ਗੁੜਗਾਓਂ — ਗੁੜਗਾਓਂ ਵਿਚ ਸਕੂਲ ਦੇ ਟਾਇਲਟ 'ਚ ਦੂਸਰੀ ਜਮਾਤ ਦੇ ਵਿਦਿਆਰਥੀ ਦੀ ਹੱਤਿਆ ਦੇ ਮਾਮਲੇ 'ਚ ਸੀ.ਬੀ.ਆਈ. ਨੇ ਸੋਮਵਾਰ ਨੂੰ ਚਾਰਜਸ਼ੀਟ ਦਾਖਲ ਕਰ ਦਿੱਤੀ। ਕਰੀਬ ਹਜ਼ਾਰ ਸਫ਼ਿਆ ਦੀ ਇਸ ਚਾਰਜਸ਼ੀਟ 'ਚ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਦੋਸ਼ੀ ਬਣਾਇਆ ਗਿਆ ਹੈ। ਵਾਰਦਾਤ ਵਾਲੇ ਸਥਾਨ ਤੋਂ ਉਂਗਲੀਆਂ ਦੇ ਮਿਲੇ ਨਿਸ਼ਾਨ, ਮੁਲਜ਼ਮ ਨਾਲ ਮਿਲਦੇ-ਜੁਲਦੇ ਹਨ। ਪਹਿਲਾਂ ਗ੍ਰਿਫਤਾਰ ਕੀਤੇ ਗਏ ਬੱਸ ਕੰਡਕਟਰ ਅਸ਼ੋਕ ਨੂੰ ਸੀ.ਬੀ.ਆਈ. ਨੇ ਕਲੀਨਚਿੱਟ ਦੇਣ ਤੋਂ ਬਾਅਦ ਸਰਕਾਰੀ ਗਵਾਹ ਬਣਾ ਲਿਆ ਹੈ। ਹਾਲਾਂਕਿ ਚਾਰਜਸ਼ੀਟ ਅਜੇ ਅਧੂਰੀ ਹੈ। ਸੀ.ਬੀ.ਆਈ. ਨੇ ਜਾਂਚ ਜਾਰੀ ਹੋਣ ਦਾ ਹਵਾਲਾ ਦੇ ਕੇ ਬਾਅਦ ਵਿਚ ਸਪਲੀਮੈਂਟਰੀ ਚਾਰਜਸ਼ੀਟ ਦੇਣ ਦੀ ਗੱਲ ਕਹੀ ਹੈ। ਜਸਟਿਸ ਜੇ.ਐੱਸ. ਕੁੰਡੂ ਦੀ ਅਦਾਲਤ 12 ਫਰਵਰੀ ਨੂੰ ਇਸ ਕੇਸ 'ਤੇ ਸੁਣਵਾਈ ਕਰੇਗੀ। ਕੋਰਟ ਮੁਲਜ਼ਮ ਨੂੰ ਬਾਲਗ ਮੰਨ ਕੇ ਕੇਸ ਚਲਾ ਰਹੀ ਹੈ। ਮਾਰੇ ਗਏ ਬੱਚੇ ਦੇ ਪਿਤਾ ਦੇ ਵਕੀਲ ਟੇਕਰੀਵਾਲ ਨੇ ਦੱਸਿਆ ਕਿ ਸੀ.ਬੀ.ਆਈ. ਨੇ 50 ਗਵਾਹ ਬਣਾਏ ਹਨ। ਹੱਤਿਆ ਤੋਂ ਇਲਾਵਾ ਸਾਜ਼ਿਸ ਘੜਣ ਦਾ ਵੀ ਕੇਸ ਚਲਾਇਆ ਗਿਆ ਹੈ।
ਪਿਛਲੇ ਸਾਲ 8 ਸਤੰਬਰ ਨੂੰ ਗੁੜਗਾਓਂ ਦੇ ਸਕੂਲ 'ਚ ਦੂਸਰੀ ਜਮਾਤ ਦੇ ਵਿਦਿਆਰਥੀ ਦੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਸੀ.ਬੀ.ਆਈ. ਨੇ ਸਕੂਲ ਦੇ ਹੀ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਦੋਸ਼ੀ ਮੰਨਦੇ ਹੋਏ ਗ੍ਰਿਫਤਾਰ ਕੀਤਾ ਸੀ। ਕੋਰਟ ਨੇ ਇਸ ਕੇਸ ਨਾਲ ਜੁੜੇ ਲੋਕਾਂ ਦੀ ਪਛਾਣ ਜ਼ਾਹਰ ਕਰਨ 'ਤੇ ਰੋਕ ਲਗਾਈ ਹੋਈ ਹੈ।
ਮੁਲਜ਼ਮ ਦੀ ਤੀਸਰੀ ਵਾਰ ਜ਼ਮਾਨਤ ਪਟੀਸ਼ਨ ਖਾਰਜ
11ਵੀਂ ਜਮਾਤ ਦੇ ਮੁਲਜ਼ਮ ਵਿਦਿਆਰਥੀ ਨੂੰ 9 ਨਵੰਬਰ 2017 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੋਮਵਾਰ ਨੂੰ ਉਸਦੇ 90 ਦਿਨ ਪੂਰੇ ਹੋ ਰਹੇ ਹਨ। ਉਸਦੇ ਵਕੀਲ ਨੇ ਸੋਮਵਾਰ ਨੂੰ ਹੀ ਜ਼ਮਾਨਤ ਪਟੀਸ਼ਨ ਦਾਇਰ ਕਰ ਦਿੱਤੀ ਸੀ, ਜੇਕਰ ਸੀ.ਬੀ.ਆਈ. ਚਾਰਜਸ਼ੀਟ ਦਾਇਰ ਨਾ ਕਰਦੀ ਤਾਂ ਮੁਲਜ਼ਮ ਵਿਦਿਆਰਥੀ ਨੂੰ ਜ਼ਮਾਨਤ ਮਿਲ ਸਕਦੀ ਸੀ।
ਐੱਨ. ਜੀ. ਟੀ. ਨੇ ਯੂ. ਪੀ. ਸਰਕਾਰ ਨੂੰ ਕੀਤਾ 10 ਲੱਖ ਦਾ ਜੁਰਮਾਨਾ
NEXT STORY