ਜਲੰਧਰ/ਨਵੀਂ ਦਿੱਲੀ (ਨੈਸ਼ਨਲ ਡੈਸਕ)- ਭਾਰਤੀ ਰੇਲ ਵਿਭਾਗ ਨੇ ਟਰੇਨਾਂ ਨਾਲ ਲਗਾਤਾਰ ਕੱਟ ਕੇ ਹੋ ਰਹੀਆਂ ਜਾਨਵਰਾਂ ਦੀਆਂ ਮੌਤਾਂ ਦੇ ਮਾਮਲੇ ’ਚ ਵੱਡਾ ਫ਼ੈਸਲਾ ਲਿਆ ਹੈ। ਹੁਣ ਭਾਰਤੀ ਰੇਲਵੇ ਟਰੇਨ ਦੀਆਂ ਪਟੜੀਆਂ ਦੇ ਆਸ-ਪਾਸ ਫੈਂਸਿੰਗ ਕਰਨ ਦਾ ‘ਐਕਸਪੈਰੀਮੈਂਟ’ ਕਰਨ ਵਾਲੀ ਹੈ। ਇਹ ਫੈਂਸਿੰਗ ਉਨ੍ਹਾਂ ਥਾਵਾਂ ’ਤੇ ਕੀਤੀ ਜਾਵੇਗੀ ਜਿੱਥੇ ਜਾਨਵਰਾਂ ਦੇ ਕੱਟਣ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ 1 ਅਪ੍ਰੈਲ ਦੇ ਬਾਅਦ ਤੋਂ ਹੁਣ ਤਕ 2,650 ਤੋਂ ਵੱਧ ਜਾਨਵਰ ਰੇਲਵੇ ਟਰੈਕ ’ਤੇ ਟਰੇਨਾਂ ਨਾਲ ਟਕਰਾਏ ਹਨ। ਇਹ ਅੰਕੜੇ ਹਰ ਸਾਲ ਵਧ ਰਹੇ ਹਨ। ਫੈਂਸਿੰਗ ਦਾ ਸਭ ਤੋਂ ਵੱਧ ਕੰਮ ਉੱਤਰ ਮੱਧ ਰੇਲਵੇ ਜ਼ੋਨ ਦੀ ਪ੍ਰਯਾਗਰਾਜ ਬੈਲਟ ’ਚ ਕੀਤਾ ਜਾਵੇਗਾ।
1 ਹਜ਼ਾਰ ਕਿਲੋਮੀਟਰ ਲੰਮੀ ਬਣੇਗੀ ਬਾਊਂਡਰੀ
ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਬਾਊਂਡਰੀ ਬਣਾਉਣ ਦੇ ਕੰਮ ’ਤੇ ਅਸੀਂ ਬਹੁਤ ਗੰਭੀਰ ਹਾਂ। ਫਿਲਹਾਲ ਅਸੀਂ 2 ਵੱਖ-ਵੱਖ ਡਿਜ਼ਾਈਨਾਂ ’ਤੇ ਗੌਰ ਕਰ ਰਹੇ ਹਾਂ। ਆਉਣ ਵਾਲੇ 5 ਤੋਂ 6 ਸਾਲਾਂ ’ਚ ਅਸੀਂ 1 ਹਜ਼ਾਰ ਕਿਲੋਮੀਟਰ ਲੰਮੀ ਬਾਊਂਡਰੀ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਬਾਊਂਡਰੀ ਕਿੰਨਾ ਕੰਮ ਕਰੇਗੀ, ਇਹ ਵੇਖਣ ਤੋਂ ਬਾਅਦ ਹੀ ਅਸੀਂ ਅੱਗੇ ਦੇ ਫੈਸਲੇ ਲਵਾਂਗੇ। ਹਾਲਾਂਕਿ ਰਵਾਇਤੀ ਤੌਰ ’ਤੇ ਬਣਾਈ ਗਈ ਬਾਊਂਡਰੀ ਇਸ ਸਮੱਸਿਆ ਨੂੰ ਖਤਮ ਕਰਨ ਲਈ ਕਾਫੀ ਨਹੀਂ।
2022 ਤਕ 26 ਹਜ਼ਾਰ ਜਾਨਵਰ ਟਰੇਨਾਂ ਨਾਲ ਟਕਰਾਏ
ਜੇ ਅਜਿਹੀ ਬਾਊਂਡਰੀ ਬਣੀ ਤਾਂ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਰੇਲਵੇ ਮੁਤਾਬਕ 2021 ਤੋਂ 2022 ਦਰਮਿਆਨ ਜਾਨਵਰਾਂ ਦੇ ਟਕਰਾਉਣ ਦੇ 26 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਰੇਲਵੇ ਸੇਫਟੀ ਦੇ ਡਾਇਰੈਕਟਿਵ ਕਮਿਸ਼ਨਰ ਮੁਤਾਬਕ ਜੇ ਟਰੇਨ ਦੀ ਰਫਤਾਰ 130 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਹੁੰਦੀ ਹੈ ਤਾਂ ਰੇਲਵੇ ਟਰੈਕ ਦੇ ਆਸ-ਪਾਸ ਫੈਂਸਿੰਗ ਜ਼ਰੂਰ ਹੋਣੀ ਚਾਹੀਦੀ ਹੈ। ਇਸੇ ਵਿਚਕਾਰ ਦਿੱਲੀ-ਹਾਵੜਾ ਤੇ ਦਿੱਲੀ-ਮੁੰਬਈ ਕੋਰੀਡੋਰ ’ਤੇ ਵੱਡੇ ਪੱਧਰ ’ਤੇ ਰਫਤਾਰ ਸਬੰਧੀ ਕੰਮ ਚੱਲ ਰਿਹਾ ਹੈ, ਜਿਸ ਦੇ ਪੂਰਾ ਹੋਣ ਤੋਂ ਬਾਅਦ 160 ਕਿਲੋਮੀਟਰ ਪ੍ਰਤੀ ਘੰਟੇ ਤਕ ਦੀ ਰਫ਼ਤਾਰ ਨਾਲ ਟਰੇਨਾਂ ਚੱਲਣਗੀਆਂ।
9 ਦਿਨਾਂ ’ਚ 200 ਟਰੇਨਾਂ ਨਾਲ ਟਕਰਾਏ ਜਾਨਵਰ
ਰੇਲਵੇ ਮੁਤਾਬਕ ਰੇਲਵੇ ਟਰੈਕ ਦੇ ਆਸ-ਪਾਸ 1 ਹਜ਼ਾਰ ਕਿਲੋਮੀਟਰ ਤਕ ਬਾਊਂਡਰੀ ਬਣਾਈ ਜਾਣੀ ਹੈ। ਇਸ ਕੰਮ ’ਚ ਸਾਢੇ 5 ਸਾਲ ਲੱਗਣਗੇ। ਇਹ ਜਾਣਕਾਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਦਿੱਤੀ ਹੈ। ਅਕਤੂਬਰ ਦੇ ਪਹਿਲੇ 9 ਦਿਨਾਂ ਦੇ ਅੰਦਰ ਹੀ ਲਗਭਗ 200 ਟਰੇਨਾਂ ਨੂੰ ਜਾਨਵਰਾਂ ਦੇ ਟਕਰਾਉਣ ਨਾਲ ਨੁਕਸਾਨ ਹੋਇਆ ਸੀ। ਇਨ੍ਹਾਂ ਟਰੇਨਾਂ ਵਿਚ ਨਵੀਂ ਲਾਂਚ ਵੰਦੇ ਭਾਰਤ ਟਰੇਨ ਵੀ ਸ਼ਾਮਲ ਹੈ। ਇਸ ਸਾਲ 4 ਹਜ਼ਾਰ ਤੋਂ ਵੱਧ ਟਰੇਨਾਂ ਅਜਿਹੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੋਈਆਂ ਹਨ।
ਹੈਲਮੇਟ ਪਹਿਨੇ ਬਦਮਾਸ਼ਾਂ ਨੇ ਬੈਂਕ ’ਚ ਪਾ ਦਿੱਤਾ ਭੜਥੂ, 60 ਸਕਿੰਟਾਂ ’ਚ ਲੱਖਾਂ ਰੁਪਏ ਲੁੱਟ ਕੇ ਹੋਏ ਫਰਾਰ
NEXT STORY