ਕੋਲਕਾਤਾ - ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਨੰਦੀਗ੍ਰਾਮ ਦੀ ਸਿਆਸੀ ਲੜਾਈ ਹੁਣ ਹਿੰਸਾ ਵਿਚ ਤਬਦੀਲ ਹੁੰਦੀ ਨਜ਼ਰ ਆ ਰਹੀ ਹੈ। ਨੰਦੀਗ੍ਰਾਮ ਤੋਂ ਭਾਜਪਾ ਦੇ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਦੀ ਪਦ ਯਾਤਰਾ ਅਤੇ ਰੈਲੀ 'ਤੇ ਵੀਰਵਾਰ ਹਮਲਾ ਹੋਇਆ। ਇਸ ਨੂੰ ਲੈ ਕੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਤ੍ਰਿਣਮੂਲ ਕਾਂਗਰਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੇਰੇ ਸਾਹਮਣੇ ਹੀ ਪਾਰਟੀ ਦੇ ਇਕ ਵਰਕਰ 'ਤੇ ਹਮਲਾ ਕੀਤਾ ਗਿਆ ਜਿਸ ਕਾਰਣ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਨੂੰ ਖੁਦ ਧਰਮਿੰਦਰ ਪ੍ਰਧਾਨ ਹਸਪਤਾਲ ਲੈ ਕੇ ਗਏ। ਇਹ ਘਟਨਾ ਨੰਦੀਗ੍ਰਾਮ ਵਿਧਾਨ ਸਭਾ ਸੀਟ ਦੇ ਸੋਨਾਚੂਰਾ ਇਲਾਕੇ ਵਿਚ ਵਾਪਰੀ। ਸ਼ੁਭੇਂਦੂ ਨੇ ਕਿਹਾ ਕਿ ਸਥਾਨਕ ਪੁਲਸ ਦੀ ਮੌਜੂਦਗੀ ਵਿਚ ਉਕਤ ਹਮਲਾ ਹੋਇਆ।
ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਭਾਜਪਾ ਵਰਕਰ ਦੇ ਸਿਰ ਵਿਚੋਂ ਖੂਨ ਵਗ ਰਿਹਾ ਸੀ। ਜਦੋਂ ਭਾਜਪਾ ਵਰਕਰ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਵੀ ਤ੍ਰਿਣਮੂਲ ਕਾਂਗਰਸ ਦੇ ਗੁੰਡੇ ਮੌਜੂਦ ਸਨ। ਉਹ ਲੋਕਾਂ ਨੂੰ ਡਰਾ ਰਹੇ ਸਨ।
ਨੀਮ ਸੁਰੱਖਿਆ ਫੋਰਸਾਂ ਨੂੰ ਕੀਤਾ ਜਾਏ ਤਾਇਨਾਤ - ਪ੍ਰਧਾਨ
ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮਮਤਾ ਦੀਦੀ ਨੂੰ ਲੋਕਰਾਜੀ ਢੰਗ ਨਾਲ ਚੋਣ ਮੈਦਾਨ ਵਿਚ ਉਤਰਣਾ ਚਾਹੀਦਾ ਹੈ। ਸ਼ੁਭੇਂਦੂ ਅਧਿਕਾਰੀ ਦੀ ਪਦ ਯਾਤਰਾ ਸ਼ੁਰੂ ਹੋਣ ਪਿੱਛੋਂ ਸਾਡੇ ਯੂਥ ਮੋਰਚੇ ਦੇ ਵਰਕਰਾਂ 'ਤੇ ਹਮਲਾ ਹੋਇਆ। ਸਾਡੀ ਚੋਣ ਕਮਿਸ਼ਨ ਨੂੰ ਅਪੀਲ ਹੈ ਕਿ ਇਥੇ ਸੁਰੱਖਿਆ ਲਈ ਨੀਮ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਜਾਵੇ।
ਭਾਜਪਾ ਐੱਮ. ਪੀ. ਅਰਜੁਨ ਸਿੰਘ ਦੇ ਘਰ 'ਤੇ ਬੰਬ ਨਾਲ ਹਮਲਾ
ਇਸ ਤੋਂ ਪਹਿਲਾਂ ਭਾਜਪਾ ਦੇ ਇਕ ਐੱਮ. ਪੀ. ਅਰਜੁਨ ਸਿੰਘ ਦੇ ਨਿਵਾਸ 'ਤੇ ਵੀ ਬੰਬ ਨਾਲ ਹਮਲਾ ਹੋਇਆ ਸੀ। ਇਸ ਵਿਚ 3 ਵਿਅਕਤੀ ਜ਼ਖਮੀ ਹੋਏ ਸਨ। ਉੱਤਰੀ 24 ਪਰਗਨਾ ਜ਼ਿਲੇ ਦੇ ਭਾਟਪਾਰਾ ਦੇ ਜਗਦਲ ਇਲਾਕੇ ਵਿਚ ਵਾਪਰੀ ਇਸ ਘਟਨਾ ਨੂੰ ਲੈ ਕੇ ਹੁਣ ਭਾਜਪਾ ਚੋਣ ਕਮਿਸ਼ਨ ਕੋਲ ਜਾਣ ਦੀ ਤਿਆਰੀ ਵਿਚ ਹੈ। ਭਾਜਪਾ ਦੇ ਕੌਮੀ ਉਪ ਪ੍ਰਧਾਨ ਮੁਕੁਲ ਰਾਏ ਨੇ ਕਿਹਾ ਹੈ ਕਿ ਭਾਜਪਾ ਇਸ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਜਾਵੇਗੀ। ਅਰਜੁਨ ਸਿੰਘ ਨੇ ਦਾਅਵਾ ਕੀਤਾ ਕਿ ਲਗਭਗ 15 ਥਾਵਾਂ 'ਤੇ ਬੰਬ ਸੁੱਟੇ ਗਏ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕੋਰੋਨਾ: ਮਹਾਰਾਸ਼ਟਰ 'ਚ ਆਏ 25 ਹਜ਼ਾਰ ਤੋਂ ਜ਼ਿਆਦਾ ਕੇਸ, ਅਹਿਮਦਾਬਾਦ 'ਚ ਅੱਜ ਤੋਂ ਨਾਈਟ ਕਰਫਿਊ
NEXT STORY