ਕਾਨਪੁਰ/ਬਾਗਪਤ— ਉੱਤਰ ਪ੍ਰਦੇਸ਼ ਦੇ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਯੂ. ਪੀ. ਬੋਰਡ 'ਚ 10ਵੀਂ ਵਿਚ ਟਾਪ ਕਰਨ ਵਾਲੇ ਕਾਨਪੁਰ ਦੇ ਗੌਤਮ ਰਘੁਵੰਸ਼ੀ ਅਤੇ 12ਵੀਂ 'ਚ ਟਾਪ ਕਰਨ ਵਾਲੀ ਬਾਗਪਤ ਦੀ ਤਨੂੰ ਤੋਮਰ ਦੇ ਸੁਪਨੇ ਵੱਡੇ ਹਨ। ਇਨ੍ਹਾਂ ਦੋਹਾਂ ਵਿਦਿਆਰਥੀਆਂ ਨੂੰ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵਧਾਈ ਦਿੱਤੀ ਹੈ।

ਰਘੁਵੰਸ਼ੀ ਦੇਸ਼ ਵਿਚ ਸਿੱਖਿਆ ਦੇ ਪੱਧਰ 'ਚ ਸੁਧਾਰ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਸੁਪਨਾ ਇੰਜੀਨੀਅਰ ਬਣਨ ਦਾ ਹੈ। ਗੌਤਮ ਨੇ 97.17 ਫੀਸਦੀ ਨੰਬਰਾਂ ਨਾਲ ਹਾਈ ਸਕੂਲ (10ਵੀਂ) ਦੀ ਪ੍ਰੀਖਿਆ ਪਾਸ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਵੱਡੇ ਹੋ ਕੇ ਭਾਰਤ ਦੇ ਆਈ. ਆਈ. ਟੀ. ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਕੇ ਇੰਜੀਨੀਅਰ ਬਣਨਾ ਚਾਹੁੰਦੇ ਹਨ। ਉਹ ਸਕੂਲ ਤੋਂ ਬਾਅਦ ਰੋਜ਼ਾਨਾ 5 ਤੋਂ 6 ਘੰਟੇ ਪੜ੍ਹਾਈ ਕਰਦੇ ਸਨ। ਸਵੇਰੇ ਜਲਦੀ ਉਠ ਕੇ ਪੜ੍ਹਨ ਦੀ ਬਜਾਏ ਉਹ ਦੇਰ ਰਾਤ ਤਕ ਜਾਗ ਕੇ ਪ੍ਰੀਖਿਆ ਦੀ ਤਿਆਰੀ ਕੀਤੀ ਸੀ। ਗੌਤਮ ਦੇ ਪਿਤਾ ਧੀਰਜ ਕੁਮਾਰ ਕਾਨਪੁਰ ਡਿਵੈਲਪਮੈਂਟ ਅਥਾਰਿਟੀ ਵਿਚ ਕਲਰਕ ਹਨ ਅਤੇ ਮਾਂ ਨਿਰਮਲਾ ਹਾਊਸ ਵਾਈਫ ਹੈ। ਗੌਤਮ ਦੀਆਂ ਦੋ ਭੈਣਾਂ ਹਨ, ਜਿਨ੍ਹਾਂ 'ਚੋਂ ਇਕ ਟੀਚਰ ਹੈ।

ਓਧਰ ਬਾਗਪਤ ਤੋਂ ਤਨੂੰ ਤੋਮਰ ਨੇ ਇੰਟਰਮੀਡੀਏਟ (12ਵੀਂ) ਦੀ ਪ੍ਰੀਖਿਆ ਵਿਚ ਟਾਪ ਕੀਤਾ ਹੈ। ਤਨੂੰ ਨੇ 97.80 ਫੀਸਦੀ ਅੰਕਾਂ ਨਾਲ ਟਾਪ ਕੀਤਾ ਹੈ। ਤਨੂੰ ਦਾ ਸੁਪਨਾ ਹੈ ਕਿ ਉਹ ਡਾਕਟਰ ਬਣੇ। ਟਾਪ ਕਰਨ ਵਾਲੀ ਤਨੂੰ ਦੇ ਪਿਤਾ ਹਰਿੰਦਰ ਤੋਮਰ ਕਿਸਾਨ ਹਨ ਅਤੇ ਉਨ੍ਹਾਂ ਦੀ ਮਾਂ ਰੂਮਾ ਦੇਵੀ ਹਾਊਸ ਵਾਈਫ ਹਨ। ਤਨੂੰ ਦੇ ਸਕੂਲ ਅਧਿਆਪਕਾ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਹੀ ਪੜ੍ਹਾਈ ਪ੍ਰਤੀ ਗੰਭੀਰ ਰਹੀ ਹੈ। ਉਹ ਚੀਜ਼ਾਂ ਨੂੰ ਬਾਰੀਕੀ ਨਾਲ ਸਮਝਦੀ ਹੈ, ਤਨੂੰ ਬਹੁਤ ਹੀ ਹੋਣਹਾਰ ਧੀ ਹੈ। ਤਨੂੰ ਦਾ ਸੁਪਨਾ ਇਕ ਚੰਗੀ ਡਾਕਟਰ ਬਣਨ ਦਾ ਹੈ। ਅਧਿਆਪਕਾ ਦਾ ਕਹਿਣਾ ਹੈ ਕਿ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ। ਅੱਜ ਸਾਨੂੰ ਲੱਗ ਰਿਹਾ ਹੈ ਕਿ ਸਾਡੀ ਮਿਹਨਤ ਸਫਲ ਹੋ ਗਈ ਹੈ। ਤਨੂੰ ਤਿੰਨ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡੀ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨ ਕੀਤੇ ਹਨ। 12ਵੀਂ ਦਾ ਨਤੀਜਾ ਇਸ ਵਾਰ 80.07 ਫੀਸਦੀ ਅਤੇ ਹਾਈ ਸਕੂਲ (10ਵੀਂ) ਦਾ ਨਤੀਜਾ 70.06 ਫੀਸਦੀ ਰਿਹਾ।
ਭਾਜਪਾ ਦਾ ਸਹੀ ਅਰਥ 'ਧਨ ਸੇਠਾਂ ਦਾ ਵਿਕਾਸ' : ਮਾਇਆਵਤੀ
NEXT STORY