ਨਵੀਂ ਦਿੱਲੀ (ਭਾਸ਼ਾ)— ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਵਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਸਥਿਤ 'ਗੁਰਦੁਆਰਾ ਰਕਾਬ ਗੰਜ ਸਾਹਿਬ' ਕੰਪਲੈਕਸ ਵਿਚ ਆਧੁਨਿਕ ਪ੍ਰਿੰਟਿੰਗ ਪ੍ਰੈੱਸ ਦੀ ਸਥਾਪਨਾ ਕੀਤੀ ਹੈ। ਇਸ ਪ੍ਰਿੰਟਿਗ ਪ੍ਰੈੱਸ ਦੀ ਲਾਗਤ 8 ਕਰੋੜ ਰੁਪਏ ਆਈ ਹੈ। ਇੱਥੇ ਦੱਸ ਦੇਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਮਾਣਿਕ ਛਪਾਈ ਲਈ ਦੁਨੀਆ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਾਨੂੰਨੀ ਤੌਰ 'ਤੇ ਅਧਿਕਾਰਤ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਪ੍ਰੈੱਸ ਵਿਚ ਸਿੱਖ ਧਰਮ ਦੀ ਰਿਵਾਇਤਾਂ ਦਾ ਪਾਲਣ ਕਰਦੇ ਹੋਏ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਕੀਤੀ ਜਾਵੇਗੀ। ਇੱਥੇ ਪ੍ਰਕਾਸ਼ਿਤ ਪ੍ਰਮਾਣਿਕ ਸਮੱਗਰੀ ਦੁਨੀਆ ਦੇ ਲੱਗਭਗ 40 ਦੇਸ਼ਾਂ ਵਿਚ ਗੁਰਦੁਆਰਿਆਂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸਸਤੀ ਦਰ 'ਤੇ ਉਪਲੱਬਧ ਕਰਵਾਈ ਜਾਵੇਗੀ। ਸਿਰਸਾ ਨੇ ਇਹ ਵੀ ਦੱਸਿਆ ਕਿ ਨਵੀਂ ਪ੍ਰਿੰਟਿੰਗ ਪ੍ਰੈੱਸ ਪ੍ਰਤੀ ਘੰਟਾ ਲੱਗਭਗ 15,000 ਰੰਗੀਨ ਪੰਨੇ ਪ੍ਰਕਾਸ਼ਿਤ ਕਰਨ ਦੀ ਸਮਰੱਥਾ ਰੱਖਦੀ ਹੈ ਅਤੇ ਇਸ ਦੇ ਸਥਾਪਤ ਹੋਣ ਨਾਲ ਅਪ੍ਰਵਾਸੀ ਭਾਰਤੀਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਧਦੀ ਮੰਗ ਨੂੰ ਪੂਰਾ ਕੀਤਾ ਜਾ ਸਕੇਗਾ।
ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 1430 ਪੰਨਿਆਂ ਦੀ ਮਹਿਜ ਇਕ ਧਾਰਮਿਕ ਕਿਤਾਬ ਨਹੀਂ ਹੈ, ਸਗੋਂ ਇਸ ਨੂੰ ਸਿੱਖ ਧਰਮ 'ਚ ਗੁਰੂ ਦਾ ਦਰਜਾ ਹਾਸਲ ਹੈ। ਇਸ ਪਾਵਨ ਗ੍ਰੰਥ ਦੀ ਛਪਾਈ ਦੌਰਾਨ ਵੀ ਇਸ ਦੇ ਉੱਚੇ ਰੁਤਬੇ ਦਾ ਪੂਰਾ ਮਾਣ ਰੱਖਿਆ ਜਾਂਦਾ ਹੈ। ਸਿਰਸਾ ਨੇ ਅੱਗੇ ਦੱਸਿਆ ਕਿ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਵਲੋਂ ਸਥਾਪਤ ਨਵੀਂ ਪ੍ਰਿਟਿੰਗ ਪ੍ਰੈੱਸ ਲਈ 'ਗ੍ਰੰਥ ਸਾਹਿਬ ਭਵਨ' ਦੇ ਨਾਮ ਤੋਂ ਇਕ ਨਵਾਂ ਕੰਪਲੈਕਸ ਸਥਾਪਤ ਕੀਤਾ ਗਿਆ ਹੈ, ਜਿੱਥੇ 1430 ਪੰਨਿਆਂ ਦੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਪਰੰਪਰਾ ਅਤੇ ਮਰਿਆਦਾ ਮੁਤਾਬਕ ਪੂਰੀ ਤਰ੍ਹਾਂ ਸਿੱਖਿਅਤ ਹੁਨਰਮੰਦ ਸਿੱਖ ਮਾਹਰਾਂ ਵਲੋਂ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਥੇ ਸਿੱਖ ਸਾਹਿਤ, ਪ੍ਰਚਾਰ ਸਮੱਗਰੀ, ਡਾਇਰੀਆਂ ਅਤੇ ਕਲੰਡਰ ਵੀ ਪ੍ਰਕਾਸ਼ਿਤ ਕੀਤੇ ਜਾਣਗੇ।
ਮਨ ਦੀ ਬਾਤ 'ਚ ਬੋਲੇ PM ਮੋਦੀ- ਚੰਦਰਯਾਨ 2 ਦੀ ਸਫਲ ਲਾਚਿੰਗ ਦੇਸ਼ ਲਈ ਮਾਣ
NEXT STORY