ਨੈਸ਼ਨਲ ਡੈਸਕ- ਲੋਕ ਸਭਾ ਅਤੇ ਕਈ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ’ਚ ਕਿਹੜੇ ਨੇਤਾਵਾਂ ਦੀ ਕਿਸਮਤ ਚਮਕੀ ਤੇ ਕਿਹੜੇ ਨੇਤਾ ਅਰਸ਼ ਤੋਂ ਫਰਸ਼ ’ਤੇ ਡਿੱਗੇ, ਆਓ ਇਸ ਸਬੰਧੀ ਜਾਣਦੇ ਹਾਂ। ਰਾਹੁਲ ਗਾਂਧੀ ਤੋਂ ਲੈ ਕੇ ਚੰਦਰਬਾਬੂ ਨਾਇਡੂ ਤੱਕ ਅਤੇ ਜਗਨਮੋਹਨ ਰੈੱਡੀ ਤੋਂ ਲੈ ਕੇ ਅਜੀਤ ਪਵਾਰ ਤੱਕ ਕਿਸ ਨੇ ਕੀ ਹਾਸਲ ਕੀਤਾ ਅਤੇ ਕੀ ਗੁਆਇਆ, ਸਬੰਧੀ ਪੜਚੋਲ ਕਰਦੇ ਹਾਂ।
ਪਹਿਲਾਂ ਜਾਣਦੇ ਹਾਂ ਉਨ੍ਹਾਂ ਬਾਰੇ ਜਿਨ੍ਹਾਂ ਦੀ ਕਿਸਮਤ ਉਨ੍ਹਾਂ ’ਤੇ ਮਿਹਰਬਾਨ ਸੀ।
ਰਾਹੁਲ ਗਾਂਧੀ : ਕਾਂਗਰਸ ਕੋਲ 2014 ’ਚ 44 ਤੇ 2019 ’ਚ 52 ਸੀਟਾਂ ਸਨ। ਇਸ ਵਾਰ ਉਹ 90 ਤੋਂ ਵੱਧ ਸੀਟਾਂ ’ਤੇ ਅੱਗੇ ਹੈ। ਇਸ ਦਾ ਮਤਲਬ ਇਹ ਹੈ ਕਿ ਪਿਛਲੀ ਵਾਰ ਦੇ ਮੁਕਾਬਲੇ ਪਾਰਟੀ ਲਗਭਗ ਦੁੱਗਣੀਆਂ ਸੀਟਾਂ ਜਿੱਤ ਰਹੀ ਹੈ।
ਅਖਿਲੇਸ਼ ਯਾਦਵ : ਪਿਛਲੀ ਵਾਰ ਸਪਾ ਨੇ ਬਸਪਾ ਨਾਲ ਗੱਠਜੋੜ ਕੀਤਾ ਸੀ। ਬਸਪਾ ਨੂੰ 10 ਸੀਟਾਂ ਮਿਲੀਆਂ ਸਨ ਪਰ ਸਪਾ ਸਿਰਫ਼ ਪੰਜ ਸੀਟਾਂ ਹੀ ਜਿੱਤ ਸਕੀ ਸੀ। ਇਸ ਵਾਰ ਸਪਾ ਨੇ ਕਾਂਗਰਸ ਨਾਲ ਹੱਥ ਮਿਲਾਇਆ। ਸਪਾ ਨੇ 30 ਤੋਂ ਵੱਧ ਸੀਟਾਂ ਜਿੱਤੀਆਂ ਹਨ। ਸਪਾ ਨੇ ਪੂਰੇ ਦੇਸ਼ ’ਚ ਭਾਜਪਾ ਨੂੰ ਸਭ ਤੋਂ ਵੱਡਾ ਝਟਕਾ ਦਿੱਤਾ ਹੈ।
ਚੰਦਰਬਾਬੂ ਨਾਇਡੂ : ਟੀ. ਡੀ. ਪੀ. ਭਾਵ ਤੇਲਗੂ ਦੇਸ਼ਮ ਪਾਰਟੀ ਆਂਧਰਾ ਪ੍ਰਦੇਸ਼ ’ਚ ਸਰਕਾਰ ਬਣਾਉਣ ਦੇ ਨੇੜੇ ਹੈ। ਉਹ 127 ਸੀਟਾਂ ’ਤੇ ਅੱਗੇ ਹੈ। ਪਿਛਲੀ ਵਾਰ ਉਸ ਨੇ 23 ਸੀਟਾਂ ਹੀ ਜਿੱਤੀਆਂ ਸਨ।
ਊਧਵ ਠਾਕਰੇ : 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਊਧਵ ਠਾਕਰੇ ਤੇ ਭਾਜਪਾ ਵਿਚਾਲੇ ਦੂਰੀ ਵੱਧ ਗਈ ਹੈ। ਊਧਵ ਨੇ ਕਾਂਗਰਸ ਤੇ ਸ਼ਰਦ ਪਵਾਰ ਦੀ ਐੱਨ. ਸੀ. ਪੀ. ਨਾਲ ਮਿਲ ਕੇ ਸਰਕਾਰ ਬਣਾਈ। 2022 ’ਚ ਸ਼ਿਵ ਸੈਨਾ ’ਚ ਬਗਾਵਤ ਨਾਲ ਨਾ ਸਿਰਫ ਊਧਵ ਠਾਕਰੇ ਦੀ ਸਰਕਾਰ ਡਿੱਗੀ, ਸਗੋਂ ਪਾਰਟੀ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਨਵੇਂ ਨਾਂ ਤੇ ਚੋਣ ਨਿਸ਼ਾਨ ਨਾਲ ਲੜ ਰਹੀ ਊਧਵ ਠਾਕਰੇ ਦੀ ਪਾਰਟੀ ਰਾਤ ਤੱਕ 10 ਸੀਟਾਂ ’ਤੇ ਅੱਗੇ ਸੀ ਜਦਕਿ ਊਧਵ ਖਿਲਾਫ ਬਗਾਵਤ ਕਰਨ ਵਾਲੇ ਏਕਨਾਥ ਸ਼ਿੰਦੇ ਦਾ ਧੜਾ 6 ਸੀਟਾਂ ’ਤੇ ਅੱਗੇ ਸੀ। ਜੇ ਇਹੀ ਰੁਝਾਨ ਨਤੀਜਿਆਂ ’ਚ ਬਦਲਦੇ ਹਨ ਤਾਂ ਊਧਵ ਠਾਕਰੇ ਇਹ ਕਹਿਣ ਦੀ ਸਥਿਤੀ ’ਚ ਹੋਣਗੇ ਕਿ ਉਨ੍ਹਾਂ ਦੀ ਸ਼ਿਵ ਸੈਨਾ ਹੀ ਅਸਲੀ ਸ਼ਿਵ ਸੈਨਾ ਹੈ।
ਹੁਣ ਜਾਣੋ ਉਨ੍ਹਾਂ ਬਾਰੇ ਜਿਨ੍ਹਾਂ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ
ਜਗਨਮੋਹਨ ਰੈੱਡੀ : ਉਨ੍ਹਾਂ ਨੂੰ ਆਂਧਰਾ ਵਿਧਾਨ ਸਭਾ ਦੀਆਂ ਚੋਣਾਂ ’ਚ ਸਭ ਤੋਂ ਵੱਡੀ ਹਾਰ ਮਿਲੀ। ਪਿਛਲੀ ਵਾਰ ਉਨ੍ਹਾਂ ਦੀ ਵਾਈ. ਐੱਸ. ਆਰ. ਕਾਂਗਰਸ ਪਾਰਟੀ ਨੇ 151 ਸੀਟਾਂ ਜਿੱਤੀਆਂ ਸਨ। ਇਸ ਵਾਰ ਉਹ 22 ਸੀਟਾਂ ’ਤੇ ਆ ਗਈ।
ਨਵੀਨ ਪਟਨਾਇਕ : ਪਿਛਲੀ ਵਾਰ ਓਡਿਸ਼ਾ ਵਿਧਾਨ ਸਭਾ ਦੀਆਂ ਚੋਣਾਂ ’ਚ ਬੀਜੂ ਜਨਤਾ ਦਲ ਨੇ 112 ਸੀਟਾਂ ਜਿੱਤੀਆਂ ਸਨ। ਇਸ ਵਾਰ ਉਹ 47 ਸੀਟਾਂ ਜਿੱਤਦੀ ਨਜ਼ਰ ਆ ਰਹੀ ਹੈ। ਇੱਥੇ ਭਾਜਪਾ ਸਰਕਾਰ ਬਣਾਉਣ ਦੀ ਸਥਿਤੀ ’ਚ ਹੈ।
ਮਾਇਆਵਤੀ : ਪਿਛਲੀਆਂ ਚੋਣਾਂ ’ਚ ਬਸਪਾ ਦੇ 10 ਸੰਸਦ ਮੈਂਬਰ ਜਿੱਤੇ ਸਨ। ਇਸ ਵਾਰ ਬਸਪਾ ਖਾਤਾ ਵੀ ਨਹੀਂ ਖੋਲ੍ਹ ਸਕੀ।
ਅਜੀਤ ਪਵਾਰ : ਚਾਚਾ ਸ਼ਰਦ ਪਵਾਰ ਨਾਲ ਬਗਾਵਤ ਕਰ ਕੇ ਐੱਨ. ਡੀ. ਏ. ’ਚ ਸ਼ਾਮਲ ਹੋਏ ਅਜੀਤ ਪਵਾਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ’ਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੂੰ ਪਾਰਟੀ ਦਾ ਚੋਣ ਨਿਸ਼ਾਨ ਵੀ ਮਿਲਿਆ ਪਰ ਨਤੀਜਿਆਂ ’ਚ ਮਹਾਰਾਸ਼ਟਰ ਦੇ ਲੋਕਾਂ ਨੇ ਸ਼ਰਦ ਪਵਾਰ ਦੀ ਪਾਰਟੀ ਨੂੰ ਹੀ ਅਸਲੀ ਐੱਨ. ਸੀ. ਪੀ. ਮੰਨਿਆ ਹੈ। ਅਜੀਤ ਪਵਾਰ ਦੀ ਪਾਰਟੀ ਸਿਰਫ਼ ਇਕ ਸੀਟ 'ਤੇ ਅੱਗੇ ਸੀ। ਅਜੀਤ ਦੀ ਪਤਨੀ ਆਪਣੀ ਭਰਜਾਈ ਸੁਪ੍ਰਿਆ ਸੁਲੇ ਤੋਂ ਹਾਰ ਗਈ ਹੈ।
ਲੋਕ ਸਭਾ ਚੋਣਾਂ 'ਚ ਮੇਰਠ ਤੋਂ ਅਰੁਣ ਗੋਵਿਲ ਨੇ ਦਰਜ ਕੀਤੀ ਜਿੱਤ, 36 ਸਾਲਾਂ ਬਾਅਦ ਮੁੜ ਖੱਟੀ ਪ੍ਰਸਿੱਧੀ
NEXT STORY