ਕੋਲਕਾਤਾ, (ਏਜੰਸੀਆਂ)- ਕਲਕੱਤਾ ਹਾਈ ਕੋਰਟ ਦੇ ਹੁਕਮਾਂ ਤੋਂ 26 ਘੰਟੇ ਬਾਅਦ ਬੰਗਾਲ ਪੁਲਸ ਨੇ ਸ਼ੇਖ ਸ਼ਾਹਜਹਾਂ ਨੂੰ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤਾ। ਜਾਂਚ ਏਜੰਸੀ ਦੀ ਇਕ ਟੀਮ ਦੁਪਹਿਰ 3.45 ਵਜੇ ਪੁਲਸ ਹੈੱਡਕੁਆਰਟਰ ਪਹੁੰਚੀ ਸੀ। ਸ਼ਾਮ 6.30 ਵਜੇ ਤੋਂ ਬਾਅਦ ਸੀ. ਬੀ. ਆਈ. ਨੇ ਸ਼ਾਹਜਹਾਂ ਨੂੰ ਹਿਰਾਸਤ ਵਿਚ ਲੈ ਲਿਆ।
ਮੰਗਲਵਾਰ ਸ਼ਾਮ ਕਰੀਬ 4 ਵਜੇ ਹਾਈ ਕੋਰਟ ਨੇ ਬੰਗਾਲ ਪੁਲਸ ਨੂੰ ਸ਼ਾਹਜਹਾਂ ਨੂੰ ਕੇਂਦਰੀ ਜਾਂਚ ਏਜੰਸੀ ਦੇ ਹਵਾਲੇ ਕਰਨ ਦਾ ਹੁਕਮ ਦਿੱਤਾ ਸੀ। ਪੁਲਸ ਨੇ ਕਿਹਾ ਕਿ ਮਾਮਲਾ ਅਜੇ ਸੁਪਰੀਮ ਕੋਰਟ ਵਿਚ ਹੈ, ਇਸ ਲਈ ਸ਼ਾਹਜਹਾਂ ਨੂੰ ਸੌਂਪ ਨਹੀਂ ਸਕਦੇ। ਇਸ ਤੋਂ ਬਾਅਦ ਸੀ. ਬੀ. ਆਈ. 2 ਘੰਟੇ ਦੇ ਇੰਤਜ਼ਾਰ ਤੋਂ ਬਾਅਦ ਵਾਪਸ ਪਰਤ ਗਈ।
ਬੁੱਧਵਾਰ ਨੂੰ ਹਾਈ ਕੋਰਟ ਦੇ ਮੁੜ ਦਖਲ ਤੋਂ ਬਾਅਦ ਪੁਲਸ ਨੂੰ ਕਸਟਡੀ ਸੌਂਪੀ। ਦਰਅਸਲ, ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ’ਚ 5 ਜਨਵਰੀ ਨੂੰ ਈ. ਡੀ. ਦੀ ਟੀਮ ਤ੍ਰਿਣਮੂਲ ਕਾਂਗਰਸ ਨੇਤਾ ਸ਼ੇਖ ਸ਼ਾਹਜਹਾਂ ਦੇ ਘਰ ਛਾਪਾ ਮਾਰਨ ਲਈ ਪਹੁੰਚੀ ਸੀ। ਇਸ ਦੌਰਾਨ ਸ਼ੇਖ ਦੇ ਹਮਾਇਤੀਆਂ ਨੇ ਟੀਮ ’ਤੇ ਜਾਨਲੇਵਾ ਹਮਲਾ ਕੀਤਾ ਸੀ। ਇਸ ’ਚ ਕਈ ਅਧਿਕਾਰੀ ਜ਼ਖਮੀ ਹੋ ਗਏ ਸਨ। ਇਸ ਦੀ ਜਾਂਚ ਹੁਣ ਸੀ. ਬੀ. ਆਈ. ਦੇ ਹੱਥਾਂ ਵਿਚ ਹੈ।
ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਕਰਨ ਤੋਂ ਕੀਤਾ ਇਨਕਾਰ
ਸੂਬਾ ਸਰਕਾਰ ਨੇ ਸ਼ਾਹਜਹਾਂ ਨੂੰ ਸੀ. ਬੀ. ਆਈ. ਦੇ ਹਵਾਲੇ ਕਰਨ ਦੇ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਮੰਗਲਵਾਰ ਸ਼ਾਮ ਨੂੰ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ’ਤੇ ਬੁੱਧਵਾਰ ਸਵੇਰੇ 11 ਵਜੇ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ।
ਸੁਪਰੀਮ ਕੋਰਟ ਦੇ ਜਸਟਿਸ ਸੰਜੀਵ ਖੰਨਾ ਨੇ ਬੰਗਾਲ ਸਰਕਾਰ ਨੂੰ ਕਿਹਾ ਕਿ ਤੁਹਾਡੀ ਪੁਟੀਸ਼ਨ ਸੀ. ਜੇ. ਆਈ. ਨੂੰ ਭੇਜੀ ਜਾ ਰਹੀ ਹੈ ਅਤੇ ਉਹ ਹੀ ਪਟੀਸ਼ਨ ਦੀ ਸੂਚੀ ਬਾਰੇ ਫੈਸਲਾ ਕਰਨਗੇ। ਬੰਗਾਲ ਸਰਕਾਰ ਈ. ਡੀ. ਟੀਮ ’ਤੇ ਹਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ’ਤੇ ਰੋਕ ਦੀ ਮੰਗ ਕਰ ਰਹੀ ਹੈ। ਬੰਗਾਲ ਸਰਕਾਰ ਨੇ ਪਟੀਸ਼ਨ ’ਚ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਐੱਸ. ਆਈ. ਟੀ. ਕਰ ਰਹੀ ਹੈ। ਪੁਲਸ ’ਤੇ ਬੇਬੁਨਿਆਦ ਦੋਸ਼ ਲਾਏ ਜਾ ਰਹੇ ਹਨ।
ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਸਾਈਬਾਬਾ ਜੇਲ੍ਹ 'ਚੋਂ ਰਿਹਾਅ, ਲੱਗੇ ਸਨ ਇਹ ਦੋਸ਼
NEXT STORY