ਨਵੀਂ ਦਿੱਲੀ, (ਭਾਸ਼ਾ)- ਸਮਾਰਟਫੋਨ ਅਤੇ ਟੈਬਲੇਟ ਦੀ ਰਿਪੇਅਰਿੰਗ ’ਚ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ’ਚ ਸਰਕਾਰ ਵੱਲੋਂ ਬਣਾਈ ਗਈ ਇਕ ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਮੂਲ ਉਪਕਰਣ ਨਿਰਮਾਤਾ ਇਸ ਉਤਪਾਦ ਸ਼੍ਰੇਣੀ ’ਚ ਮੁਰੰਮਤ ਸਮਰੱਥਾ ਸੂਚਕ ਅੰਕ (ਰਿਪੇਅਰਬਿਲਿਟੀ ਇੰਡੈਕਸ) ਦਾ ਖੁਦ ਐਲਾਨ ਕਰਨ, ਤਾਂ ਜੋ ਗਾਹਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਸਕੇ।
ਕਮੇਟੀ ਦੇ ਸੁਝਾਵਾਂ ਅਨੁਸਾਰ ਨਿਰਮਾਤਾਵਾਂ ਨੂੰ ਇਸ ਸੂਚਕ ਅੰਕ ’ਤੇ ਉਪਕਰਣਾਂ ਨੂੰ ਰੇਟਿੰਗ ਦੇਣੀ ਪਵੇਗੀ। ਇਸ ਤੋਂ ਪਤਾ ਲੱਗੇਗਾ ਕਿ ਉਪਕਰਣ ਦੇ ਖ਼ਰਾਬ ਹੋਣ ’ਤੇ ਉਸ ਦੀ ਮੁਰੰਮਤ ਦੀ ਸੰਭਾਵਨਾ ਕਿੰਨੀ ਹੈ। ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਮੋਬਾਈਲ ਅਤੇ ਇਲੈਕਟ੍ਰਾਨਿਕ ਖੇਤਰ ’ਚ ਮੁਰੰਮਤ ਸਮਰੱਥਾ ਸੂਚਕ ਅੰਕ ਲਈ ਬਣਾਈ ਕਮੇਟੀ ਨੇ ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ।
ਖਰੇ ਨੇ ਪਹਿਲਾਂ ਕਿਹਾ ਸੀ ਕਿ ਮੰਤਰਾਲਾ ਸਿਫਾਰਿਸ਼ਾਂ ਦੀ ਜਾਂਚ ਕਰੇਗਾ ਅਤੇ ਉਸ ਅਨੁਸਾਰ ਕੁਝ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਸਤੰਬਰ 2024 ’ਚ ਵਧੀਕ ਸਕੱਤਰ ਭਰਤ ਖੇੜਾ ਦੀ ਪ੍ਰਧਾਨਗੀ ’ਚ ਕਮੇਟੀ ਦਾ ਗਠਨ ਕੀਤਾ ਸੀ।
ਕਮੇਟੀ ਨੇ ਕਿਹਾ ਕਿ ਮੂਲ ਉਪਕਰਣ ਨਿਰਮਾਤਾਵਾਂ (ਓ. ਈ. ਐੱਮ.) ਨੂੰ ਬਿਨਾਂ ਕਿਸੇ ਵਾਧੂ ਅਨੁਪਾਲਨ ਬੋਝ ਦੇ ਮਿਆਰੀ ਅੰਕ ਮਾਪਦੰਡਾਂ ਦੇ ਆਧਾਰ ’ਤੇ ਮੁਰੰਮਤ ਸਮਰੱਥਾ ਸੂਚਕ ਅੰਕ ਦਾ ਐਲਾਨ ਕਰਨਾ ਪਵੇਗਾ। ਇਸ ਤੋਂ ਇਲਾਵਾ, ਕਮੇਟੀ ਨੇ ਸੁਝਾਅ ਦਿੱਤਾ ਕਿ ਮੁਰੰਮਤ ਸਮਰੱਥਾ ਸੂਚਕ ਅੰਕ ਨੂੰ ਦੁਕਾਨਾਂ, ਈ-ਕਾਮਰਸ ਮੰਚਾਂ ਅਤੇ ਉਤਪਾਦਾਂ ’ਤੇ ਕਿਊ. ਆਰ. ਕੋਡ ਦੇ ਤੌਰ ’ਤੇ ਦਰਸਾਉਣਾ ਚਾਹੀਦਾ ਹੈ। ਬਿਆਨ ’ਚ ਕਿਹਾ ਗਿਆ ਕਿ ਕਮੇਟੀ ਦੀਆਂ ਸਿਫਾਰਿਸ਼ਾਂ ਉਦਯੋਗ ’ਚ ਇਨੋਵੇਸ਼ਨ ਅਤੇ ਕਾਰੋਬਾਰੀ ਸੁਗਮਤਾ ’ਚ ਕਿਸੇ ਵੀ ਰੁਕਾਵਟ ਤੋਂ ਬਿਨਾਂ ਸਰਵੋਤਮ ਗਲੋਬਲ ਅਭਿਆਸਾਂ ਅਨੁਸਾਰ ਤਿਆਰ ਕੀਤੀਆਂ ਗਈਆਂ ਹਨ।
NIA ਨੇ ਤਹੱਵੁਰ ਰਾਣਾ ਦੇ ਲਏ ਵਾਇਸ ਅਤੇ ਹੈਂਡਰਾਈਟਿੰਗ ਸੈਂਪਲ
NEXT STORY