ਨਵੀਂ ਦਿੱਲੀ, (ਏਜੰਸੀ)-ਰੱਖਿਆ ਮੰਤਰਾਲਾ ਨੇ ਸੋਮਵਾਰ ਨੂੰ 2.12 ਲੱਖ ਕਰੋੜ ਰੁਪਏ ਦੀ ਲਾਗਤ ਵਾਲੇ ਫੌਜੀ ਸਾਜ਼ੋ-ਸਾਮਾਨ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ’ਚ ਬਹੁ-ਉਪਯੋਗੀ ਹਲਕੇ ਹੈਲੀਕਾਪਟਰ ਤੇ ਲੰਬੀ ਦੂਰੀ ਦੀ ਆਤਮਘਾਤੀ ਡਰੋਨ ਪ੍ਰਣਾਲੀ ਸ਼ਾਮਲ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਰੱਖਿਆ ਖਰੀਦ ਪ੍ਰੀਸ਼ਦ (ਡੀ. ਏ. ਸੀ.) ਨੇ ਖਰੀਦ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ।
ਰੱਖਿਆ ਮੰਤਰਾਲਾ ਅਨੁਸਾਰ, ਭਾਰਤੀ ਫੌਜ ਲਈ ਭਾਰੀ ਵਾਹਨ, ‘ਸੈਲਫ-ਪ੍ਰੋਪੈਲਡ ਟ੍ਰੈਕਡ ਗੰਨ ਸਿਸਟਮ’, ਬਹੁ-ਉਪਯੋਗੀ ਹਲਕੇ ਹੈਲੀਕਾਪਟਰ, ਬਹੁਤ ਘੱਟ ਦੂਰੀ ਦੀ ਹਵਾਈ ਰੱਖਿਆ ਪ੍ਰਣਾਲੀ ਅਤੇ ਜਵਾਬੀ ਮਨੁੱਖ-ਰਹਿਤ ਹਵਾਈ ਪ੍ਰਣਾਲੀ (ਸੀ-ਯੂ. ਏ. ਐੱਸ.) ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰੱਖਿਆ ਖਰੀਦ ਪ੍ਰੀਸ਼ਦ ਨੇ ਫੌਜ ਲਈ ਹੋਰ ਮਨੁੱਖ-ਰਹਿਤ ਹਵਾਈ ਪ੍ਰਣਾਲੀਆਂ, ਟੋਹੀ ਮਨੁੱਖ-ਰਹਿਤ ਹਵਾਈ ਜਹਾਜ਼, ਏਕੀਕ੍ਰਿਤ ਨਿਗਰਾਨੀ ਅਤੇ ਹਮਲਾ ਪ੍ਰਣਾਲੀਆਂ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ। ਭਾਰਤੀ ਸਮੰੁਦਰੀ ਫੌਜ ਲਈ ‘ਐਕਟਿਵ ਆਫ਼ਬੋਰਡ ਡਿਕਾਏ ਸਿਸਟਮ’ ਅਤੇ ਹੋਰ ਮੁੱਖ ਸਮੰੁਦਰੀ ਫੌਜ ਦੇ ਪਲੇਟਫਾਰਮਾਂ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਗਈ। ਲੱਗਭਗ 82 ਫੀਸਦੀ ਖਰੀਦ ਭਾਰਤੀ ਉਦਯੋਗ ਤੋਂ ਕੀਤੀ ਜਾਵੇਗੀ।
ਹਲਕੇ ਬਹੁ-ਉਦੇਸ਼ੀ ਹੈਲੀਕਾਪਟਰਾਂ ਦੀ ਵਰਤੋਂ ਫੌਜ ਤੇ ਹਵਾਈ ਫੌਜ ਟੋਹੀ, ਨਿਗਰਾਨੀ, ਜੰਗ, ਭਾਲ ਤੇ ਬਚਾਅ ਅਤੇ ਮਨੁੱਖੀ ਸਹਾਇਤਾ ਤੇ ਆਫ਼ਤ ਰਾਹਤ ਕਾਰਜਾਂ ’ਚ ਕੀਤੀ ਜਾਵੇਗੀ। ਬਹੁਤ ਘੱਟ ਦੂਰੀ ਦੀ ਹਵਾਈ ਰੱਖਿਆ ਪ੍ਰਣਾਲੀ ਛੋਟੇ ਆਕਾਰ ਦੇ ਨਵੀਂ ਪੀੜ੍ਹੀ ਦੇ ਹਵਾਈ ਖਤਰਿਆਂ ਨਾਲ ਨਿਪਟੇਗੀ, ਜਦਕਿ ਮਨੁੱਖ-ਰਹਿਤ ਹਵਾਈ ਪ੍ਰਣਾਲੀਆਂ ਦਾ ਮੁਕਾਬਲਾ ਕਰਨ ਵਾਲੀ ਪ੍ਰਣਾਲੀ ਆਧੁਨਿਕ ਜੰਗੀ ਖੇਤਰ ’ਚ ਟੈਂਕਾਂ ਦੀ ਸੁਰੱਖਿਆ ਵਧਾਏਗੀ।
28 ਤੇ 29 ਅਕਤੂਬਰ ਨੂੰ 6 ਜ਼ਿਲ੍ਹਿਆਂ 'ਚ ਸਕੂਲ-ਕਾਲਜ ਰਹਿਣਗੇ ਬੰਦ ! ਚੱਕਰਵਾਤ ‘ਅਰਨਬ’ ਆਂਧਰਾ ਵੱਲ ਵਧਿਆ
NEXT STORY