ਨਵੀਂ ਦਿੱਲੀ, (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਡਰੱਗਜ਼ ਕਾਰੋਬਾਰ ਨਾਲ ਜੁੜੇ 5,600 ਕਰੋੜ ਰੁਪਏ ਦੀ ਜ਼ਬਤੀ ਦੇ ਮਾਮਲੇ ’ਚ ਗ੍ਰਿਫਤਾਰ ਮੁੱਖ ਮੁਲਜ਼ਮ ਨੂੰ ਭਾਰਤੀ ਯੁਵਾ ਕਾਂਗਰਸ ਦੀ ਦਿੱਲੀ ਇਕਾਈ ਦੇ ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) ਸੈੱਲ ਦਾ ਪ੍ਰਧਾਨ ਬਣਾਇਆ ਗਿਆ ਹੈ।
ਕਾਂਗਰਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠਾ ਕਰਾਰ ਦਿੰਦੇ ਹੋਏ ਕਿਹਾ ਕਿ ਸੱਤਾਧਿਰ ਪਾਰਟੀ ਨੇ ਜਿਸ ਮੁੱਖ ਮੁਲਜ਼ਮ ਤੁਸ਼ਾਰ ਗੋਇਲ ਦਾ ਜ਼ਿਕਰ ਕੀਤਾ ਹੈ, ਉਸ ਨੂੰ 17 ਅਕਤੂਬਰ, 2022 ਨੂੰ ਹੀ ਸੰਗਠਨ ਤੋਂ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ’ਚ ਬਾਹਰ ਕੱਢ ਦਿੱਤਾ ਗਿਆ ਸੀ।
ਭਾਜਪਾ ਦੇ ਬੁਲਾਰੇ ਅਤੇ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਦੇਸ਼ ਨੂੰ ਬਰਬਾਦ ਕਰਨ ’ਚ ਸ਼ਾਮਲ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਕਾਂਗਰਸ ਦੀ ਆਲੋਚਨਾ ਕਰ ਕੇ ਮੁੱਖ ਵਿਰੋਧੀ ਪਾਰਟੀ ਤੋਂ ਸਪਸ਼ਟੀਕਰਨ ਮੰਗਿਆ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਨਸ਼ੀਲੇ ਪਦਾਰਥਾਂ ਦੇ ਪੈਸੇ ਦੀ ਵਰਤੋਂ ਕਾਂਗਰਸ ਆਪਣੇ ਪ੍ਰਚਾਰ ’ਚ ਕਰ ਰਹੀ ਹੈ ਅਤੇ ਕੀ ਪਾਰਟੀ ਦਾ ਕਥਿਤ ਸਰਗਨਾ ਤੁਸ਼ਾਰ ਗੋਇਲ ਨਾਲ ਸਬੰਧ ਕਾਰੋਬਾਰ ਤੱਕ ਵੀ ਹੈ?
ਤ੍ਰਿਵੇਦੀ ਨੇ ਦਾਅਵਾ ਕੀਤਾ ਕਿ ਗੋਇਲ ਦੀ ਨਾ ਸਿਰਫ ਕੇ. ਸੀ. ਵੇਣੁਗੋਪਾਲ ਅਤੇ ਦੀਪੇਂਦਰ ਸਿੰਘ ਹੁੱਡਾ ਵਰਗੇ ਸੀਨੀਅਰ ਕਾਂਗਰਸ ਨੇਤਾਵਾਂ ਨਾਲ ਤਸਵੀਰਾਂ ਹਨ, ਸਗੋਂ ਉਨ੍ਹਾਂ ਕੋਲ ਹੁੱਡਾ ਦਾ ਮੋਬਾਇਲ ਨੰਬਰ ਵੀ ਹੈ। ਉਨ੍ਹਾਂ ਕਿਹਾ ਕਿ ਹੁੱਡਾ ਪਰਿਵਾਰ ਨੂੰ ਵੀ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਯੁਵਾ ਕਾਂਗਰਸ ਨੇ ਇਕ ਬਿਆਨ ਜਾਰੀ ਕਰ ਕੇ ਭਾਜਪਾ ਦੇ ਦੋਸ਼ਾਂ ਦਾ ਖੰਡਨ ਕਰਨ ਦੇ ਨਾਲ ਹੀ ਗੋਇਲ ਨੂੰ ਪਾਰਟੀ ’ਚੋਂ ਕੱਢਣ ਵਾਲੇ ਪੱਤਰ ਦੀ ਇਕ ਕਾਪੀ ਵੀ ਸ਼ੇਅਰ ਕੀਤੀ। ਸੰਗਠਨ ਨੇ ਦਾਅਵਾ ਕੀਤਾ ਕਿ ਇਹ ਦੋਸ਼ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਭਾਜਪਾ ਦੀ ਕੋਝੀ ਕੋਸ਼ਿਸ਼ ਹੈ।
ਭਾਰਤੀ ਖੇਤਰ ਤੋਂ ਪਹਿਲੀ ਵਾਰ ਸ਼ਰਧਾਲੂਆਂ ਨੇ ਕੀਤੇ ਕੈਲਾਸ਼ ਚੋਟੀ ਦੇ ਦਰਸ਼ਨ
NEXT STORY