ਬਾਲਾਸੋਰ/ਭੁਵਨੇਸ਼ਵਰ (ਭਾਸ਼ਾ): ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਵਾਪਰੇ ਰੇਲ ਹਾਦਸੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿਚ ਮਨੁੱਖੀ ਗਲਤੀਆਂ, ਸਿਗਨਲ ਫੇਲ੍ਹ ਹੋਣ ਸਮੇਤ ਹੋਰ ਸੰਭਾਵਿਤ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਇਸ ਭਿਆਨਕ ਰੇਲ ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ ਸੌਂਪੀ ਹੈ। ਹਾਦਸੇ ਵਿਚ ਘੱਟੋ-ਘੱਟ 288 ਯਾਤਰੀਆਂ ਦੀ ਮੌਤ ਹੋਈ ਤੇ 1100 ਤੋਂ ਵੱਧ ਯਾਤਰੀ ਜ਼ਖ਼ਮੀ ਹਨ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਜਿੱਥੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਨਾਲ-ਨਾਲ ਆਫ਼ਤ ਪ੍ਰਬੰਧਨ ਟੀਮਾਂ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹਸਪਤਾਲ ਵਿਚ ਕੁੱਝ ਜ਼ਖਮੀਆਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪੀ.ਐੱਮ. ਮੋਦੀ ਨੇ ਕਿਹਾ ਕਿ ਕਿ ਰੇਲ ਹਾਦਸੇ ਲਈ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਇਮਰਾਨ ਦੀ ਪਾਰਟੀ ਦੇ ਪ੍ਰਧਾਨ ਪਰਵੇਜ਼ ਇਲਾਹੀ ਰਿਹਾਈ ਮਗਰੋਂ ਮੁੜ ਗ੍ਰਿਫ਼ਤਾਰ
ਰੇਲ ਹਾਦਸੇ ਦੀ ਮੁੱਢਲੀ ਜਾਂਚ ਵਿਚ ਇਹ ਪਤਾ ਲੱਗਿਆ ਹੈ ਕਿ ਹਾਦਸਾਗ੍ਰਸਤ ਹੋਈ ਕੋਰੋਮੰਡਲ ਐਕਸਪ੍ਰੈੱਸ ਬਾਹਾਨਗਾ ਬਾਜ਼ਾਰ ਸਟੇਸ਼ਨ ਤੋਂ ਠੀਕ ਪਹਿਲਾਂ ਮੁੱਖ ਮਾਰਗ ਦੀ ਬਜਾਏ ਲੂਪ ਲਾਈਨ 'ਤੇ ਚਲੀ ਗਈ ਸੀ ਤੇ ਉੱਥੇ ਖੜ੍ਹੀ ਇਕ ਮਾਲਗੱਡੀ ਨਾਲ ਟਕਰਾ ਗਈ। ਸਮਝਿਆ ਜਾ ਰਿਹਾ ਹੈ ਕਿ ਨਾਲ ਦੀ ਪਟੜੀ 'ਤੇ ਹਾਸਾਗ੍ਰਸਤ ਹਾਲਤ ਵਿਚ ਮੌਜੂਦ ਕੋਰੋਮੰਡਲ ਐਕਸਪ੍ਰੈੱਸ ਦੇ ਡੱਬਿਆਂ ਨਾਲ ਟਕਰਾਉਣ ਤੋਂ ਬਾਅਦ ਬੈਂਗਲੁਰੂ-ਹਾਵੜਾ ਸੁਪਰ ਫਾਸਟ ਐਕਸਪ੍ਰੈੱਸ ਦੇ ਡੱਬੇ ਵੀ ਪਲਟ ਗਏ। ਦੋਵੇਂ ਯਾਤਰੀ ਰੇਲਗੱਡੀਆਂ ਤੇਜ਼ ਰਫ਼ਤਾਰ ਨਾਲ ਚੱਲ ਰਹੀਆਂ ਸਨ ਤੇ ਮਾਹਰਾਂ ਨੇ ਇਸ ਨੂੰ ਮੌਤਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਮੁੱਖ ਕਾਰਨਾਂ 'ਚੋਂ ਇਕ ਦੱਸਿਆ ਹੈ। ਸੂਤਰਾਂ ਮੁਤਾਬਕ ਕੋਰੋਮੰਡਲ ਐਕਸਪ੍ਰੈੱਸ ਦੀ ਰਫ਼ਤਾਰ 128 ਕਿੱਲੋਮੀਟਰ ਪ੍ਰਤੀ ਘੰਟਾ, ਜਦਕਿ ਬੈਂਗਲੁਰੂ-ਹਾਵੜਾ ਸੁਪਰ ਫ਼ਾਸਟ ਐਕਸਪ੍ਰੈੱਸ ਦੀ ਰਫ਼ਤਾਰ 116 ਕਿੱਲੋਮੀਟਰ ਪ੍ਰਤੀ ਘੰਟਾ ਸੀ।
ਕਈ ਆਗੂਆਂ ਨੇ ਇਸ ਹਾਦਸੇ ਵਿਚ ਜਵਾਬਦੇਹੀ ਨਿਰਧਾਰਿਤ ਕਰਨ ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਅਸਤੀਫ਼ੇ ਦੀ ਵੀ ਮੰਗ ਕੀਤੀ। ਰੇਲ ਹਾਦਸਾ ਰੋਕੂ ਪ੍ਰਣਾਲੀ "ਕਵਚ" ਕੰਮ ਕਿਉਂ ਨਹੀਂ ਕਰ ਰਹੀ ਸੀ, ਇਸ 'ਤੇ ਸਵਾਲ ਚੁੱਕੇ ਗਏ। ਰੇਲਵੇ ਨੇ ਕਿਹਾ ਕਿ ਕਵਚ ਪ੍ਰਣਾਲੀ ਮਾਰਗ 'ਤੇ ਉਪਲਬਧ ਨਹੀਂ ਸੀ। ਮੁੱਢਲੀ ਰਿਪੋਰਟ ਤੋਂ ਸੰਕੇਤ ਮਿਲਦਾ ਹੈ ਕਿ ਸਿਗਨਲ ਦਿੱਤਾ ਗਿਆ ਸੀ, ਫਿਰ ਬੰਦ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਸਰਹੱਦ ਪਾਰ: ਨਾਬਾਲਗ ਈਸਾਈ ਕੁੜੀ ਅਗਵਾ, 5 ਮਹੀਨੇ ਬਾਅਦ ਹੋਈ ਬਰਾਮਦ
ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਨੇ ਹਾਦਸੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕੀਤੀ ਹੈ, ਜਿਸ ਦੀ ਅਗਵਾਈ ਦੱਖਣ ਪੂਰਬੀ ਖੇਤਰ ਦੇ ਰੇਲਵੇ ਸੁਰੱਖਿਆ ਕਮਿਸ਼ਨਰ ਕਰਨਗੇ। ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਹਾਦਸੇ ਪਿੱਛੇ ਸਿਗਨਲ ਫੇਲ੍ਹ ਹੋਣਾ ਵੀ ਹੋ ਸਕਦਾ ਹੈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਇਹ ਅਜੇ ਸਾਫ਼ ਨਹੀਂ ਹੋਇਆ ਕਿ ਕੋਰੋਮੰਡਲ ਐਕਸਪ੍ਰੈੱਸ 'ਲੂਪ ਲਾਈਨ' 'ਤੇ ਜਾ ਚੜ੍ਹੀ ਜਾਂ ਖੜ੍ਹੀ ਮਾਲਗੱਡੀ ਨਾਲ ਟਕਰਾਈ ਜਾਂ ਇਹ ਪਹਿਲਾਂ ਪਟੜੀ ਤੋਂ ਉਤਰੀ ਤੇ ਫ਼ਿਰ 'ਲੂਪ ਲਾਈਨ' 'ਤੇ ਚੜ੍ਹਣ ਤੋਂ ਬਾਅਦ ਖੜ੍ਹੀ ਗੱਡੀ ਨਾਲ ਟਕਰਾ ਗਈ। ਮੁੱਢਲੀ ਜਾਂਚ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿਗਨਲ ਦਿੱਤਾ ਗਿਆ ਸੀ ਤੇ ਟ੍ਰੇਨ ਨੰਬਰ 12841 ਨੂੰ ਅਪ ਮੇਨ ਲਾਈਨ ਲਈ ਰਵਾਨਾ ਕੀਤਾ ਗਿਆ ਸੀ, ਪਰ ਟ੍ਰੇਨ ਅਪ ਲੂਨ ਲਾਈਨ 'ਤੇ ਚੜ੍ਹ ਗਈ ਤੇ ਲੂਪਲਾਈਨ 'ਤੇ ਖੜ੍ਹੀ ਮਾਲਗੱਡੀ ਨਾਲ ਟਕਰਾ ਗਈ ਤੇ ਪਟੜੀ ਤੋਂ ਉਤਰ ਗਈ। ਇਸ ਵਿਚਾਲੇ 12864 ਡਾਊਨ ਮੇਨ ਲਾਈਨ ਤੋਂ ਗੁਜ਼ਰੀ ਤੇ ਉਸ ਦੇ ਡੱਬੇ ਪਟੜੀ ਤੋਂ ਉਤਰ ਗਏ ਤੇ ਪਲਟ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
2 ਦਿਨਾ ਭਾਰਤ ਦੌਰੇ 'ਤੇ ਆਉਣਗੇ ਅਮਰੀਕੀ ਰੱਖਿਆ ਮੰਤਰੀ ਆਸਟਿਨ, ਰਾਜਨਾਥ ਸਿੰਘ ਨਾਲ ਕਰਨਗੇ ਮੁਲਾਕਾਤ
NEXT STORY