ਨੈਸ਼ਨਲ ਡੈਸਕ- ਰਾਜਸਥਾਨ ਚੋਣਾਂ 'ਚ ਕਾਂਗਰਸ ਦਾ ਜਹਾਜ਼ ਡੁੱਬਦਾ ਨਜ਼ਰ ਆਇਆ। ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਪਾਰਟੀ ਬਹੁਮਤ ਨਾਲ ਸੱਤਾ 'ਚ ਵਾਪਸੀ ਕਰਦੀ ਹੋਈ ਨਜ਼ਰ ਆ ਰਹੀ ਹੈ। ਭਾਜਪਾ ਲਗਭਗ 113 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਕਾਂਗਰਸ ਦੀ ਗੱਲ ਕਰੀਏ ਤਾਂ 71 ਸੀਟਾਂ ਅਤੇ ਹੋਰ 14 ਸੀਟਾਂ 'ਤੇ ਅੱਗੇ ਚੱਲ ਰਹੇ ਹਨ। ਅਜਿਹੇ 'ਚ ਕਾਂਗਰਸ ਦੀ ਵਿਦਾਈ ਲਗਭਗ ਤੈਅ ਮੰਨੀ ਜਾ ਰਹੀ ਹੈ, ਜੋ ਕਿ ਅਸ਼ੋਕ ਗਹਿਲੋਤ ਲਈ ਬਹੁਤ ਵੱਡਾ ਝਟਕਾ ਹੈ। ਆਓ ਜਾਣਦੇ ਹਾਂ ਉਹ ਵੱਡੇ ਮੁੱਦੇ ਜੋ ਅਸ਼ੋਕ ਗਹਿਲੋਤ ਨੂੰ ਲੈ ਡੁੱਬੇ।
ਧੜੇਬਾਜ਼ੀ
ਕਾਂਗਰਸ ਚੋਣਾਂ ਦੇ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਲੰਬੀ ਧੜੇਬਾਜ਼ੀ ਚਲੀ। ਦੋਵੇਂ ਨੇਤਾਵਾਂ ਵਿਚਾਲੇ ਚਲੀ ਇਸ ਖਿੱਚੋਤਾਣ ਨਾਲ ਪਾਰਟੀ ਹਾਈਕਮਾਨ ਵੀ ਨਾਰਾਜ਼ ਸੀ। ਉੱਥੇ ਹੀ ਵਰਕਰਾਂ 'ਤੇ ਇਸ ਦਾ ਅਸਰ ਪਿਆ ਅਤੇ ਜਨਤਾ ਦਰਮਿਆਨ ਗਲਤ ਸੰਦੇਸ਼ ਗਿਆ। ਹਾਲਾਂਕਿ ਚੋਣਾਂ ਦੇ ਸਮੇਂ ਦੋਵੇਂ ਨੇਤਾ ਜਨਤਾ ਨੂੰ ਇਹ ਸੰਦੇਸ਼ ਦਿੰਦੇ ਨਜ਼ਰ ਆਏ ਕਿ ਅਸੀਂ ਦੋਵੇਂ ਇਕ ਹਾਂ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਕਨ੍ਹਈਆਲਾਲ ਕਤਲਕਾਂਡ
ਰਾਜਸਥਾਨ ਚੋਣਾਂ 'ਚ ਭਾਜਪਾ ਨੇ ਉਦੇਪੁਰ ਦੇ ਕਨ੍ਹਈਆਲਾਲ ਕਤਲਕਾਂਡ ਦਾ ਮੁੱਦਾ ਖੂਬ ਚੁੱਕਿਆ। ਉਦੇਪੁਰ, ਮਾਰਵਾੜ ਰੀਜ਼ਨ 'ਚ ਆਉਂਦਾ ਹੈ। ਰਾਜਸਥਾਨ ਦੀ ਰਾਜਨੀਤੀ 'ਚ ਬੋਲਿਆ ਜਾਂਦਾ ਹੈ ਕਿ ਜੋ ਮੇਵਾੜ ਜਿੱਤਿਆ, ਉਹ ਰਾਜਸਥਾਨ ਜਿੱਤਿਆ। ਭਾਜਪਾ ਨੂੰ ਚੋਣਾਂ 'ਚ ਮਿਲ ਰਹੀ ਜਿੱਤ ਦੇ ਪਿੱਛੇ ਕਨ੍ਹਈਆਲਾਲ ਕਤਲਕਾਂਡ ਦੇ ਨਾਲ ਹੀ ਕਾਨੂੰਨ-ਵਿਵਸਥਾ ਦੇ ਮੁੱਦੇ ਦਾ ਵੀ ਅਹਿਮ ਰੋਲ ਮੰਨਿਆ ਜਾ ਰਿਹਾ ਹੈ।
ਪੇਪਰ ਲੀਕ
ਅਸ਼ੋਕ ਗਹਿਲੋਤ ਦੀ ਸਰਕਾਰ ਨੇ ਚੋਣ ਸਾਲ 'ਚ ਕਈ ਚੋਣ ਦਾਅ ਚੱਲੇ ਪਰ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਭਾਰੀ ਪਏ। ਗਹਿਲੋਤ ਨੇ ਚਿਰੰਜੀਵੀ ਯੋਜਨਾ ਦੇ ਅਧੀਨ ਹੈਲਥ ਬੀਮੇ ਦੀ ਲਿਮਿਟ ਵਧਾ ਕੇ 50 ਲੱਖ ਰੁਪੇ ਕਰਨ ਦਾ ਵਾਅਦਾ ਕੀਤਾ ਪਰ 500 ਰੁਪਏ 'ਚ ਗੈਸ ਸਿਲੰਡਰ ਸਮੇਤ ਕਈ ਵਾਅਦਿਆਂ 'ਤੇ ਪੇਪਰ ਲੀਕ, ਲਾਲ ਡਾਇਰੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਕਾਂਗਰਸ ਨੂੰ ਲੈ ਡੁੱਬੇ। ਭਾਜਪਾ ਨੇ ਆਪਣੀਆਂ ਕਈ ਰੈਲੀਆਂ 'ਚ ਪੇਪਰ ਲੀਕ ਮਾਮਲੇ ਨੂੰ ਚੁੱਕਿਆ ਅਤੇ ਕਾਂਗਰਸ ਸਰਕਾਰ ਨੂੰ ਜੰਮ ਕੇ ਘੇਰਿਆ ਸੀ।
ਬਾਗੀਆਂ ਨੇ ਵਿਗਾੜਿਆ ਖੇਡ
ਕਾਂਗਰਸ ਨੂੰ ਮਿਲ ਰਹੀ ਇਸ ਹਾਰ ਦੇ ਪਿੱਛੇ ਬਾਗੀਆਂ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਕਾਂਗਰਸ ਤੋਂ ਟਿਕਟ ਨਹੀਂ ਮਿਲਣ ਤੋਂ ਬਾਅਦ ਨਾਰਾਜ਼ ਨੇਤਾਵਾਂ ਨੇ ਪਾਰਟੀ ਤੋਂ ਬਗਾਵਤ ਕਰ ਕੇ ਆਜ਼ਾਦ ਉਮੀਦਵਾਰ ਵਜੋਂ ਆਪਣੀ ਤਾਲ ਠੋਕ ਦਿੱਤੀ। ਕੁਝ ਭਾਜਪਾ ਅਤੇ ਦੂਜੇ ਦਲਾਂ ਦੇ ਟਿਕਟ 'ਤੇ ਵੀ ਮੈਦਾਨ 'ਚ ਉਤਰ ਗਏ। ਇਸ ਤੋਂ ਇਲਾਵਾ ਭਾਜਪਾ ਨੇ ਆਪਣੇ ਇਕ-ਇਕ ਬਾਗੀ ਨੇਤਾ ਨੂੰ ਮੰਨਣ ਲਈ ਵੱਡੇ ਨੇਤਾਵਾਂ ਨੂੰ ਜ਼ਿੰਮੇਵਾਰੀ ਦਿੱਤੀ ਅਤੇ ਉਨ੍ਹਾਂ ਨੇ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਕਈ ਬਾਗੀ ਮੰਨ ਗਏ ਅਤੇ ਇਸ ਦਾ ਭਾਜਪਾ ਨੂੰ ਲਾਭ ਮਿਲਦਾ ਨਜ਼ਰ ਆ ਰਿਹਾ ਹੈ।
ਮੋਦੀ ਬਨਾਮ ਗਹਿਲੋਤ
ਰਾਜਸਥਾਨ ਚੋਣਾਂ ਪ੍ਰਧਾਨ ਮੰਤਰੀ ਮੋਦੀ ਬਨਾਮ ਗਹਿਲੋਤ ਹੋ ਜਾਣਾ ਕਾਂਗਰਸ ਨੂੰ ਭਾਰੀ ਪਿਆ। ਪੀ.ਐੱਮ. ਮੋਦੀ ਨੇ ਰਾਜਸਥਾਨ 'ਚ ਭੰਨ-ਤੋੜ ਚੋਣ ਰੈਲੀਆਂ ਕੀਤੀਆਂ। ਰਾਹੁਲ ਗਾਂਧੀ ਵੀ ਚੋਣ ਮੈਦਾਨ 'ਚ ਉਤਰੇ ਪਰ ਉਹ ਸਿਰਫ਼ ਖਾਨਾਪੂਰਤੀ ਹੀ ਲੱਗੀ। ਇਸ ਲਈ ਚੋਣ ਪੂਰੀ ਤਰ੍ਹਾਂ ਨਾਲ ਮੋਦੀ ਬਨਾਮ ਗਹਿਲੋਤ ਹੋ ਗਿਆ ਅਤੇ ਇਸ ਦਾ ਲਾਭ ਵੀ ਭਾਜਪਾ ਨੂੰ ਮਿਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਹੈੱਡ ਕੁਆਰਟਰ 'ਚ ਜਸ਼ਨ ਦਾ ਮਾਹੌਲ, ਕਾਂਗਰਸ ਦਫ਼ਤਰ 'ਚ ਛਾਇਆ ਸੰਨਾਟਾ
NEXT STORY