ਨਵੀਂ ਦਿੱਲੀ- ਪੱਛਮੀ ਬੰਗਾਲ ਦੀ ਸਿਆਸਤ ’ਚ ਇਕ ਅਣਚਾਹਿਆ ਬਿਹਾਰੀ ਸੁਆਦ ਦਾਖਲ ਹੋ ਗਿਆ ਹੈ। ਭਾਜਪਾ ਸਪੱਸ਼ਟ ਰੂਪ ਨਾਲ ਇਸ ਸੁਆਦ ਦਾ ਆਨੰਦ ਮਾਣ ਰਹੀ ਹੈ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਚੋਣਾਂ ਵਾਲੇ ਸੂਬਿਆਂ ਦੇ ‘ਇੰਟੈਨਸਿਵ ਟੂਰ’ ਨਾਲ ਆਪਣਾ ਪਹਿਲਾ ਵੱਡਾ ਸਿਆਸੀ ਕੰਮ ਸ਼ੁਰੂ ਕੀਤਾ ਹੈ। ਇਸ ਮੰਤਵ ਲਈ ਉਨ੍ਹਾਂ ਪੱਛਮੀ ਬੰਗਾਲ ਨੂੰ ਚੁਣਿਆ ਹੈ।
ਸਿਰਫ਼ ਬੰਗਾਲ ਹੀ ਨਹੀਂ, ਸਗੋਂ ਇਸ ਦਾ ਪੱਛਮੀ ਖੇਤਰ ਬਰਧਮਾਨ ਤੇ ਆਸਨਸੋਲ ਜਿਨ੍ਹਾਂ ਦੀਆਂ ਹੱਦਾਂ ਬਿਹਾਰ ਤੇ ਝਾਰਖੰਡ ਨਾਲ ਮਿਲਦੀਆਂ ਹਨ, ਵਿਖੇ ਹਿੰਦੀ ਵਿਦੇਸ਼ੀ ਨਹੀਂ ਲੱਗਦੀ। ਭੂਗੋਲ ਦੀ ਚੋਣ ਕੋਈ ਇਤਫ਼ਾਕ ਨਹੀਂ ਹੈ। ਇਨ੍ਹਾਂ ਜ਼ਿਲਿਆਂ ’ਚ ਬਿਹਾਰੀ ਤੇ ਗੈਰ-ਬੰਗਾਲੀ ਲੋਕਾਂ ਦੀ ਇਕ ਵੱਡੀ ਆਬਾਦੀ ਹੈ। ਇਹ ਉਹ ਸਮਾਜਿਕ ਗਰੁੱਪ ਹੈ ਜੋ ਚੁੱਪਚਾਪ ਪਰ ਫੈਸਲਾਕੁੰਨ ਢੰਗ ਨਾਲ ਚੋਣ ਨਤੀਜਿਆਂ ਨੂੰ ਨਿਰਧਾਰਤ ਕਰਦਾ ਹੈ। ਇਸ ’ਚ ਕਾਇਸਥ ਭਾਈਚਾਰਾ ਵੀ ਸ਼ਾਮਲ ਹੈ ਜੋ ਪ੍ਰਭਾਵਸ਼ਾਲੀ ਤੇ ਸਿਆਸੀ ਪੱਖੋਂ ਸੁਚੇਤ ਹੈ ਤੇ ਸੰਜੋਗ ਨਾਲ ਨਿਤਿਨ ਨਬੀਨ ਦਾ ਆਪਣਾ ਹੀ ਹੈ। ਇਸ ਨੂੰ ਜੋੜ ਦਈਏ ਤਾਂ ਭਾਜਪਾ ਦੀ ਗਿਣਤੀ ਸਹੀ ਜਾਪਦੀ ਹੈ।
ਪਰ ਇਕ ਛੋਟੀ ਜਿਹੀ ਸਮੱਸਿਆ ਹੈ। ਇਸ ਖੇਤਰ ’ਚ ਪਹਿਲਾਂ ਹੀ 2 ਹਾਈ ਪ੍ਰੋਫਾਈਲ ਬਿਹਾਰੀ ਹਨ। ਆਸਨਸੋਲ ਦੀ ਨੁਮਾਇੰਦਗੀ ਬਾਲੀਵੁੱਡ ਦੇ ਸਦਾਬਹਾਰ ਸ਼ਾਟਗਨ ਭਾਵ ਸ਼ਤਰੂਘਨ ਸਿਨ੍ਹਾ ਵੱਲੋਂ ਕੀਤੀ ਜਾਂਦੀ ਹੈ ਜਦੋਂ ਕਿ ਬਰਧਮਾਨ ਦੀ ਨੁਮਾਇੰਦਗੀ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਕਰਦੇ ਹਨ।
ਸਿਨ੍ਹਾ ਦਾ ਕਾਯਸਥਾਂ ਨਾਲ ਮਜ਼ਬੂਤ ਸਬੰਧ ਭਾਜਪਾ ਦੇ ਇਸ ਸਮਾਜਿਕ ਖੇਤਰ ’ਚ ਦਾਖਲੇ ਨੂੰ ਇਕ ਮੁਸ਼ਕਲ ਕੰਮ ਬਣਾਉਂਦਾ ਹੈ। ਫਿਰ ਵੀ ਪਾਰਟੀ ਬੇਫਿਕਰ ਜਾਪਦੀ ਹੈ। ਨਿਤਿਨ ਨਬੀਨ ਰਾਹੀਂ ਭਾਜਪਾ ਸਿਆਸੀ ਵਫ਼ਾਦਾਰੀਆਂ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਸੁਝਾਅ ਦੇ ਰਹੀ ਹੈ ਕਿ ਕਾਯਸਥ ਤੇ ਬਿਹਾਰੀ ਵੋਟਰਾਂ ਨੂੰ ਭਗਵਾ ਕੈਂਪ ਤੋਂ ਇਲਾਵਾ ਹੋਰ ਕੁਝ ਨਹੀਂ ਦੇਖਣਾ ਚਾਹੀਦਾ। ਉਮੀਦ ਹੈ ਕਿ ਮਮਤਾ ਬੈਨਰਜੀ ਲਈ ਉਨ੍ਹਾਂ ਨੂੰ ‘ਬਾਹਰੀ’ ਵਜੋਂ ਰੱਦ ਕਰਨਾ ਮੁਸ਼ਕਲ ਹੋਵੇਗਾ। ਹੁਣ ਜਦੋਂ ਹਿੰਦੀ ਬੋਲਣ ਵਾਲੇ ਵੋਟਰ ਬੰਗਾਲ ਦੀ ਆਬਾਦੀ ਦਾ ਇੱਕ ਚੌਥਾਈ ਤੋਂ ਵੱਧ ਹਨ ਤਾਂ ਭਾਜਪਾ ਨੂੰ ਲੱਗਦਾ ਹੈ ਕਿ ਗਿਣਤੀ ਅਤੇ ਸ਼ਾਇਦ ਕਹਾਣੀ ਆਖਰ ਉਸ ਦੇ ਹੱਕ ’ਚ ਝੁਕ ਰਹੀ ਹੈ।
IG ਦਫ਼ਤਰ ਨੇੜੇ ਗੈਂਗਵਾਰ! ਗੈਂਗਸਟਰ ਦਿਨੇਸ਼ ਗੋਗਾ 'ਤੇ ਵਰ੍ਹਾਈਆਂ 22 ਗੋਲੀਆਂ, ਜਾਂਚ ‘ਚ ਜੁਟੀ ਰੋਹਤਕ ਪੁਲਸ
NEXT STORY