ਔਰੈਯਾ, (ਏਜੰਸੀ)-ਉੱਤਰ ਪ੍ਰਦੇਸ਼ ਦੇ ਔਰੈਯਾ ਜ਼ਿਲੇ ਦੇ ਸਹਾਰ ਥਾਣਾ ਖੇਤਰ ਦੇ ਪੁਰਵਾ ਸੋਮਵੰਸ਼ੀ ਪਿੰਡ ’ਚ ਸੋਮਵਾਰ ਦੇਰ ਰਾਤ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੇ 15 ਸਾਲਾ ਪੁੱਤਰ ਦੀ ਡੰਡੇ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਵਾਰਦਾਤ ਤੋਂ ਬਾਅਦ ਪਿਓ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਉਸ ਦੀ ਭਾਲ ਕਰ ਰਹੀ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਉਮੇਦ ਸਿੰਘ ਪਿਛਲੇ ਕੁਝ ਸਮੇਂ ਤੋਂ ਆਪਣੇ ਪੁੱਤਰ ਈਸ਼ੂ ਉਰਫ਼ ਰਿਸ਼ੂ ਤੋਂ ਨਾਰਾਜ਼ ਚੱਲ ਰਿਹਾ ਸੀ। ਪਿੰਡ ਵਾਸੀਆਂ ਅਨੁਸਾਰ ਨਾਬਾਲਗ ਖਿਲਾਫ ਪਿੰਡ ’ਚ ਚੋਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਨਾਲ ਪਿਓ ਉਸ ਤੋਂ ਨਾਰਾਜ਼ ਸੀ।
ਸੋਮਵਾਰ ਦੇਰ ਰਾਤ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋਈ। ਵਿਵਾਦ ਵਧਣ ’ਤੇ ਕਥਿਤ ਤੌਰ ’ਤੇ ਨਸ਼ੇ ’ਚ ਧੁੱਤ ਉਮੇਦ ਸਿੰਘ ਨੇ ਪੁੱਤਰ ’ਤੇ ਡੰਡੇ ਨਾਲ ਹਮਲਾ ਕਰ ਦਿੱਤਾ। ਗੰਭੀਰ ਰੂਪ ’ਚ ਜ਼ਖਮੀ ਨਾਬਾਲਗ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਮਾਂ ਲਤਾ ਦੇਵੀ ਦਾ ਲੱਗਭਗ 14 ਸਾਲ ਪਹਿਲਾਂ ਦਿਹਾਂਤ ਹੋ ਚੁੱਕਾ ਸੀ। ਪਰਿਵਾਰ ’ਚ ਵੱਡਾ ਭਰਾ ਨੀਰਜ (22) ਅਤੇ ਭੈਣ ਕਾਜਲ (17) ਹਨ। ਘਟਨਾ ਦੇ ਸਮੇਂ ਕਾਜਲ ਸੁੱਤੀ ਪਈ ਸੀ, ਜਦਕਿ ਭਰਾ ਨੀਰਜ ਗਣੇਸ਼ ਆਰਤੀ ’ਚ ਸ਼ਾਮਲ ਹੋਣ ਗਿਆ ਸੀ। ਥਾਣਾ ਮੁਖੀ ਗਨੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਮੁਲਜ਼ਮ ਦੇ ਨਸ਼ੇ ’ਚ ਹੋਣ ਦੀ ਗੱਲ ਸਾਹਮਣੇ ਆਈ ਹੈ। ਉਸ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਲਖੀਮਪੁਰ ਖੀਰੀ ਹਿੰਸਾ : ਸੁਪਰੀਮ ਕੋਰਟ ਨੇ ਹਾਈ ਕੋਰਟ ਤੋਂ ਜੱਜ ਦੇ ਆਚਰਣ ਦੀ ਰਿਪੋਰਟ ਮੰਗੀ
NEXT STORY