ਆਗਰਾ (ਵਾਰਤਾ)- ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੀ ਤਹਿਸੀਲ ਖੇਰਾਗੜ੍ਹ 'ਚ ਸੈਂਯਾ ਰੋਡ 'ਤੇ ਸੋਮਵਾਰ ਦੇਰ ਰਾਤ ਆਟੋ ਰਿਕਸ਼ਾ ਅਤੇ ਕਾਰ ਦੀ ਆਹਮਣੇ-ਸਾਹਮਣੇ ਦੀ ਟੱਕਰ 'ਚ ਪਿਤਾ-ਪੁੱਤ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਸੋਮਵਾਰ ਰਾਤ ਆਗਰਾ ਤੋਂ ਸਵਾਰੀਆਂ ਲੈ ਕੇ ਆਟੋ ਰਿਕਸ਼ਾ ਖੇਰਾਗੜ੍ਹ ਆ ਰਿਹਾ ਸੀ। ਉਸ 'ਚ ਡਰਾਈਵਰ ਸਮੇਤ 10 ਲੋਕ ਬੈਠੇ ਹੋਏ ਸਨ। ਆਟੋ ਰਿਕਸ਼ਾ ਜਿਵੇਂ ਹੀ ਖੇਰਾਗੜ੍ਹ-ਸੈਂਯਾ ਮਾਰਗ 'ਤੇ ਦੀਨਦਿਆਲ ਮੰਦਰ ਨੇੜੇ ਪੁੱਜਿਆ, ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨਾਲ ਉਸ ਦੀ ਟੱਕਰ ਹੋ ਗਈ। ਆਹਮਣੇ-ਸਾਹਮਣੇ ਦੀ ਟੱਕਰ 'ਚ ਆਟੋ ਰਿਕਸ਼ਾ ਨੁਕਸਾਨੇ ਜਾਣ ਦੇ ਨਾਲ ਪਲਟ ਗਿਆ। ਉਸ 'ਚ ਸਵਾਰ ਲੋਕ ਆਟੋ ਹੇਠਾਂ ਦੱਬ ਗਏ। ਪੁਲਸ ਅਨੁਸਾਰ ਜ਼ਖ਼ਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਆਟੋ ਰਿਕਸ਼ਾ ਦੇ ਪਰਖੱਚੇ ਉੱਡ ਗਏ। 5 ਲੋਕਾਂ ਦੀ ਰਾਤ ਨੂੰ ਹੀ ਮੌਤ ਹੋ ਗਈ, ਜਦੋਂ ਕਿ ਇਕ ਔਰਤ ਨੇ ਮੰਗਲਵਾਰ ਸਵੇਰੇ ਹਸਪਤਾਲ 'ਚ ਦਮ ਤੋੜ ਦਿੱਤਾ।
ਪੀੜਤਾਂ ਦੀ ਚੀਕ ਸੁਣ ਕੇ ਨੇੜੇ-ਤੇੜੇ ਦੇ ਲੋਕ ਦੌੜੇ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਖੇਰਾਗੜ੍ਹ ਥਾਣਾ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲੋਕਾਂ ਦੀ ਮਦਦ ਨਾਲ ਆਟੋ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਇਸ 'ਚ ਬ੍ਰਿਜਮੋਹਨ ਸ਼ਰਮਾ (62) ਵਾਸੀ ਖੇਰਾਗੜ੍ਹ, ਆਟੋ ਡਰਾਈਵਰ ਭੋਲਾ (33) ਵਾਸੀ ਅਯੇਲਾ ਅਤੇ ਸੁਮਿਤ (12) ਵਾਸੀ ਨਗਲਾ ਉਦਯਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਸੁਮਿਤ ਦੇ ਪਿਤਾ ਜੈਪ੍ਰਕਾਸ਼ (45) ਵਾਸੀ ਨਗਲ ਉਦਯਾ, ਇਨ੍ਹਾਂ ਦੀ ਪਤਨੀ ਬ੍ਰਿਜੇਸ਼ ਦੇਵੀ (44) ਅਤੇ ਖੇਰਾਗੜ੍ਹ ਵਾਸੀ ਮਨੋਜ ਸ਼ਰਮਾ (35) ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਥਾਣਾ ਇੰਚਾਰਜ ਰਾਜੀਵ ਕੁਮਾਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਾਰ ਡਰਾਈਵਰ ਕਾਰ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਕਾਰ ਕਬਜ਼ੇ 'ਚ ਲੈ ਲਈ ਹੈ।
ਹੁਣ ਯੂ. ਪੀ. ਤੇ ਬਿਹਾਰ ’ਚ ਵੀ ‘ਖੇਲਾ’ ਦੀ ਤਿਆਰੀ
NEXT STORY