ਨਵੀਂ ਦਿੱਲੀ— ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਖੇ ਬੀਤੇ ਦਿਨੀਂ ਸਿੱਖ ਆਗੂਆਂ 'ਤੇ ਹੋਏ ਆਤਮਘਾਤੀ ਹਮਲੇ ਦੇ ਵਿਰੋਧ 'ਚ ਸਿੱਖ ਸੰਗਠਨਾਂ ਵਲੋਂ ਅਫ਼ਗਾਨ ਦੂਤਘਰ ਤਕ ਰੋਸ ਮਾਰਚ ਕੱਢਿਆ ਗਿਆ। ਤੀਨ ਮੂਰਤੀ ਚੌਕ ਤੋਂ ਸ਼ੁਰੂ ਹੋ ਕੇ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾਂ ਨੇ ਜਦੋਂ ਅਫ਼ਗਾਨ ਦੂਤਘਰ ਵੱਲ ਤੁਰਨਾ ਸ਼ੁਰੂ ਕੀਤਾ ਤਾਂ ਪੁਲਸ ਨੇ ਅੜਿੱਕੇ ਖੜ੍ਹੇ ਕਰ ਕੇ ਰੋਸ ਮਾਰਚ ਨੂੰ ਥਾਣਾ ਚਾਣੱਕਿਆਪੁਰੀ ਦੇ ਬਾਹਰ ਰੋਕ ਦਿੱਤਾ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਕਾਲੀ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਮਾਰਚ ਦੀ ਅਗਵਾਈ ਕੀਤੀ।ਇਸ ਮੌਕੇ ਰੋਸ ਵਜੋਂ ਸੰਗਤਾਂ ਨੇ ਹੱਥ 'ਚ ਨਾਅਰੇ ਲਿਖੀਆਂ ਤਖਤੀਆਂ ਤੇ ਕਾਲੇ ਝੰਡੇ ਫੜੇ ਹੋਏ ਸਨ, ਨਾਲ ਹੀ ਬਾਹਾਂ 'ਤੇ ਕਾਲੀਆਂ ਪੱਟੀਆਂ ਵੀ ਬੰਨ੍ਹੀਆਂ ਹੋਈਆ ਸਨ।

ਅਫ਼ਗਾਨ ਦੂਤਘਰ ਦੇ ਅਧਿਕਾਰੀਆਂ ਨੇ ਥਾਣਾ ਚਾਣੱਕਿਆਪੁਰੀ ਦੇ ਬਾਹਰ ਖੁਦ ਪੁੱਜ ਕੇ ਸਿੱਖ ਆਗੂਆਂ ਤੋਂ ਮੰਗ ਪੱਤਰ ਲੈਣ ਦੀ ਪੇਸ਼ਕਸ਼ ਕੀਤੀ ਪਰ ਸਿੱਖ ਆਗੂਆਂ ਨੇ ਅਫ਼ਗਾਨੀ ਸਫੀਰ ਨਾਲ ਮੁਲਾਕਾਤ ਉਪਰੰਤ ਮੰਗ ਪੱਤਰ ਦੇਣ ਦੀ ਗੱਲ ਕਹੀ। ਮੁਲਾਕਾਤ ਦੌਰਾਨ ਅਫ਼ਗਾਨੀ ਸਫੀਰ ਐੱਚ. ਈ. ਸੈਇਦਾ ਮੁਹੰਮਦ ਅਬਦਾਲੀ ਨੇ ਸਿੱਖ ਵਫਦ ਦੀਆਂ ਮੰਗਾਂ ਨੂੰ ਗੌਰ ਨਾਲ ਸੁਣਨ ਉਪਰੰਤ ਮੰਗਾਂ ਬਾਰੇ ਅਫ਼ਗਾਨ ਸਰਕਾਰ ਨੂੰ ਜਾਣੂ ਕਰਵਾਉਣ ਦਾ ਭਰੋਸਾ ਦਿੱਤਾ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀ. ਕੇ. ਨੇ ਦੱਸਿਆ ਕਿ ਅਬਦਾਲੀ ਨੇ ਘੱਟਗਿਣਤੀ ਕੋਟੇ ਦੀ ਸੰਸਦ ਮੈਂਬਰ ਸੀਟ ਲਈ ਕਿਸੇ ਸਿੱਖ ਆਗੂ ਦਾ ਨਾਂ ਨਾਮਜ਼ਦ ਕਰਨ, ਅਫ਼ਗਾਨੀ ਹਿੰਦੂਆਂ ਅਤੇ ਸਿੱਖਾਂ ਨੂੰ ਸੁਰੱਖਿਆ ਦੇਣ, ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਸਰਕਾਰ ਨਾਲ ਗੱਲ ਕਰਨ, ਸਥਾਨਕ ਪਾਸਪੋਰਟ ਦਫ਼ਤਰਾਂ 'ਚ ਸਿੱਖਾਂ ਅਤੇ ਹਿੰਦੂਆਂ ਨੂੰ ਦੇਣੀ ਪੈਂਦੀ ਫੀਸ ਨੂੰ ਹਟਾਉਣ ਸਣੇ ਅਫ਼ਗਾਨਿਸਤਾਨ ਜਾਣ ਦੇ ਇੱਛੁਕ ਵਫਦ ਨੂੰ ਵੀਜ਼ਾ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਬਦਾਲੀ ਨੇ ਮੰਨਿਆ ਹੈ ਕਿ ਅਫ਼ਗਾਨਿਸਤਾਨ 'ਚ ਅੱਤਵਾਦ ਦਾ ਸ਼ਿਕਾਰ ਸਾਰੇ ਫਿਰਕੇ ਹੋ ਰਹੇ ਹਨ, ਮਰਨ ਵਾਲਿਆਂ 'ਚ ਮੁਸਲਮਾਨ ਵੀ ਸ਼ਾਮਲ ਹਨ।
ਉਤਰਾਖੰਡ: ਕੁਝ ਇਲਾਕਿਆਂ 'ਚ ਭਾਰੀ ਬਾਰਸ਼ ਦਾ ਅਲਰਟ, ਕੈਲਾਸ਼ ਮਾਨਸਰੋਵਰ ਯਾਤਰਾ ਦੇ 6ਵੇਂ ਜੱਥੇ ਨੂੰ ਰੋਕਿਆ
NEXT STORY