Fact Check By BOOM
ਹਰਿਆਣਾ ਦੇ ਰੋਹਤਕ ਸਥਿਤ ਸਾਂਪਲਾ ਇਲਾਕੇ ਵਿਚ 1 ਮਾਰਚ ਨੂੰ ਸੂਟਕੇਸ ਵਿਚ ਇੱਕ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਔਰਤ ਦੀ ਪਛਾਣ ਕਾਂਗਰਸੀ ਵਰਕਰ ਹਿਮਾਨੀ ਨਰਵਾਲ ਵਜੋਂ ਹੋਈ ਹੈ। ਹਰਿਆਣਾ ਪੁਲਸ ਨੇ ਇਸ ਮਾਮਲੇ ਵਿੱਚ ਉਸਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕੁਝ ਯੂਜ਼ਰ ਹਿਮਾਨੀ ਨਰਵਾਲ ਦੇ ਕਤਲ ਨੂੰ ਫਿਰਕੂ ਰੰਗ ਦੇ ਰਹੇ ਹਨ। ਯੂਜ਼ਰਸ ਅੰਦਾਜ਼ਾ ਲਗਾ ਰਹੇ ਹਨ ਕਿ ਕਤਲ ਦਾ ਦੋਸ਼ੀ ਮੁਸਲਮਾਨ ਹੈ।
ਬੂਮ ਨੇ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਹੋਇਆ ਫਿਰਕੂ ਦਾਅਵਾ ਜਾਅਲੀ ਹੈ। ਹਿਮਾਨੀ ਨਰਵਾਲ ਕਤਲ ਕਾਂਡ ਦੇ ਦੋਸ਼ੀ ਸਚਿਨ, ਜੋ ਕਿ ਹਿੰਦੂ ਭਾਈਚਾਰੇ ਨਾਲ ਸਬੰਧਤ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੂਮ ਨਾਲ ਗੱਲਬਾਤ ਵਿੱਚ ਰੋਹਤਕ ਪੁਲਸ ਨੇ ਵੀ ਫਿਰਕੂ ਦਾਅਵੇ ਤੋਂ ਇਨਕਾਰ ਕੀਤਾ ਹੈ।
ਵਾਇਰਲ ਕੋਲਾਜ਼ ਵਿੱਚ ਇੱਕ ਤਸਵੀਰ ਉਸ ਥਾਂ ਦੀ ਹੈ, ਜਿੱਥੇ ਸੂਟਕੇਸ ਮਿਲਿਆ ਸੀ। ਕੁਝ ਤਸਵੀਰਾਂ 'ਚ ਹਿਮਾਨੀ ਰਾਹੁਲ ਗਾਂਧੀ ਨਾਲ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹਿਮਾਨੀ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' 'ਚ ਹਿੱਸਾ ਲੈ ਚੁੱਕੀ ਹੈ।
ਫੇਸਬੁੱਕ 'ਤੇ ਘਟਨਾ ਨਾਲ ਜੁੜੀਆਂ ਫੋਟੋਆਂ ਦਾ ਕੋਲਾਜ਼ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਇਤਰਾਜ਼ਯੋਗ ਕੈਪਸ਼ਨ ਲਿਖਿਆ, ''ਹਿਮਾਨੀ ਨਰਵਾਲ ਨੂੰ ਹਰਿਆਣਾ ਦੇ ਰੋਹਤਕ ਵਿਚ ਕਿਸੇ ਨੇ ਸੂਟਕੇਸ ਵਿੱਚ ਭਰ ਕੇ ਪਰਮਾਨੈਂਟ ਪੈਕਅਪ ਕਰ ਦਿੱਤਾ। ਪਹਿਲੀ ਨਜ਼ਰ ਵਿਚ ਤਾਂ ਕੰਮ ਕਰਨ ਦਾ ਪੈਟਰਨ 'ਅਬਦੁੱਲ ਮੀਆਂ' ਵਾਲਾ ਹੀ ਹੈ।''

ਪੋਸਟ ਦਾ ਆਰਕਾਈਵ ਲਿੰਕ.
ਫੈਕਟ ਚੈੱਕ: ਵਾਇਰਲ ਫ਼ਿਰਕੂ ਦਾਅਵਾ ਗ਼ਲਤ ਹੈ
ਘਟਨਾ ਨਾਲ ਸਬੰਧਤ ਖ਼ਬਰਾਂ ਦੀ ਖੋਜ ਕਰਨ 'ਤੇ ਪਤਾ ਲੱਗਾ ਕਿ ਹਿਮਾਨੀ ਨਰਵਾਲ ਕਤਲ ਕਾਂਡ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਰਿਪੋਰਟਾਂ ਵਿਚ ਉਸ ਦਾ ਨਾਂ 30 ਸਾਲਾ ਸਚਿਨ ਉਰਫ ਢਿੱਲੂ ਦੱਸਿਆ ਗਿਆ ਹੈ।
ਦੈਨਿਕ ਜਾਗਰਣ ਦੀ ਰਿਪੋਰਟ ਅਨੁਸਾਰ, ਝੱਜਰ ਦੇ ਰਹਿਣ ਵਾਲੇ ਸਚਿਨ ਨੂੰ 3 ਮਾਰਚ 2024 ਨੂੰ ਮੁੰਡਕਾ, ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇੱਥੇ, ਇੱਥੇ ਅਤੇ ਇੱਥੇ ਸੰਬੰਧਿਤ ਖ਼ਬਰਾਂ ਦੇਖੋ।
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਸੀ ਵਿਵਾਦ
ਰੋਹਤਕ ਦੀ ਰਹਿਣ ਵਾਲੀ 22 ਸਾਲਾ ਹਿਮਾਨੀ ਦੀ ਮੁਲਾਕਾਤ ਸਚਿਨ ਨਾਲ ਸੋਸ਼ਲ ਮੀਡੀਆ 'ਤੇ ਹੋਈ ਸੀ। ਖਬਰਾਂ 'ਚ ਕਿਹਾ ਗਿਆ ਹੈ ਕਿ ਦੋਵੇਂ ਕਰੀਬ ਡੇਢ ਸਾਲ ਤੋਂ ਰਿਲੇਸ਼ਨਸ਼ਿਪ 'ਚ ਸਨ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵਿੱਚ ਏਡੀਜੀ ਕੇਕੇ ਰਾਓ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਿਮਾਨੀ ਰੋਹਤਕ ਦੇ ਵਿਜੇ ਨਗਰ ਵਿੱਚ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਸੀ। ਮੁਲਜ਼ਮ ਸਚਿਨ ਅਕਸਰ ਉਸ ਦੇ ਘਰ ਆਉਂਦਾ ਰਹਿੰਦਾ ਸੀ।
ਪੁਲਸ ਪੁੱਛਗਿੱਛ ਦੌਰਾਨ ਸਚਿਨ ਨੇ ਦੱਸਿਆ ਕਿ 27 ਫਰਵਰੀ ਨੂੰ ਵੀ ਉਹ ਹਿਮਾਨੀ ਦੇ ਘਰ ਹੀ ਠਹਿਰਿਆ ਹੋਇਆ ਸੀ। 28 ਫਰਵਰੀ ਨੂੰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ, ਜਿਸ ਤੋਂ ਬਾਅਦ ਉਸ ਨੇ ਹਿਮਾਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਸੂਟਕੇਸ 'ਚ ਪਾ ਕੇ ਸਾਂਪਲਾ ਬੱਸ ਸਟੈਂਡ ਨੇੜੇ ਸੜਕ ਕਿਨਾਰੇ ਸੁੱਟ ਦਿੱਤਾ। ਰੋਹਤਕ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੇ ਉਸ ਨੂੰ 1 ਮਾਰਚ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਿਮਾਨੀ ਕਾਂਗਰਸ ਨਾਲ ਜੁੜੀ ਹੋਈ ਸੀ ਪਰ ਮੁਲਜ਼ਮ ਦਾ ਕੋਈ ਸਿਆਸੀ ਸਬੰਧ ਨਹੀਂ ਸੀ। ਹਿਮਾਨੀ ਨੂੰ ਸਾਲ 2022-23 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 'ਚ ਵੀ ਦੇਖਿਆ ਗਿਆ ਸੀ।
ਰੋਹਤਕ ਪੁਲਸ ਦੇ ਐਕਸ ਹੈਂਡਲ 'ਤੇ ਕੀ ਮਿਲਿਆ
ਰੋਹਤਕ ਪੁਲਸ ਨੇ ਆਪਣੇ ਐਕਸ ਹੈਂਡਲ 'ਤੇ ਗ੍ਰਿਫਤਾਰੀ ਨਾਲ ਸਬੰਧਤ ਇੱਕ ਨਿਊਜ਼ ਪੇਪਰ ਕਲਿੱਪ ਸ਼ੇਅਰ ਕੀਤਾ ਸੀ। ਇਸ 'ਚ ਘਟਨਾ ਦੇ ਦੋਸ਼ੀ ਦਾ ਨਾਂ ਸਚਿਨ ਦੱਸਿਆ ਗਿਆ ਹੈ। ਅਸੀਂ ਪਾਇਆ ਕਿ ਕਿਸੇ ਵੀ ਰਿਪੋਰਟ ਵਿੱਚ ਘਟਨਾ ਵਿੱਚ ਕਿਸੇ ਵੀ ਫ਼ਿਰਕੂ ਐਂਗਲ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ।
ਪੁਲਸ ਨੇ ਵੀ ਕੀਤਾ ਫ਼ਿਰਕੂ ਦਾਅਵੇ ਦਾ ਖੰਡਨ
ਅਸੀਂ ਪੁਸ਼ਟੀ ਲਈ ਰੋਹਤਕ ਪੁਲਸ ਨਾਲ ਵੀ ਸੰਪਰਕ ਕੀਤਾ। ਰੋਹਤਕ ਪੁਲਸ ਦੇ ਪੀਆਰਓ ਨੇ ਬੂਮ ਨੂੰ ਦੱਸਿਆ ਕਿ ਘਟਨਾ ਵਿੱਚ ਕੋਈ ਫਿਰਕੂ ਐਂਗਲ ਨਹੀਂ ਹੈ। ਵਾਇਰਲ ਦਾਅਵਾ ਫਰਜ਼ੀ ਹੈ। ਇਸ 'ਚ ਦੋਸ਼ੀ ਅਤੇ ਔਰਤ ਦੋਵੇਂ ਹਿੰਦੂ ਭਾਈਚਾਰੇ ਤੋਂ ਆਉਂਦੇ ਹਨ।
ਉਨ੍ਹਾਂ ਕਿਹਾ, "ਇਸ ਮਾਮਲੇ ਵਿੱਚ ਸਿਰਫ਼ ਇੱਕ ਮੁਲਜ਼ਮ ਹੈ- ਸਚਿਨ, ਜੋ ਝੱਜਰ ਦੇ ਪਿੰਡ ਖੈਰਪੁਰ ਦਾ ਰਹਿਣ ਵਾਲਾ ਹੈ ਅਤੇ ਜਾਟ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਤਲ ਦਾ ਕਾਰਨ ਪੈਸਿਆਂ ਦਾ ਲੈਣ-ਦੇਣ ਸੀ।"
ਉਨ੍ਹਾਂ ਨੇ ਬੂਮ ਨੂੰ ਇਹ ਵੀ ਦੱਸਿਆ, "ਸਚਿਨ ਅਤੇ ਹਿਮਾਨੀ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿੱਚ ਆਏ ਸਨ। ਸਚਿਨ ਪਹਿਲਾਂ ਹੀ ਵਿਆਹਿਆ ਹੋਇਆ ਸੀ। ਉਸ ਦੀ ਲਵ ਮੈਰਿਜ ਸੀ ਅਤੇ ਉਸ ਦੇ ਦੋ ਬੱਚੇ ਹਨ। ਉਸ ਦੀ ਹਰਿਆਣਾ ਦੇ ਕਣੋਂਦਾ ਵਿੱਚ ਮੋਬਾਈਲ ਰਿਪੇਅਰਿੰਗ ਦੀ ਦੁਕਾਨ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮੁਲਜ਼ਮ ਰਿਮਾਂਡ 'ਤੇ ਹੈ।"
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ BOOM ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
Fact Check: ਕੋਲਕਾਤਾ 'ਚ ਔਰਤ ਦੇ ਕਤਲ ਦਾ ਮਾਮਲਾ ਰਿਸ਼ਤੇਦਾਰਾਂ ਨਾਲ ਜੁੜਿਆ
NEXT STORY