ਨੋਇਡਾ — ਨੋਇਡਾ 'ਚ ਐਮਿਟੀ ਯੂਨੀਵਰਸਿਟੀ ਨੇੜੇ ਇਕ ਬੇਕਾਬੂ ਕਾਰ ਦੇ ਸੜਕ ਕਿਨਾਰੇ ਖੜ੍ਹੇ ਖੰਭੇ ਨਾਲ ਟਕਰਾ ਜਾਣ ਕਾਰਨ ਦੋ ਸਕੇ ਭਰਾਵਾਂ ਸਮੇਤ ਤਿੰਨ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਤਿੰਨੋਂ ਵਿਦਿਆਰਥੀ ਰਾਤ ਨੂੰ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਮਨਾ ਕੇ ਸਵੇਰੇ ਗ੍ਰੇਟਰ ਨੋਇਡਾ ਵਾਪਸ ਆ ਰਹੇ ਸਨ।
ਡਿਪਟੀ ਕਮਿਸ਼ਨਰ ਆਫ ਪੁਲਸ (ਜ਼ੋਨ-1) ਰਾਮਬਦਨ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਦੋ ਸਕੇ ਭਰਾ ਹਨ ਅਤੇ ਉਨ੍ਹਾਂ ਦੀ ਪਛਾਣ ਈਸ਼ਾਨ (18) ਅਤੇ ਆਰੀਅਨ (21) ਵਜੋਂ ਹੋਈ ਹੈ ਅਤੇ ਤੀਜੇ ਮ੍ਰਿਤਕ ਦੀ ਪਛਾਣ ਵਿਨੈ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਇੱਕ ਵਿਦਿਆਰਥੀ ਨੋਇਡਾ ਦੇ ਸੈਕਟਰ 125 ਸਥਿਤ ਏਸ਼ੀਅਨ ਬਿਜ਼ਨਸ ਸਕੂਲ ਵਿੱਚ ਪੜ੍ਹਦਾ ਸੀ, ਜਦਕਿ ਦੂਜਾ ਬੇਂਗਲੁਰੂ ਦੇ ਇੱਕ ਨਾਮੀ ਕਾਲਜ ਤੋਂ ਬੀ.ਬੀ.ਏ. ਦੀ ਪੜ੍ਹਾਈ ਕਰ ਰਿਹਾ ਸੀ। ਪੁਲਸ ਤੀਜੇ ਵਿਦਿਆਰਥੀ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਜਾਨ ਗੁਆਉਣ ਵਾਲੇ ਦੋ ਭਰਾਵਾਂ ਦੇ ਪਿਤਾ ਸੁਨੀਲ ਕਸ਼ਯਪ ਨੋਇਡਾ ਅਥਾਰਟੀ ਦੇ ਬਿਜਲੀ ਵਿਭਾਗ ਵਿੱਚ ਜੂਨੀਅਰ ਇੰਜੀਨੀਅਰ ਵਜੋਂ ਤਾਇਨਾਤ ਹਨ। ਸੁਨੀਲ ਕਸ਼ਯਪ ਨੋਇਡਾ ਐਕਸਟੈਂਸ਼ਨ ਦੀ ਪਾਮ ਓਲੰਪੀਆ ਸੁਸਾਇਟੀ ਵਿੱਚ ਰਹਿੰਦੇ ਹਨ। ਪੁਲਸ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਕਟਰ 126 ਪੁਲਸ ਸਟੇਸ਼ਨ ਨੂੰ ਸੋਮਵਾਰ ਸਵੇਰੇ 7.30 ਵਜੇ ਸੂਚਨਾ ਮਿਲੀ ਕਿ ਐਮਿਟੀ ਯੂਨੀਵਰਸਿਟੀ ਨੇੜੇ ਇੱਕ ਕਾਰ ਇੱਕ ਖੰਭੇ ਨਾਲ ਟਕਰਾ ਗਈ ਹੈ।
ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਕਾਰ 'ਚ ਸਵਾਰ ਤਿੰਨਾਂ ਨੂੰ ਬਾਹਰ ਕੱਢ ਕੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਟਾਰਸੀ 'ਚ ਰੇਲ ਹਾਦਸਾ, ਪਟੜੀ ਤੋਂ ਉਤਰੀਆਂ ਸਮਰ ਸਪੈਸ਼ਲ ਟਰੇਨ ਦੀਆਂ ਦੋ ਬੋਗੀਆਂ
NEXT STORY