Fact Check By AajTak
ਨਵੀਂ ਦਿੱਲੀ- ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ ਦੇ ਅੰਮ੍ਰਿਤ ਇਸ਼ਨਾਨ ਦੇ ਪਹਿਲੇ ਦਿਨ, ਯਾਨੀ 14 ਜਨਵਰੀ ਨੂੰ, 3.5 ਕਰੋੜ ਤੋਂ ਵੱਧ ਲੋਕਾਂ ਨੇ ਇਸ਼ਨਾਨ ਕੀਤਾ ਅਤੇ ਪਹਿਲੇ ਦੋ ਦਿਨਾਂ 'ਚ ਹੀ ਇਸ਼ਨਾਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 5 ਕਰੋੜ ਤੱਕ ਪਹੁੰਚ ਗਈ ਹੈ। ਇਸ ਵਿਚ ਕੁਝ ਸੋਸ਼ਲ ਮੀਡੀਆ ਯੂਜ਼ਰ ਇਕ ਤਸਵੀਰ ਸਾਂਝੀ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਮਹਾਕੁੰਭ 'ਚ ਆਏ ਇਨ੍ਹਾਂ ਕਰੋੜਾਂ ਲੋਕਾਂ 'ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਨਾਮ ਵੀ ਸ਼ਾਮਲ ਹੈ। ਫੋਟੋ 'ਚ ਅਖਿਲੇਸ਼ ਪਾਣੀ 'ਚ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਤਸਵੀਰ ਖਿੱਚਣ ਦੇ ਠੀਕ ਪਹਿਲੇ ਉਨ੍ਹਾਂ ਨੇ ਡੁਬਕੀ ਲਗਾਈ ਸੀ।
ਤਸਵੀਰ ਨੂੰ ਫੇਸਬੁੱਕ 'ਤੇ ਸ਼ੇਅਰ ਕਰਦੇ ਹੋਏ ਇਸ ਸ਼ਖ਼ਸ ਨੇ ਲਿਖਿਆ,"ਸਪਾ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਅਖਿਲੇਸ਼ ਯਾਦਵ ਜੀ ਵਲੋਂ ਸਨਾਤਨੀਆਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਕੁੰਭ 'ਚ ਇਸ਼ਨਾਨ ਕੀਤਾ। ਹੁਣ ਸਨਾਤਨ ਹਿੰਦੂਆਂ ਦੀਆਂ ਸਾਰੀਆਂ ਵੋਟਾਂ ਸਪਾ ਨੂੰ ਜਾਣਗੀਆਂ। ਬਾਬਾ ਜੀ ਨੇ ਅਜੇ ਤੱਕ ਨਹੀਂ ਨਹਾਤੇ ਹਨ।"
ਆਜਤੱਕ ਫੈਕਟ ਚੈੱਕ ਨੇ ਪਾਇਆ ਕਿ ਇਹ ਤਸਵੀਰ ਮਹਾਕੁੰਭ ਦੀ ਨਹੀਂ, ਸਗੋਂ ਹਰਿਦੁਆਰ ਦੀ ਹੈ ਜਿੱਥੇ ਅਖਿਲੇਸ਼ ਨੇ 14 ਜਨਵਰੀ 2025 ਨੂੰ ਗੰਗਾ ਇਸ਼ਨਾਨ ਕੀਤਾ ਸੀ।
ਕਿਵੇਂ ਪਤਾ ਲਗਾਈ ਸੱਚਾਈ?
ਜੇਕਰ ਅਖਿਲੇਸ਼ ਯਾਦਵ ਵਰਗੇ ਕੱਦਾਵਰ ਨੇਤਾ ਮਹਾਕੁੰਭ 'ਚ ਆਏ ਹੁੰਦੇ ਤਾਂ ਇਸ ਬਾਰੇ ਖ਼ਬਰਾਂ ਜ਼ਰੂਰ ਛਪਦੀਆਂ ਪਰ ਸਾਨੂੰ ਖੋਜ ਕਰਨ ਤੋਂ ਬਾਅਦ ਕੋਈ ਖ਼ਬਰ ਨਹੀਂ ਮਿਲੀ।
ਰਿਵਰਸ ਸਰਚ ਦੀ ਮਦਦ ਨਾਲ ਸਾਨੂੰ ਵਾਇਰਲ ਤਸਵੀਰ ਅਖਿਲੇਸ਼ ਯਾਦਵ ਦੇ ਇਕ ਟਵੀਟ 'ਚ ਮਿਲੀ। 14 ਜਨਵਰੀ 2025 ਨੂੰ ਕੀਤੇ ਗਏ ਟਵੀਟ 'ਚ ਇਸ ਫੋਟੋ ਦੇ ਨਾਲ ਦੋ ਹੋਰ ਫੋਟੋਆਂ ਸਾਂਝੀਆਂ ਕਰਦੇ ਹੋਏ, ਅਖਿਲੇਸ਼ ਨੇ ਲਿਖਿਆ ਸੀ,"ਮਕਰ ਸੰਕ੍ਰਾਂਤੀ ਦੇ ਪਵਿੱਤਰ ਤਿਉਹਾਰ 'ਤੇ ਲਿਆ ਮਾਂ ਗੰਗਾ ਦਾ ਆਸ਼ੀਰਵਾਦ।"
ਇਸ ਤੋਂ ਬਾਅਦ ਸਾਨੂੰ ਇਸ ਬਾਰੇ ਪ੍ਰਕਾਸ਼ਿਤ ਨਿਊਜ਼ ਰਿਪੋਰਟਸ ਵੀ ਮਿਲ ਗਈਆਂ। ਇਨ੍ਹਾਂ 'ਚ ਦੱਸਿਆ ਗਿਆ ਹੈ ਕਿ ਅਖਿਲੇਸ਼ ਯਾਦਵ ਨੇ ਮਕਰ ਸੰਕ੍ਰਾਂਤੀ 'ਤੇ ਹਰਿਦੁਆਰ 'ਚ ਗੰਗਾ ਇਸ਼ਨਾਨ ਕੀਤਾ ਸੀ। ਇਹ ਅਖਿਲੇਸ਼ ਦਾ ਨਿੱਜੀ ਦੌਰਾ ਸੀ, ਜਿਸ ਬਾਰੇ ਹਰਿਦੁਆਰ 'ਚ ਪਾਰਟੀ ਦੇ ਸਥਾਨਕ ਪਾਰਟੀ ਵਰਕਰਾਂ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਦੌਰੇ ਤੋਂ ਬਾਅਦ ਉਨ੍ਹਾਂ ਨੇ ਆਪਣੀ ਫੋਟੋ ਸਾਂਝੀ ਕੀਤੀ ਜਿਸ 'ਚ ਅਖਿਲੇਸ਼ ਹਰਿਦੁਆਰ ਦੇ ਵੀਆਈਪੀ ਘਾਟ 'ਤੇ ਗੰਗਾ 'ਚ ਡੁਬਕੀ ਲਗਾਉਂਦੇ ਹੋਏ ਨਜ਼ਰ ਆਏ।
ਨਵਭਾਰਤ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਅਖਿਲੇਸ਼ 14 ਜਨਵਰੀ ਨੂੰ ਉੱਤਰਾਖੰਡ ਦੇ ਜੌਲੀਗ੍ਰਾਂਟ ਹਵਾਈ ਅੱਡੇ 'ਤੇ ਪਹੁੰਚੇ ਸਨ ਅਤੇ ਉੱਥੋਂ ਉਹ ਹਰਿਦੁਆਰ ਲਈ ਰਵਾਨਾ ਹੋ ਗਏ। ਉੱਥੇ ਉਨ੍ਹਾਂ ਨੇ ਗੰਗਾ 'ਚ ਡੁਬਕੀ ਲਗਾਈ। ਨਾਲ ਹੀ, ਪਰਿਵਾਰ ਨਾਲ ਨਮਾਮੀ ਗੰਗੇ ਘਾਟ 'ਤੇ ਪੂਜਾ ਕਰ ਕੇ ਚਾਚਾ ਰਾਜਪਾਲ ਸਿੰਘ ਯਾਦਵ ਦੀਆਂ ਅਸਥੀਆਂ ਨੂੰ ਗੰਗਾ 'ਚ ਪ੍ਰਵਾਹਿਤ ਕੀਤਾ ਸੀ। ਰਾਜਪਾਲ ਦਾ ਲੰਬੀ ਬਿਮਾਰੀ ਤੋਂ ਬਾਅਦ 9 ਜਨਵਰੀ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਿਹਾਂਤ ਹੋ ਗਿਆ ਸੀ।
ਅਗਲੇ ਹੀ ਦਿਨ, ਯਾਨੀ 15 ਜਨਵਰੀ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਅਖਿਲੇਸ਼ ਯਾਦਵ ਨੇ ਮਹਾਕੁੰਭ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇੰਨੇ ਸਾਰੇ ਸਰੋਤ ਹੋਣ ਦੇ ਬਾਵਜੂਦ, ਮਹਾਕੁੰਭ 'ਚ ਆਉਣ ਵਾਲੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਰਕਾਰ ਨੂੰ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ।
ਉਨ੍ਹਾਂ ਕਿਹਾ,''ਹਰਿਦੁਆਰ ਤੋਂ ਲੈ ਕੇ ਕੋਲਕਾਤਾ ਤੱਕ ਗੰਗਾ ਵਗਦੀ ਹੈ, ਜੋ ਗੰਗਾ 'ਚ ਜਿੱਥੇ ਡੁਬਕੀ ਲਗਾਉਣਾ ਚਾਹੇ, ਉੱਥੇ ਲਗਾ ਸਕਦਾ ਹੈ, ਸਾਰੀਆਂ ਥਾਵਾਂ ਦਾ ਆਪਣਾ ਮਹੱਤਵ ਹੈ। ਕੱਲ੍ਹ ਮੈਂ ਹਰਿਦੁਆਰ 'ਚ ਸੀ ਅਤੇ ਸੰਕ੍ਰਾਂਤੀ 'ਤੇ ਡੁਬਕੀ ਲਗਾਈ ਸੀ।'' ਉੱਥੇ ਹੀ ਪ੍ਰਯਾਗਰਾਜ ਜਾਣ ਦੇ ਸਵਾਲ 'ਤੇ ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ ਸੰਗਮ ਉਦੋਂ ਜਾਣਗੇ, ਜਦੋਂ ਮਾਂ ਗੰਗਾ ਬੁਲਾਏਗੀ।
ਦੱਸਣਯੋਗ ਹੈ ਕਿ 27 ਜਨਵਰੀ 2019 ਨੂੰ ਅਖਿਲੇਸ਼ ਯਾਦਵ ਅਖਾੜਾ ਪ੍ਰੀਸ਼ਦ ਦੇ ਸੱਦੇ 'ਤੇ ਪ੍ਰਯਾਗਰਾਜ ਦੇ ਕੁੰਭ ਮੇਲੇ 'ਚ ਪਹੁੰਚੇ ਸਨ ਅਤੇ ਫਿਰ ਅਰਧ ਕੁੰਭ ਦੌਰਾਨ ਉਨ੍ਹਾਂ ਨੇ ਸੰਗਮ 'ਚ ਇਸ਼ਨਾਨ ਕੀਤਾ ਸੀ।
ਖ਼ਬਰ ਲਿਖੇ ਜਾਣ ਤੱਕ ਅਖਿਲੇਸ਼ ਯਾਦਵ ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ 'ਚ ਇਸ਼ਨਾਨ ਕਰਨ ਨਹੀਂ ਪਹੁੰਚੇ ਹਨ।
(Disclaimer: ਇਹ ਫੈਕਟ ਮੂਲ ਤੌਰ 'ਤੇ Aaj Tak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਦਿੱਲੀ ਦੀ ਆਬੋ-ਹਵਾ ਖਰਾਬ, ਬਾਹਰੀ ਇਲਾਕਿਆਂ 'ਚ ਛਾਈ ਸੰਘਣੀ ਧੁੰਦ
NEXT STORY