ਨਵੀਂ ਦਿੱਲੀ, (ਇੰਟ.)–ਚੰਦਰਮਾ ਦੀ ਸਤ੍ਹਾ ’ਤੇ ਚੰਦਰਯਾਨ-2 ਦੀ ਸਾਫਟ ਲੈਂਡਿੰਗ ਅੱਜ ਦੇਰ ਰਾਤ (6-7 ਸਤੰਬਰ ਦੀ ਮੱਧ ਰਾਤ) ਕਰੀਬ 2 ਵਜੇ ਹੋਵੇਗੀ। ਇਸ ਦੇ ਨਾਲ ਹੀ ਭਾਰਤ ਚੰਦਰਮਾ ਮਿਸ਼ਨ ਵਿਚ ਇਕ ਨਵਾਂ ਰਿਕਾਰਡ ਸਥਾਪਿਤ ਕਰ ਦੇਵੇਗਾ। ਹਾਲਾਂਕਿ ਇਹ ਚੁਣੌਤੀ ਇੰਨੀ ਆਸਾਨ ਨਹੀਂ ਹੈ। ਲੈਂਡਿੰਗ ਦੇ ਆਖਰੀ 15 ਮਿੰਟ ਬਹੁਤ ਚੁਣੌਤੀਪੂਰਨ ਹੋਣਗੇ। ਪੂਰੇ ਮਿਸ਼ਨ ਦੀ ਕਾਮਯਾਬੀ ਇਨ੍ਹਾਂ ਆਖਰੀ 15 ਮਿੰਟਾਂ ’ਤੇ ਹੀ ਟਿਕੀ ਹੈ। ਚੰਦਰਯਾਨ-2 ਨੂੰ ਚੰਦਰਮਾ ਦੇ ਸਾਊਥ ਪੋਲ ’ਤੇ ਸਫਲਤਾਪੂਰਵਕ ਉਤਾਰਨਾ ਸਭ ਤੋਂ ਵੱਡੀ ਚੁਣੌਤੀ ਹੈ। ਇਕ ਛੋਟੀ ਜਿਹੀ ਗਲਤੀ ਪੂਰੇ ਮਿਸ਼ਨ ਨੂੰ ਖਤਮ ਕਰ ਸਕਦੀ ਹੈ।
ਭਾਰਤ ਜਦੋਂ ਚੰਦਰਮਾ ’ਤੇ ‘ਸਾਫਟ ਲੈਂਡਿੰਗ’ ਦੀ ਕੋਸ਼ਿਸ਼ ਕਰੇਗਾ ਤਾਂ ਸਾਰਿਆਂ ਦੀਆਂ ਨਜ਼ਰਾਂ ਲੈਂਡਰ ‘ਵਿਕਰਮ’ ਅਤੇ ਰੋਵਰ ‘ਪ੍ਰਗਿਆਨ’ ’ਤੇ ਟਿਕੀਆਂ ਹੋਣਗੀਆਂ। 1471 ਕਿਲੋਗ੍ਰਾਮ ਵਜ਼ਨੀ ਲੈਂਡਰ ‘ਵਿਕਰਮ’ ਦਾ ਨਾਂ ਭਾਰਤੀ ਪੁਲਾੜ ਪ੍ਰੋਗਰਾਮ ਦੇ ਜਨਕ ਡਾ. ਵਿਕਰਮ ਏ. ਸਾਰਾਭਾਈ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸ ਨੂੰ ਚੰਦਰਮਾ ’ਤੇ ‘ਸਾਫਟ ਲੈਂਡਿੰਗ’ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ। ਇਹ ਇਕ ਚੰਦਰਮਾ ਦਿਵਸ ਦੇ ਲਈ ਕੰਮ ਕਰੇਗਾ। ਇਕ ਚੰਦਰਮਾ ਦਿਵਸ ਧਰਤੀ ਦੇ ਕਰੀਬ 14 ਦਿਨਾਂ ਦੇ ਬਰਾਬਰ ਹੁੰਦਾ ਹੈ। ਰੋਵਰ 27 ਕਿਲੋਗ੍ਰਾਮ ਵਜ਼ਨੀ 6 ਪਹੀਆ ਰੋਬੋਟਿਕ ਵਾਹਨ ਹੈ, ਜੋ ਬਨਾਉਟੀ ਬੁੱਧੀਮਤਾ ਦੇ ਨਾਲ ਲੈਸ ਹੈ। ਇਸ ਦਾ ਨਾਂ ‘ਪ੍ਰਗਿਆਨ’ ਹੈ, ਜਿਸ ਦਾ ਮਤਲਬ ‘ਬੁੱਧੀਮਤਾ’ ਤੋਂ ਹੈ। ਇਹ ‘ਲੈਂਡਿੰਗ’ ਸਥਾਨ ਤੋਂ 500 ਮੀਟਰ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ ਅਤੇ ਇਹ ਆਪਣੇ ਚੱਲਣ ਦੇ ਲਈ ਸੌਰ ਊਰਜਾ ਦਾ ਇਸਤੇਮਾਲ ਕਰੇਗਾ।
ਇਹ ਲੈਂਡਰ ਨੂੰ ਜਾਣਕਾਰੀ ਭੇਜੇਗਾ ਅਤੇ ਲੈਂਡਰ ਬੇਂਗਲੁਰੂ ਦੇ ਕੋਲ ਬਿਆਲਲੂ ਸਥਿਤ ਇੰਡੀਅਨ ਡੀਪ ਸਪੇਸ ਨੈੱਟਵਰਕ ਨੂੰ ਜਾਣਕਾਰੀ ਪ੍ਰਸਾਰਿਤ ਕਰੇਗਾ। ਇਸਰੋ ਦੇ ਅਨੁਸਾਰ, ਲੈਂਡਰ ਵਿਚ 3 ਵਿਗਿਆਨਿਕ ਯੰਤਰ ਲੱਗੇ ਹੋਏ ਹਨ, ਜੋ ਚੰਦਰਮਾ ਦੀ ਸਤ੍ਹਾ ਅਤੇ ਉਪ ਸਤ੍ਹਾ ’ਤੇ ਵਿਗਿਆਨਿਕ ਪ੍ਰਯੋਗਾਂ ਨੂੰ ਅੰਜਾਮ ਦੇਣਗੇ, ਜਦਕਿ ਰੋਵਰ ਦੇ ਨਾਲ 2 ਵਿਗਿਆਨਕ ਯੰਤਰ ਲੱਗੇ ਹੋਏ ਹਨ, ਜੋ ਚੰਦਰਮਾ ਦੀ ਸਤ੍ਹਾ ਤੋਂ ਸਬੰਧਤ ਸਮਝ ਵਧਾਉਣਗੇ। ਇਸਰੋ ਨੇ ਕਿਹਾ ਕਿ ‘ਚੰਦਰਯਾਨ-2’ ਆਪਣੇ ਲੈਂਡਰ ਨੂੰ 70 ਡਿਗਰੀ ਦੱਖਣੀ ਘੇਰੇ ਵਿਚ 2 ਖੱਡਿਆਂ -‘ਮੈਜਿਨਸ ਸੀ’ ਅਤੇ ‘ਸਿੰਪੇਲਿਅਸ ਐੱਨ’ ਦੇ ਵਿਚਕਾਰ ਉੱਚੇ ਮੈਦਾਨੀ ਇਲਾਕੇ ਵਿਚ ਉੱਤਰਨ ਦੀ ਕੋਸ਼ਿਸ਼ ਕਰੇਗਾ। ਲੈਂਡਰ ਦੇ ਚੰਦਰਮਾ ’ਤੇ ਉੱਤਰਨ ਦੇ ਬਾਅਦ ਇਸ ਦੇ ਅੰਦਰੋਂ ਰੋਵਰ ‘ਪ੍ਰਗਿਆਨ’ ਬਾਹਰ ਨਿਕਲੇਗਾ ਅਤੇ ਇਕ ਚੰਦਰਮਾ ਦਿਵਸ ਮਤਲਬ ਕਿ ਪ੍ਰਿਥਵੀ ਦੇ 14 ਦਿਨਾਂ ਦੇ ਸਮੇਂ ਤੱਕ ਆਪਣੇ ਵਿਗਿਆਨਿਕ ਕੰਮਾਂ ਨੂੰ ਅੰਜਾਮ ਦੇਵੇਗਾ।
ਇਸਰੋ ਨੇ ਇਨ੍ਹਾਂ ਭਾਰਤੀ ਪਿੰਡਾਂ ਦੀ ਮਿੱਟੀ ਨਾਲ ਬਣਾਈ ਸੀ ਚੰਦਰਮਾ ਦੀ ਧਰਤੀ, ਬਚਾਏ 25 ਕਰੋੜ
NEXT STORY