ਚੇਨਈ— ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 7 ਦੋਸ਼ੀਆਂ 'ਚੋਂ ਇਕ ਰਾਬਰਟ ਪਾਇਸ ਨੂੰ ਮਦਰਾਸ ਹਾਈ ਕੋਰਟ ਨੇ ਵੀਰਵਾਰ ਨੂੰ 30 ਦਿਨ ਦਾ ਪੈਰੋਲ ਦਿੱਤਾ। ਜੱਜ ਐੱਮ.ਐੱਮ. ਸੁੰਦਰੇਸ਼ ਅਤੇ ਜੱਜ ਆਰ.ਐੱਮ.ਟੀ. ਟੀਕਾ ਰਮਣ ਦੀ ਬੈਂਚ ਨੇ ਪਾਇਸ ਦੀ ਪਟੀਸ਼ਨ 'ਤੇ ਇਹ ਆਦੇਸ਼ ਦਿੱਤਾ। ਪਾਇਸ ਨੇ ਪਟੀਸ਼ਨ 'ਚ ਬੇਟੇ ਦੇ ਵਿਆਹ ਦੀ ਤਿਆਰੀ ਲਈ ਪੈਰੋਲ ਮੰਗੀ ਸੀ। ਪਾਇਸ ਨੂੰ 25 ਨਵੰਬਰ ਤੋਂ 24 ਦਸੰਬਰ ਤੱਕ ਲਈ ਸ਼ਰਤੀਆ ਪੈਰੋਲ ਦਿੱਤੀ ਗਈ ਹੈ। ਇਸ ਦੀਆਂ ਸ਼ਰਤਾਂ 'ਚ ਪਾਇਸ ਦੇ ਮੀਡੀਆ, ਸਿਆਸੀ ਦਲਾਂ ਜਾਂ ਮਸ਼ਹੂਰ ਲੋਕਾਂ ਨਾਲ ਗੱਲਬਾਤ ਕਰਨ 'ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਲਫਨਾਮਾ ਦੇਣਾ ਹੋਵੇਗਾ ਕਿ ਉਹ ਚੰਗਾ ਆਚਰਨ ਰੱਖਣਗੇ ਅਤੇ ਲੋਕ ਸ਼ਾਂਤੀ ਨੂੰ ਭੰਗ ਨਹੀਂ ਕਰਨਗੇ।
ਪਾਇਸ ਨੇ ਪਟੀਸ਼ਨ ਸਤੰਬਰ 'ਚ ਦਿੱਤੀ ਸੀ। ਇਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਉਹ 16 ਅਗਸਤ 1991 ਤੋਂ ਜੇਲ 'ਚ ਬੰਦ ਹਨ ਅਤੇ 28 ਸਾਲ ਤੋਂ ਵਧ ਦੀ ਜੇਲ ਦੀ ਸਜ਼ਾ ਕੱਟ ਚੁਕੇ ਹਨ। ਇਸ 'ਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਲ 'ਚ ਉਨ੍ਹਾਂ ਦਾ ਆਚਰਨ ਚੰਗਾ ਰਿਹਾ ਹੈ ਅਤੇ ਇਸ ਮਿਆਦ 'ਚ ਉਨ੍ਹਾਂ ਨੇ ਤਾਮਿਲਨਾਡੂ ਸਜ਼ਾ ਮੁਅੱਤਲ ਨਿਯਮ, 1982 ਦੇ ਅਧੀਨ ਐਮਰਜੈਂਸੀ ਅਤੇ ਸਾਧਾਰਣ ਛੁੱਟੀ ਦੀ ਵੀ ਵਰਤੋਂ ਨਹੀਂ ਕੀਤੀ ਹੈ। ਜੁਲਾਈ 'ਚ ਕੋਰਟ ਨੇ ਮਾਮਲੇ ਦੀ ਇਕ ਹੋਰ ਦੋਸ਼ੀ ਨਲਿਨੀ ਨੂੰ ਇਕ ਮਹੀਨੇ ਦਾ ਪੈਰੋਲ ਦਿੱਤਾ ਸੀ। ਉਸ ਨੇ ਆਪਣੀ ਬੇਟੀ ਦੇ ਵਿਆਹ ਦੀ ਤਿਆਰੀ ਕਰਨ ਲਈ ਪੈਰੋਲ ਮੰਗੀ ਸੀ। ਤਾਮਿਲਨਾਡੂ 'ਚ 21 ਮਈ 1991 ਨੂੰ ਇਕ ਚੋਣਾਵੀ ਰੈਲੀ 'ਚ ਇਕ ਆਤਮਘਾਤੀ ਹਮਲੇ 'ਚ ਰਾਜੀਵ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਪਾਇਸ ਸਮੇਤ 6 ਲੋਕ ਮੁਰੂਗਨ, ਸੰਥਨ, ਪੇਰਾਰਿਵਲਨ, ਐੱਸ. ਜੈਕੁਮਾਰ ਅਤੇ ਨਲਿਨੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।
J&K ਪ੍ਰਸ਼ਾਸਨ ਨੂੰ ਪਾਬੰਦੀਆਂ 'ਤੇ ਸੁਪਰੀਮ ਕੋਰਟ ਦੀ ਦੋ-ਟੁੱਕ, ਕਿਹਾ- ਹਰ ਸਵਾਲ ਦਾ ਜਵਾਬ ਦਿਉ
NEXT STORY