੍ਰਿਸ਼ਟਾਚਾਰ ਉੱਤੇ ਸਵਾਲ ਚੁੱਕੇ। ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਸਾਹਮਣੇ ਆਏ ਸਨ ਪਰ ਵਰਤਮਾਨ ਅੰਸਤੁਸ਼ਟ ਆਗੂਆਂ ਵਿਚੋਂ ਕਈ ਯੂਪੀਏ ਵਿੱਚ ਮੰਤਰੀ ਸਨ, ਇੱਕ ਵਾਰ ਵੀ ਭ੍ਰਿਸ਼ਟਾਚਾਰ ਬਾਰੇ ਗੱਲ ਨਹੀਂ ਕੀਤੀ।
-ll.jpg)
1984 ਵਿੱਚ ਭਾਰੀ ਬਹੁਮਤ ਨਾਲ ਆਏ ਰਾਜੀਵ ਗਾਂਧੀ ਨੂੰ ਮੁੱਦਿਆਂ ਦੇ ਆਧਾਰ ‘ਤੇ ਉਨ੍ਹਾਂ ਦੀ ਸਰਕਾਰ ਦੇ ਖ਼ਜ਼ਾਨਾ ਅਤੇ ਰੱਖਿਆ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ ਨੇ ਘੇਰ ਲਿਆ ਸੀ। ਵੀਪੀ ਸਿੰਘ ਰਾਜੀਵ ਗਾਂਧੀ ਅੱਗੇ ਝੁਕਿਆ ਨਹੀਂ। ਸੁਰੱਖਿਆ ਸੌਦਿਆਂ ਵਿਚ ਦਲਾਲੀ ਅਤੇ ਕੁਝ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰੱਖਿਆ ਦੋਵਾਂ ਵਿਚਾਲੇ ਵਿਵਾਦ ਦਾ ਕਾਰਨ ਬਣ ਗਿਆ। ਵੀਪੀ ਸਿੰਘ ਪਾਰਟੀ ਤੋਂ ਬਾਹਰ ਹੋ ਗਏ। ਉਸਨੇ 1989 ਵਿੱਚ ਰਾਜੀਵ ਗਾਂਧੀ ਨੂੰ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਸੀ ਪਰ ਇਹ 23 ਅਸੰਤੁਸ਼ਟ ਆਗੂ ਚਿੱਠੀ ਉਦੋਂ ਲਿਖ ਰਹੇ ਹਨ ਜਦੋਂ ਕਾਂਗਰਸ ਦੀ ਸਥਿਤੀ ਬਹੁਤ ਖਰਾਬ ਹੈ। ਕਾਂਗਰਸ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਵੀਪੀ ਸਿੰਘ ਨੇ ਰਾਜੀਵ ਗਾਂਧੀ ਵਿਰੁੱਧ ਬਗ਼ਾਵਤ ਉਸ ਸਮੇਂ ਕੀਤੀ ਜਦੋਂ ਕਾਂਗਰਸ ਆਜ਼ਾਦੀ ਤੋਂ ਬਾਅਦ ਸਭ ਤੋਂ ਮਜ਼ਬੂਤ ਸਥਿਤੀ ਵਿੱਚ ਸੀ।
ਅਸਹਿਮਤ ਲੋਕਾਂ ਨੂੰ ਕਾਂਗਰਸ ਦੇ ਇਤਿਹਾਸ ਦੀਆਂ ਕੁਝ ਘਟਨਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ। ਕਾਂਗਰਸ ਵਿਚ ਅੰਦਰੂਨੀ ਲੋਕਤੰਤਰ ਦਾ ਭੋਗ ਬਹੁਤ ਲੰਬੇ ਸਮੇਂ ਪਹਿਲਾਂ ਪੈ ਚੁੱਕਾ ਹੈ। 1980 ਤੋਂ ਬਾਅਦ ਕਾਂਗਰਸ ਹਾਈ ਕਮਾਂਡ ਸਭਿਆਚਾਰ ਅਤੇ ਬਾਦਸ਼ਾਹੀ ਆਦੇਸ਼ਾਂ ਅਨੁਸਾਰ ਚਲਦੀ ਰਹੀ। ਜੋ ਸੱਤਾ ਵਿੱਚ ਸਰਵਉੱਚ ਹੁੰਦਾ ਹੈ, ਉਸਦਾ ਸੇਵਕ ਬਣਕੇ ਹੀ ਕੋਈ ਆਗੂ ਕਾਂਗਰਸ ਵਿੱਚ ਨਜ਼ਾਰੇ ਲੈ ਸਕਦਾ ਹੈ। ਨਰਸਿਮਹਾ ਰਾਓ ਨੂੰ ਯਾਦ ਕਰੋ। ਤਿਰੂਪਤੀ ਵਿੱਚ ਕਾਂਗਰਸ ਦਾ ਸੈਸ਼ਨ ਹੋਇਆ ਸੀ। ਇਥੇ ਕਾਂਗਰਸ ਵਰਕਿੰਗ ਕਮੇਟੀ ਲਈ ਚੋਣਾਂ ਹੋਈਆਂ। ਅਰਜੁਨ ਸਿੰਘ ਅਤੇ ਸ਼ਰਦ ਪਵਾਰ ਵਰਗੇ ਆਗੂ ਵੱਡੀ ਗਿਣਤੀ ‘ਚ ਵੋਟਾਂ ਨਾਲ ਵਰਕਿੰਗ ਕਮੇਟੀ ‘ਚ ਜਿੱਤ ਗਏ। ਨਰਸਿਮਹਾ ਇਨ੍ਹਾਂ ਆਗੂਆਂ ਦੀ ਪਾਰਟੀ ਦੇ ਅੰਦਰੂਨੀ ਲੋਕਤੰਤਰ ਵਿੱਚ ਏਨੀ ਵੱਡੀ ਜਿੱਤ ਤੋਂ ਪ੍ਰੇਸ਼ਾਨ ਹੋ ਗਏ। ਉਸਨੇ ਪੱਜ ਲਾਇਆ ਕਿ ਵਰਕਿੰਗ ਕਮੇਟੀ ਵਿੱਚ ਜਨਾਨੀਆਂ ਅਤੇ ਦਲਿਤਾਂ ਨੂੰ ਸਹੀ ਨੁਮਾਇੰਦਗੀ ਨਹੀਂ ਮਿਲੀ ਹੈ, ਇਸ ਲਈ ਸਾਰੇ ਚੁਣੇ ਮੈਂਬਰਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਸਾਰੇ ਚੁਣੇ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ। ਬਾਅਦ ਵਿੱਚ ਸਾਰੇ ਮੈਂਬਰਾਂ ਨੂੰ ਨਰਿਸਮ੍ਹਾ ਰਾਓ ਨੇ ਨਾਮਜ਼ਦ ਕੀਤਾ।
ਸ਼ਰਦ ਪਵਾਰ ਮਰਾਠਾ ਆਗੂ ਸੀ।ਮਰਾਠਾ ਆਗੂਆਂ ਨੇ ਹਮੇਸ਼ਾ ਸੁਤੰਤਰ ਭਾਰਤ ਵਿੱਚ ਦਿੱਲੀ ਵਿੱਚ ਪੇਸ਼ਵਾ ਰਾਜ ਸਥਾਪਤ ਕਰਨਾ ਚਾਹਿਆ ਪਰ ਸ਼ਰਦ ਪਵਾਰ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਮੌਕਾ ਗੁਆ ਬੈਠੇ। ਦੂਜੇ ਪਾਸੇ ਅਰਜੁਨ ਸਿੰਘ ਪਾਰਟੀ ਵਿੱਚ ਗਾਂਧੀ ਪਰਿਵਾਰ ਦਾ ਵਫ਼ਾਦਾਰ ਸੀ। ਨਰਸਿੰਮ੍ਹਾ ਰਾਓ ਵਰਕਿੰਗ ਕਮੇਟੀ ਵਿਚ ਇਨ੍ਹਾਂ ਦੀ ਜਿੱਤ ਬਰਦਾਸ਼ਤ ਨਹੀਂ ਕਰ ਸਕੇ। ਦਰਅਸਲ, ਕਾਂਗਰਸ ਵਿੱਚ ਲੋਕਤੰਤਰ ਅਤੇ ਸੰਗਠਨ ਦੀ ਮਜ਼ਬੂਤੀ ਦੇ ਨਾਮ ‘ਤੇ ਹਾਈ ਕਮਾਂਡ ਸਭਿਆਚਾਰ ਨੂੰ ਪੂਰੀ ਤਰ੍ਹਾਂ ਸਥਾਪਤ ਕੀਤਾ ਗਿਆ। ਜਦੋਂ ਸੋਨੀਆ ਗਾਂਧੀ ਨੇ ਪਾਰਟੀ ਦੀ ਵਾਗਡੋਰ ਸੰਭਾਲ ਲਈ ਤਾਂ ਨਰਸਿਮ੍ਹਾ ਰਾਓ ਦੇ ਕਾਰਜਕਾਲ ਦੌਰਾਨ ਨਰਸਿੰਮ੍ਹਾ ਰਾਓ ਨੂੰ ਸਿਰ ਝਿਕਾਉਣ ਵਾਲੇ ਕਾਂਗਰਸੀ ਸੋਨੀਆ ਗਾਂਧੀ ਦੇ ਅੱਗੇ ਸਿਰ ਝਕਾਉਣ ਲੱਗੇ। ਜਦੋਂ ਸ਼ਰਦ ਪਵਾਰ ਵਰਗੇ ਲੋਕਾਂ ਨੇ ਸੋਨੀਆ ਗਾਂਧੀ ਦੀ ਅਗਵਾਈ 'ਤੇ ਉਂਗਲ ਉਠਾਈ ਤਾਂ ਉਹ ਪਾਰਟੀ ਤੋਂ ਬਾਹਰ ਹੋ ਗਏ।
ਕਾਂਗਰਸ ਪਾਰਟੀ ਗਾਂਧੀ ਪਰਿਵਾਰ ਦੇ ਬੋਝੇ ਵਾਲੀ ਪਾਰਟੀ ਹੈ, ਇਹ ਇਕ ਸਚਾਈ ਹੈ। ਬੇਸ਼ੱਕ ਕਾਂਗਰਸ ਦੇ ਲੋਕ ਕਾਂਗਰਸ ਦੀ ਅਮੀਰ ਵਿਰਾਸਤ ਬਾਰੇ ਗੱਲਾਂ ਕਰਦੇ ਹਨ ਪਰ ਇਹ ਸਿਰਫ ਭਾਸ਼ਣਾਂ ਤੱਕ ਸੀਮਤ ਹਨ। ਕਾਂਗਰਸੀ ਆਗੂ ਜਾਣਦੇ ਹਨ ਕਿ ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨਹਿਰੂ, ਵੱਲਭਭਾਈ ਪਟੇਲ, ਮੌਲਾਨਾ ਆਜ਼ਾਦ, ਸੁਭਾਸ਼ ਚੰਦਰ ਬੋਸ ਦੇ ਸਮੇਂ ਦੀ ਕਾਂਗਰਸ ਪਾਰਟੀ ਅਤੇ ਮੌਜੂਦਾ ਕਾਂਗਰਸ ਪਾਰਟੀ ਵਿਚਕਾਰ ਜ਼ਮੀਨ-ਅਸਮਾਨ ਦਾ ਅੰਤਰ ਹੈ। 1980 ਤੋਂ ਬਾਅਦ ਜਿਨ੍ਹਾਂ ਆਗੂਆਂ ਤੋਂ ਗਾਂਧੀ-ਨਹਿਰੂ ਪਰਿਵਾਰ ਨੂੰ ਖ਼ਤਰਾ ਲੱਗਾ ਉਨ੍ਹਾਂ ਨੂੰ ਪਾਰਟੀ ਵਿੱਚ ਹਾਸ਼ੀਏ 'ਤੇ ਧੱਕ ਦਿੱਤਾ। ਕੁਝ ਸਾਲਾਂ ਲਈ, ਨਰਸਿਮ੍ਹਾ ਰਾਓ ਨੇ ਗਾਂਧੀ ਪਰਿਵਾਰ ਨੂੰ ਉਨ੍ਹਾਂ ਦੇ ਅੰਦਾਜ਼ ‘ਚ ਹੀ ਪਾਰਟੀ ਵਿਚ ਹਾਸ਼ੀਏ 'ਤੇ ਰੱਖਿਆ। ਸੋਨੀਆ ਗਾਂਧੀ ਹਮੇਸ਼ਾ ਪ੍ਰਣਬ ਮੁਖਰਜੀ ਦੇ ਰਾਜਨੀਤਕ ਕੱਦ ਤੋਂ ਡਰਦੀ ਸੀ। ਪ੍ਰਣਬ ਮੁਖਰਜੀ 'ਤੇ ਲਗਾਮ ਕੱਸਣ ਲਈ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਮਨਮੋਹਨ ਸਿੰਘ ਕੋਈ ਆਗੂ ਨਹੀਂ ਸਨ, ਉਹ ਰਿਮੋਟ ‘ਤੇ ਚੱਲਣ ਵਾਂਗ ਤੁਰਨ ਲਈ ਤਿਆਰ ਹੋ ਗਏ। ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਕਾਂਗਰਸ ਪਾਰਟੀ ਨੇ ਬੜੇ ਨਜ਼ਾਰੇ ਨਾਲ 10 ਸਾਲ ਰਾਜ ਕੀਤਾ। ਸੋਨੀਆ ਗਾਂਧੀ ਜੋ ਸੱਤਾ ਅਤੇ ਸੰਗਠਨ ਵਿਚ ਚਾਹੁੰਦੀ ਸੀ,ਉਹੀ ਕੁਝ ਹੋਇਆ। ਫ਼ਿਲਹਾਲ ਉਪਰ ਤੋਂ ਹੇਠਾਂ ਤੱਕ ਪਾਰਟੀ ਵਿਚ ਤਬਦੀਲੀ ਦੀ ਮੰਗ ਕਰਨ ਵਾਲੇ 23 ਆਗੂਆਂ ਵਿਚੋਂ ਕਈ ਯੂਪੀਏ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਹਨ। ਉਹ ਉਸ ਸਮੇਂ ਮਾਣ ਨਾਲ ਕਹਿੰਦੇ ਸਨ, 'ਇਹ ਸੋਨੀਆ ਜੀ ਦਾ ਹੁਕਮ ਹੈ'।ਯੂਪੀਏ ਸਰਕਾਰ ਵਿੱਚ ਮੰਤਰੀਆਂ ਨੂੰ ਕਾਬੂ ਕਰਨ ਲਈ ਇਕ ਮੰਤਰੀ ਤੋਂ ਦੂਜੇ ਮੰਤਰੀ ਤੱਕ ਨਿਗਰਾਨੀ ਵੀ ਕਰਦਾ ਸੀ। ਪ੍ਰਣਬ ਮੁਖਰਜੀ ਦੀ ਨਿਗਰਾਨੀ ਪੀ. ਚਿਦੰਬਰਮ ਨੇ ਕੀਤੀ। ਦਿਲਚਸਪ ਗੱਲ ਇਹ ਸੀ ਕਿ ਨਾ ਤਾਂ ਪੀ. ਚਿੰਦਾਬਰਮ ਦਾ ਕੋਈ ਜਨਤਕ ਅਧਾਰ ਹੈ ਅਤੇ ਨਾ ਹੀ ਪ੍ਰਣਬ ਮੁਖਰਜੀ ਦਾ ਕੋਈ ਜਨਤਕ ਅਧਾਰ ਰਿਹਾ। ਦੋਵਾਂ ਆਗੂਆਂ ਨੇ ਆਪਣੇ ਘਰੇਲੂ ਰਾਜਾਂ ਵਿਚ ਕਾਂਗਰਸ ਦਾ ਬੇੜਾ ਗਰਕ ਕਰ ਦਿੱਤਾ। ਇਹ ਦੋਵੇਂ ਆਗੂ ਹਾਈ ਕਮਾਂਡ ਸਭਿਆਚਾਰ ਦੇ ਨਾਲ ਸਨ। ਪੀ. ਚਿਦੰਬਰਮ ਦੇ ਗ੍ਰਹਿ ਰਾਜ ਤਾਮਿਲਨਾਡੂ ਵਿੱਚ ਕਾਂਗਰਸ ਲੰਬੇ ਸਮੇਂ ਤੋਂ ਹਾਸ਼ੀਏ ‘ਤੇ ਹੈ। ਫਿਰ ਵੀ ਚਿਦੰਬਰਮ ਸੋਨੀਆ ਗਾਂਧੀ ਦੀ ਵਿਸ਼ੇਸ਼ ਚੋਣ ਰਹੇ। ਚਿਦੰਬਰਮ ਯੂਪੀਏ ਸਰਕਾਰ ਵਿੱਚ ਮਹੱਤਵਪੂਰਨ ਮਹਿਕਮਿਆਂ ਨੂੰ ਵੇਖਦੇ ਰਹੇ। ਪ੍ਰਣਬ ਮੁਖਰਜੀ ਪੱਛਮੀ ਬੰਗਾਲ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੁਝ ਨਹੀਂ ਕਰ ਸਕੇ। ਜੰਗੀਪੁਰ ਲੋਕ ਸਭਾ ਵਿੱਚ ਮਮਤਾ ਬੈਨਰਜੀ ਉਨ੍ਹਾਂ ਦੀ ਮਦਦ ਕਰਦੀ ਰਹੀ।
ਪੱਛਮੀ ਬੰਗਾਲ ਵਿਚ ਜਨਤਕ ਅਧਾਰ ਰੱਖਣ ਵਾਲੀ ਮਮਤਾ ਬੈਨਰਜੀ ਨੇ ਕਾਂਗਰਸ ਪਾਰਟੀ ਛੱਡ ਦਿੱਤੀ।ਉਹ ਬੰਗਾਲ ਵਿਚ ਕਾਂਗਰਸ ਨੂੰ ਹਾਸ਼ੀਏ 'ਤੇ ਧੱਕ ਖੁਦ ਮੁੱਖ ਮੰਤਰੀ ਵੀ ਬਣ ਗਈ। ਅੱਜ ਆਂਧਰਾ ਪ੍ਰਦੇਸ਼ ਵਿਚ ਕਾਂਗਰਸ ਹਾਸ਼ੀਏ 'ਤੇ ਹੈ ਕਿਉਂਕਿ ਜਗਨ ਮੋਹਨ ਰੈਡੀ ਕਾਂਗਰਸ ਤੋਂ ਬਾਹਰ ਹੋ ਗਏ ਹਨ। ਅੱਜ ਜਗਨ ਮੋਹਨ ਰੈਡੀ ਨੇ ਆਂਧਰਾ ਪ੍ਰਦੇਸ਼ ਵਿਚ ਕਾਂਗਰਸ ਨੂੰ ਹਾਸ਼ੀਏ 'ਤੇ ਪਹੁੰਚਾ ਦਿੱਤਾ ਹੈ। ਉਹ ਖ਼ੁਦ ਮੁੱਖ ਮੰਤਰੀ ਦੇ ਅਹੁਦੇ 'ਤੇ ਬੈਠੇ ਹਨ। ਅਸਹਿਮਤ 23 ਆਗੂਆਂ ਨੇ ਕਦੇ ਵੀ ਮਮਤਾ ਬੈਨਰਜੀ, ਸ਼ਰਦ ਪਵਾਰ ਅਤੇ ਜਗਨ ਮੋਹਨ ਰੈਡੀ ਦੀ ਕਾਂਗਰਸ ਪਾਰਟੀ ਵਿਚ ਵਾਪਸੀ ਦੀ ਮੰਗ ਨਹੀਂ ਕੀਤੀ? ਆਖ਼ਿਰ ਕਿਉਂ? ਜੇ ਇਹ ਤਿੰਨੋਂ ਆਗੂ ਕਾਂਗਰਸ ਵਿੱਚ ਵਾਪਸੀ ਕਰਦੇ ਹਨ ਤਾਂ ਤਿੰਨੋਂ ਵੱਡੇ ਰਾਜਾਂ ਵਿੱਚ ਕਾਂਗਰਸ ਦਾ ਸੰਗਠਨ ਮੁੜ ਮਜ਼ਬੂਤ ਹੋਵੇਗਾ। ਕਾਂਗਰਸ ਤਿੰਨੋਂ ਰਾਜਾਂ ਵਿਚ ਸੱਤਾ ਸੰਭਾਲ ਸਕਦੀ ਹੈ ਪਰ ਕੋਈ ਵੀ ਆਗੂ ਸੋਨੀਆ ਗਾਂਧੀ ਨੂੰ ਇਨ੍ਹਾਂ ਦੀ ਵਾਪਸੀ ਦੀ ਗੱਲ ਕਰਕੇ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਇਨ੍ਹਾਂ ਵਿਚ ਮੌਜੂਦਾ ਨਿਰਾਸ਼ ਆਗੂ ਵੀ ਸ਼ਾਮਲ ਹਨ।
ਪ੍ਰਣਬ ਮੁਖਰਜੀ ਦੀ ਭੈਣ ਨੇ ਕੀਤੀ ਸੀ ਇਹ ਭੱਵਿਖਬਾਣੀ, ਜੋ ਹੋਈ ਸੱਚ ਸਾਬਤ
NEXT STORY