ਭਰਤਪੁਰ– ਰਾਜਸਥਾਨ ਵਿਚ ਇਕ ਵਾਰ ਫਿਰ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਸ਼ੁਰੂ ਹੋ ਗਿਆ ਹੈ। ਹੁਣ ਮਾਲੀ, ਕੁਸ਼ਵਾਹਾ ਸ਼ਾਕਿਆ, ਮੌਰਿਆ ਸਮਾਜ ਨੇ ਵੱਖ ਤੋਂ 12 ਫੀਸਦੀ ਰਾਖਵਾਂਕਰਨ ਦੇਣ ਦੀ ਮੰਗ ਕੀਤੀ ਹੈ। ਸਮਾਜ ਦੇ ਸੈਂਕੜੇ ਲੋਕਾਂ ਨੇ ਹੱਥਾਂ ਵਿਚ ਲਾਠੀਆਂ ਲੈ ਕੇ ਭਰਤਪੁਰ ਵਿਚ ਨੈਸ਼ਨਲ ਹਾਈਵੇ-21 (ਆਗਰਾ-ਜੈਪੁਰ) ਜਾਮ ਕਰ ਦਿੱਤਾ। 24 ਘੰਟੇ ਤੋਂ ਹਾਈਵੇਅ ਜਾਮ ਹੈ। ਇਧਰ ਭਰਤਪੁਰ ਡਵੀਜ਼ਨਲ ਕਮਿਸ਼ਨਰ ਸਾਂਵਰਮਲ ਵਰਮਾ ਨੇ ਸੋਮਵਾਰ ਸਵੇਰੇ 11 ਵਜੇ ਤੋਂ 24 ਘੰਟਿਆਂ ਲਈ ਚਾਰ ਕਸਬਿਆਂ ਵਿਚ ਇੰਟਰਨੈੱਟ ਬੰਦ ਕਰ ਦਿੱਤਾ। ਸਰਕਾਰ ਨੇ ਮੰਤਰੀ ਵਿਸ਼ਵੇਂਦਰ ਸਿੰਘ ਅਤੇ ਡਵੀਜ਼ਨਲ ਕਮਿਸ਼ਨਰ ਨੂੰ ਅੰਦੋਲਨਕਾਰੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਲਈ ਅਧਿਕਾਰਤ ਕਰ ਦਿੱਤਾ ਹੈ।
ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਸਰਪ੍ਰਸਤ ਲਕਸ਼ਮਣ ਸਿੰਘ ਕੁਸ਼ਵਾਹਾ ਨੇ ਕਿਹਾ ਕਿ ਸਮਾਜ ਦੇ ਲੋਕ ਸੰਵਿਧਾਨ ਦੇ ਤਹਿਤ ਰਾਖਵਾਂਕਰਨ ਦੀ ਡਿਮਾਂਡ ਕਰ ਰਹੇ ਹਨ। ਸੰਵਿਧਾਨ ਦੀ ਧਾਰਾ 16(4) ਵਿਚ ਵਿਵਸਥਾ ਦਿੱਤੀ ਗਈ ਹੈ। ਉਹ ਜਾਤੀਆਂ ਜੋ ਅਤਿ ਪੱਛੜੀਆਂ ਹੋਈਆਂ ਹਨ, ਉਨ੍ਹਾਂ ਨੂੰ ਸੂਬਾ ਸਰਕਾਰ ਆਪਣੇ ਪੱਧਰ ’ਤੇ ਰਾਖਵਾਂਕਰਨ ਦੇ ਸਕਦੀ ਹੈ। ਇਸ ਦਾ ਕੇਂਦਰ ਨਾਲ ਕੋਈ ਮਤਲਬ ਨਹੀਂ ਹੈ। ਅੱਜ ਸਮਾਜ ਵਿਚ ਨਾ ਤਾਂ ਕੋਈ ਆਈ. ਏ. ਐੱਸ. ਅਧਿਕਾਰੀ ਹੈ ਅਤੇ ਨਾ ਆਰ. ਏ. ਐੱਸ. ਹੈ।
ਕੁਸ਼ਵਾਹਾ ਨੇ ਕਿਹਾ ਕਿ ਕਾਚੀ (ਮਾਲੀ) ਸਮਾਜ ਅਤਿ ਪੱਛੜੇ ਵਿਚ ਆਉਂਦਾ ਹੈ। ਕਾਚੀ ਸਮਾਜ ਦੀ ਆਬਾਦੀ 12 ਫੀਸਦੀ ਹੈ, ਇਸ ਲਈ ਅਸੀਂ ਆਬਾਦੀ ਦੇ ਆਧਾਰ ’ਤੇ ਰਾਖਵਾਂਕਰਨ ਮੰਗ ਰਹੇ ਹਾਂ। ਇਸ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲ ਚੁੱਕੇ ਹਾਂ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਇਸ ’ਤੇ ਵਿਚਾਰ ਕੀਤਾ ਜਾਵੇਗਾ ਪਰ ਅੱਜ ਤੱਕ ਕੋਈ ਵਿਚਾਰ ਨਹੀਂ ਕੀਤਾ। ਇਸ ਤੋਂ ਬਾਅਦ ਮਜਬੂਰ ਹੋ ਕੇ ਸਮਾਜ ਦੇ ਲੋਕਾਂ ਨੇ ਚੱਕਾ ਜਾਮ ਕੀਤਾ ਹੈ। ਅਜੇ ਤੱਕ ਸਰਕਾਰ ਦਾ ਕੋਈ ਪ੍ਰਤੀਨਿਧੀ ਗੱਲ ਕਰਨ ਅਰੋਦਾ ਨਹੀਂ ਪੁੱਜਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨਿਕ ਪੱਧਰ ’ਤੇ ਗੱਲ ਨਹੀਂ ਕਰਾਂਗੇ।
ਭਰਤਪੁਰ ਡਵੀਜ਼ਨਲ ਕਮਿਸ਼ਨਰ ਸਾਂਵਰਮਲ ਵਰਮਾ ਨੇ ਦੱਸਿਆ ਕਿ ਮਾਲੀ, ਸੈਣੀ, ਕੁਸ਼ਵਾਹਾ ਸ਼ਾਕਿਆ, ਮੌਰਿਆ ਸਮਾਜ ਵਲੋਂ 12 ਫੀਸਦੀ ਰਾਖਵਾਂਕਰਨ ਦੀ ਮੰਗ ਕੀਤੀ ਗਈ ਹੈ। ਇਸ ਨੂੰ ਲੈ ਕੇ ਨੈਸ਼ਨਲ ਹਾਈਵੇ-21 ਜਾਮ ਕਰ ਦਿੱਤਾ ਗਿਆ ਹੈ। ਜੈਪੁਰ-ਆਗਰਾ ਟ੍ਰੈਫਿਕ ਪ੍ਰਭਾਵਿਤ ਹੋ ਗਈ ਹੈ। ਸ਼ਾਂਤੀ ਅਤੇ ਕਾਨੂੰਨ ਵਿਵਸਥਾ ਦੇ ਵਿਗੜਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਇੰਟਰਨੈੱਟ ਅਤੇ ਬ੍ਰਾਂਡਬੈਂਡ ਦੀਆਂ ਸੇਵਾਵਾਂ ’ਤੇ ਰੋਕ ਲਾਈ ਗਈ ਹੈ। ਹਾਲਾਤ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਰਾਹੀਂ ਜ਼ਿਲ੍ਹੇ ਦੀ ਕਾਨੂੰਨ ਵਿਵਸਥਾ ਨੂੰ ਖਰਾਬ ਕੀਤਾ ਜਾ ਸਕਦਾ ਹੈ। ਨਦਬਈ, ਵੈਰ ਭੁਸਾਵਰ ਅਤੇ ਉਚੈਨ ਤਹਿਸੀਲਾਂ ਵਿਚ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਹੈ। ਇਹ ਇੰਟਰਨੈੱਟ 13 ਜੂਨ ਸਵੇਰੇ 11 ਵਜੇ ਤੋਂ 14 ਜੂਨ ਸਵੇਰੇ 11 ਵਜੇ ਤੱਕ ਬੰਦ ਰਹੇਗਾ।
ਸ਼੍ਰੀਨਗਰ: ਮੁੱਠਭੇੜ 'ਚ ਇਕ ਪਾਕਿਸਤਾਨੀ ਸਮੇਤ 2 ਅੱਤਵਾਦੀ ਹਲਾਕ
NEXT STORY