ਨਵੀਂ ਦਿੱਲੀ- ਸਦਨ ਦੇ ਚਾਲੂ ਬਜਟ ਸੈਸ਼ਨ ਦੇ ਦੂਜਾ ਪੜਾਅ 'ਚ ਰਾਹੁਲ ਗਾਂਧੀ ਦੇ ਲੰਡਨ ਵਾਲੇ ਬਿਆਨ ਅਤੇ ਅਡਾਨੀ ਮੁੱਦੇ 'ਤੇ ਸਿਆਸੀ ਸੰਗਰਾਮ ਜਾਰੀ ਹੈ। 7 ਦਿਨਾਂ ਦੀ ਕਾਰਵਾਈ ਹੰਗਾਮੇ ਦੇ ਭੇਟ ਚੜ੍ਹ ਚੁੱਕੀ ਹੈ। ਹਾਲਾਂਕਿ ਸੱਤਵੇਂ ਦਿਨ ਦੀ ਕਾਰਵਾਈ ਦੌਰਾਨ ਹੰਗਾਮੇ ਵਿਚਾਲੇ ਜੰਮੂ-ਕਸ਼ਮੀਰ ਨਿਯੋਜਨ ਬਿੱਲ 2023 ਅਤੇ ਗ੍ਰਾਂਟ ਦੀਆਂ ਮੰਗਾਂ ਨਾਲ ਸਬੰਧਤ ਪ੍ਰਸਤਾਵ ਵੀ ਪਾਸ ਕੀਤੇ ਗਏ ਸਨ। ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਡੈੱਡਲਾਕ ਨੂੰ ਦੂਰ ਕਰਨ ਲਈ ਸਾਰੀਆਂ ਪਾਰਟੀਆਂ ਦੇ ਫਲੋਰ ਲੀਡਰਾਂ ਨਾਲ ਮੀਟਿੰਗ ਵੀ ਕੀਤੀ ਸੀ। ਕੀ ਅੱਜ ਸੰਸਦ ਚੱਲ ਸਕੇਗੀ?
ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਵੀਰਵਾਰ ਨੂੰ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤਕ ਮੁਲਤਵੀ ਕਰ ਦਿੱਤੀ ਗਈ। ਜ਼ਰੂਰੀ ਦਸਤਾਵੇਜ਼ ਸਦਨ ਦੇ ਫਲੋਰ 'ਤੇ ਰੱਖੇ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਨੇ ਕਾਂਗਰਸ ਦੇ ਇਕ ਸੀਨੀਅਰ ਨੇਤਾ ਦੇ ਵਿਦੇਸ਼ 'ਚ ਦਿੱਤੇ ਬਿਆਨ 'ਤੇ ਆਪਣੀ ਸੀਟ ਤੋਂ ਮੁਆਫੀ ਮੰਗਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂਕਿ ਕਾਂਗਰਸੀ ਮੈਂਬਰਾਂ ਨੇ ਅਡਾਨੀ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਆਪਣੀਆਂ ਸੀਟਾਂ ਤੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਸਦਨ ਦੇ ਆਗੂ ਪਿਊਸ਼ ਗੋਇਲ ਨੇ ਕਿਹਾ ਕਿ ਸਦਨ ਦੇ ਕੰਮਕਾਜ ਨੂੰ ਲੈ ਕੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਕੋਈ ਸਮਝੌਤਾ ਨਹੀਂ ਹੋਇਆ। ਇਸ ਦੌਰਾਨ ਤ੍ਰਿਣਮੂਲ ਕਾਂਗਰਸ, ਖੱਬੇ-ਪੱਖੀ ਪਾਰਟੀਆਂ, ਜਨਤਾ ਦਲ ਯੂ, ਆਮ ਆਦਮੀ ਪਾਰਟੀ, ਰਾਸ਼ਟਰੀ ਜਨਤਾ ਦਲ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਆਪੋ-ਆਪਣੀਆਂ ਸੀਟਾਂ ਤੋਂ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ। ਹੰਗਾਮੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਵੀ ਕੁਝ ਅਜਿਹਾ ਕਿਹਾ, ਜੋ ਕਿ ਹੰਗਾਮੇ ਕਾਰਨ ਸੁਣਿਆ ਨਹੀਂ ਜਾ ਸਕਿਆ। ਇਸ ਤੋਂ ਬਾਅਦ ਚੇਅਰਮੈਨ ਜਗਦੀਪ ਧਨਖੜ ਨੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ।
ਇਸ ਤੋਂ ਪਹਿਲਾਂ ਧਨਖੜ ਨੇ ਕਿਹਾ ਕਿ ਨਿਯਮ 267 ਤਹਿਤ ਚਰਚਾ ਕਰਨ ਲਈ 12 ਮੈਂਬਰਾਂ ਨੇ ਨੋਟਿਸ ਦਿੱਤਾ ਹੈ, ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਨੋਟਿਸ ਦੇਣ ਵਾਲੇ ਮੈਂਬਰਾਂ ਵਿੱਚ ਕਾਂਗਰਸ ਦੇ ਪ੍ਰਮੋਦ ਤਿਵਾੜੀ, ਅਖਿਲੇਸ਼ ਪ੍ਰਸਾਦ ਸਿੰਘ, ਸ੍ਰੀਮਤੀ ਰੰਜੀਤਾ ਰੰਜਨ ਭਾਰਤੀ ਕਮਿਊਨਿਸਟ ਪਾਰਟੀ ਦੇ ਵਿਨੈ ਵਿਸ਼ਵਮ, ਡੀ.ਐੱਮ.ਕੇ. ਦੇ ਤਿਰੁਚੀ ਸ਼ਿਵਾ ਅਤੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਸ਼ਾਮਲ ਹਨ। ਇਨ੍ਹਾਂ ਮੈਂਬਰਾਂ ਨੇ ਅਡਾਨੀ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਉਣ ਲਈ ਨੋਟਿਸ ਦਿੱਤਾ ਸੀ।
ਲੋਕ ਸਭਾ ਦੀ ਕਾਰਵਾਈ ਵੀ ਸ਼ੁਰੂ ਹੁੰਦੇ ਹੀ ਸਦਨ 'ਚ ਹੰਗਾਮਾ ਵੀ ਸ਼ੁਰੂ ਹੋ ਗਿਆ। ਲੋਕ ਸਭਾ ਸਪੀਕਰ ਨੇ ਕਿਹਾ ਕਿ ਪ੍ਰਸ਼ਨਕਾਲ ਤੋਂ ਬਾਅਦ ਨਿਯਮ ਕਾਇਦਿਆਂ ਦੇ ਅਨੁਰੂਪ ਸਾਰੇ ਮੈਂਬਰਾਂ ਨੂੰ ਬੋਲਣ ਦੀ ਮਨਜ਼ੂਰੀ ਦੇਣਗੇ। ਲੋਕ ਸਭਾ 'ਚ ਹੰਗਾਮੇ ਤੋਂ ਬਾਅਦ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤਕ ਲਈ ਮੁਲਤਵੀ ਕਰ ਦਿੱਤੀ ਗਈ। ਭਾਜਪਾ ਦੇ ਮੈਂਬਰਾਂ ਵੱਲੋਂ ਲੋਕ ਸਭਾ 'ਚ ਰਾਹੁਲ ਗਾਂਧੀ ਮਾਫੀ ਮੰਗੇ, ਰਾਹੁਲ ਗਾਂਧੀ ਹਾਏ-ਹਾਏ ਦੇ ਨਾਅਰੇ ਲਗਾਏ ਗਏ। ਜਵਾਬ 'ਚ ਕਾਂਗਰਸ ਦੇ ਮੈਂਬਰ ਤੈਸ਼ 'ਚ ਆ ਗਏ ਅਤੇ ਬੋਲਣ ਦੋ-ਬੋਲਣ ਦੋ... ਰਾਹੁਲਜੀ ਨੂੰ ਬੋਲਣ ਦੋ ਦੇ ਨਾਅਰੇ ਲਗਾਏ।
'ਮੋਦੀ ਸਰਨੇਮ' ਟਿੱਪਣੀ: ਸੂਰਤ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਸੁਣਾਈ 2 ਸਾਲ ਦੀ ਸਜ਼ਾ
NEXT STORY