ਨਵੀਂ ਦਿੱਲੀ— ਨਿਕਾਹ ਹਲਾਲਾ ਅਤੇ ਬਹੁ ਵਿਆਹ ਗੈਰ-ਸੰਵਿਧਾਨਕ ਹੈ ਜਾਂ ਨਹੀਂ, ਇਸ ਗੱਲ ਦੀ ਸਮੀਖਿਆ ਸੁਪਰੀਮ ਕੋਰਟ ਕਰੇਗਾ। ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਅਗਵਾਈ ਵਾਲੀ ਬੈਂਚ ਨੇ ਮਾਮਲੇ ਨੂੰ ਸੰਵਿਧਾਨਕ ਬੈਂਚ ਨੂੰ ਰੈਫਰ ਕਰਨ ਦਾ ਫੈਸਲਾ ਕੀਤਾ। ਨਾਲ ਹੀ ਨਿਕਾਹ ਹਲਾਲਾ, ਬਹੁ ਵਿਆਹ ਨੂੰ ਗੈਰ-ਸੰਵਿਧਾਨਕ ਐਲਾਨ ਕਰਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਦਾਖਲ ਕਰਨ ਨੂੰ ਕਿਹਾ ਹੈ। ਸੁਪਰੀਮ ਕੋਰਟ 'ਚ ਦਾਖਲ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਮੁਸਲਿਮ ਪਰਸਨਲ ਲਾਅ (ਸ਼ਰੀਅਤ) ਐਪਲੀਕੇਸ਼ਨ ਐਕਟ 1937 ਦੀ ਧਾਰਾ-2 ਨੂੰ ਗੈਰ-ਸੰਵਿਧਾਨਕ ਐਲਾਨ ਕੀਤਾ ਜਾਵੇ, ਕਿਉਂਕਿ ਇਸ ਦੇ ਅਧੀਨ ਬਹੁ ਵਿਆਹ ਅਤੇ ਨਿਕਾਹ ਹਲਾਲਾ ਨੂੰ ਮਾਨਤਾ ਦਿੱਤੀ ਜਾਂਦੀ ਹੈ। ਤਿੰਨ ਤਲਾਕ ਨੂੰ ਗੈਰ-ਸੰਵਿਧਾਨਕ ਐਲਾਨ ਕੀਤੇ ਜਾਣ ਤੋਂ ਬਾਅਦ ਨਿਕਾਹ ਹਲਾਲਾ ਅਤੇ ਬਹੁ ਵਿਆਹ ਦੇ ਸੰਵਿਧਾਨਕ ਪਹਿਲੂ ਨੂੰ ਸੁਪਰੀਮ ਕੋਰਟ ਪਰਖੇਗਾ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਪਿਛਲੇ ਸਾਲ 22 ਅਗਸਤ ਨੂੰ ਇਕ ਵਾਰ 'ਚ ਤਿੰਨ ਤਲਾਕ ਨੂੰ ਗੈਰ-ਸੰਵਿਧਾਨਕ ਐਲਾਨ ਕਰ ਚੁਕਿਆ ਹੈ। ਚੀਫ ਜਸਟਿਸ ਦੇ ਸਾਹਮਣੇ ਦਲੀਲ ਦਿੱਤੀ ਗਈ ਕਿ 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਤਿੰਨ ਤਲਾਕ ਨੂੰ ਗੈਰ-ਸੰਵਿਧਾਨਕ ਐਲਾਨ ਕਰਦੇ ਹੋਏ ਨਿਕਾਹ ਹਲਾਲਾ ਅਤੇ ਬਹੁ ਵਿਆਹ ਦੇ ਮੁੱਦੇ ਨੂੰ ਓਪਨ ਛੱਡਿਆ ਸੀ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਨਿਕਾਹ ਹਲਾਲਾ ਅਤੇ ਬਹੁ ਵਿਆਹ ਦੀ ਸੰਵਿਧਾਨਕਤਾ ਨੂੰ ਪਰਖਣ ਲਈ 5 ਜੱਜਾਂ ਦੀ ਸੰਵਿਧਾਨਕ ਬੈਂਚ ਦਾ ਨਵੇਂ ਸਿਰੇ ਤੋਂ ਗਠਨ ਕੀਤਾ ਜਾਵੇਗਾ।
ਭਾਜਪਾ ਨੇਤਾ ਸਮੇਤ 4 ਦੀ ਅਰਜ਼ੀ 'ਤੇ ਸੁਣਵਾਈ
ਸੁਪਰੀਮ ਕੋਰਟ 'ਚ ਭਾਜਪਾ ਨੇਤਾ ਅਸ਼ਵਨੀ ਉਪਾਧਿਆਏ ਵੱਲੋਂ ਅਰਜ਼ੀ ਦਾਖਲ ਕੀਤੀ ਗਈ ਹੈ। ਨਾਲ ਹੀ ਦਿੱਲੀ ਦੀਆਂ 2 ਮੁਸਲਿਮ ਔਰਤਾਂ ਵੱਲੋਂ ਵੀ ਅਰਜ਼ੀ ਦਾਖਲ ਕੀਤੀ ਗਈ ਹੈ। ਸੁਪਰੀਮ ਕੋਰਟ 'ਚ ਪਟੀਸ਼ਨਕਰਤਾ ਅਸ਼ਵਨੀ ਉਪਾਧਿਆਏ ਵੱਲੋਂ ਅਰਜ਼ੀ ਦਾਖਲ ਕਰ ਕੇ ਭਾਰਤ ਸਰਕਾਰ ਦੇ ਲਾਅ ਮਿਨੀਸਟਰੀ ਅਤੇ ਲਾਅ ਕਮਿਸ਼ਨ ਨੂੰ ਪ੍ਰਤੀਵਾਦੀ ਬਣਾਇਆ ਗਿਆ ਹੈ। ਪਟੀਸ਼ਨਕਰਤਾ ਨੇ ਕਿਹਾ ਹੈ ਕਿ ਨਿਕਾਹ ਹਲਾਲਾ ਅਤੇ ਬਹੁ ਵਿਆਹ ਸੰਵਿਧਾਨ ਦੀ ਧਾਰਾ-14 (ਸਮਾਨਤਾ ਦਾ ਅਧਿਕਾਰ), 15 (ਕਾਨੂੰਨ ਦੇ ਸਾਹਮਣੇ ਲਿੰਗ ਆਦਿ ਦੇ ਆਧਾਰ 'ਤੇ ਭੇਦਭਾਵ ਨਹੀਂ) ਅਤੇ ਧਾਰਾ-21 (ਜੀਵਨ ਦੇ ਅਧਿਕਾਰ) ਦੀ ਉਲੰਘਣਾ ਕਰਦਾ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਪਰਸਨਲ ਲਾਅ 'ਤੇ ਕਾਮਨ ਲਾਅ ਦੀ ਤਰਜੀਹ ਹੈ ਅਤੇ ਕਾਮਨ ਲਾਅ 'ਤੇ ਸੰਵਿਧਾਨਕ ਕਾਨੂੰਨ ਦੀ ਤਰਜੀਹ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਤਿੰਨ ਤਲਾਕ ਧਾਰਮਿਕ ਗਤੀਵਿਧੀਆਂ ਦਾ ਹਿੱਸਾ ਨਹੀਂ ਹੈ।
ਦਿੱਲੀ ਦੀ ਸਮੀਨਾ ਬੇਗਮ ਦੀ ਪਟੀਸ਼ਨ
ਰਾਜਧਾਨੀ ਦਿੱਲੀ 'ਚ ਜਸੋਲਾ ਵਿਹਾਰ ਦੀ ਰਹਿਣ ਵਾਲੀ ਸਮੀਨਾ ਬੇਗਮ ਵੱਲੋਂ ਅਰਜ਼ੀ ਦਾਖਲ ਕਰ ਕੇ ਨਿਕਾਹ ਹਲਾਲਾ ਅਤੇ ਬਹੁ ਵਿਆਹ ਨੂੰ ਚੁਣੌਤੀ ਦਿੱਤੀ ਗਈ ਹੈ। ਸਮੀਨਾ ਦੇ ਪਤੀ ਨੇ ਵਿਆਹ ਤੋਂ ਬਾਅਦ ਉਸ ਦੀ ਤੰਗ ਕੀਤਾ ਅਤੇ 2 ਬੱਚੇ ਹੋਣ ਤੋਂ ਬਾਅਦ ਲੇਟਰ ਰਾਹੀਂ ਤਲਾਕ ਦੇ ਦਿੱਤਾ। ਉਨ੍ਹਾਂ ਨੇ ਫਿਰ ਦੂਜਾ ਵਿਆਹ ਕੀਤਾ ਪਰ ਦੂਜੇ ਪਤੀ ਨੇ ਵੀ ਤਲਾਕ ਦੇ ਦਿੱਤਾ।
ਨਿਕਾਹ ਹਲਾਲਾ 'ਤੇ ਰੇਪ ਦਾ ਕੇਸ ਦਰਜ ਹੋਵੇ
ਸਮੀਨਾ ਦਾ ਕਹਿਣਾ ਹੈ ਕਿ ਨਿਕਾਹ ਹਲਾਲਾ ਅਤੇ ਬਹੁ ਵਿਆਹ ਗੈਰ-ਸੰਵਿਧਾਨਕ ਹਨ। ਉਨ੍ਹਾਂ ਨੇ ਕਿਹਾ ਕਿ ਤਿੰਨ ਤਲਾਕ ਗੈਰ-ਸੰਵਿਧਾਨਕ ਹੋ ਚੁਕਿਆ ਹੈ ਪਰ ਫਿਰ ਵੀ ਜਾਰੀ ਹੈ। ਤਿੰਨ ਤਲਾਕ ਦੇਣ ਵਾਲਿਆਂ ਦੇ ਖਿਲਾਫ ਦਾਜ ਤਸੀਹੇ ਦਾ ਕੇਸ ਹੋਣਾ ਚਾਹੀਦਾ। ਨਿਕਾਹ ਹਲਾਲਾ ਕਰਨ ਵਾਲਿਆਂ ਦੇ ਖਿਲਾਫ ਰੇਪ ਦਾ ਕੇਸ ਦਰਜ ਹੋਣਾ ਚਾਹੀਦਾ, ਜਦੋਂ ਕਿ ਬਹੁ ਵਿਆਹ ਕਰਨ ਵਾਲਿਆਂ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 494 ਦੇ ਅਧੀਨ ਕੇਸ ਦਰਜ ਹੋਵੇ।
ਨਫੀਸਾ ਖਾਨ ਦੀ ਵੀ ਹੈ ਪਟੀਸ਼ਨ
ਦਿੱਲੀ 'ਚ ਮਹਿਰੌਲੀ ਦੀ ਰਹਿਣ ਵਾਲੀ ਨਫੀਸਾ ਖਾਨ ਵੱਲੋਂ ਕਿਹਾ ਗਿਆ ਹੈ ਕਿ ਉਸ ਦਾ ਨਿਕਾਹ 5 ਜੂਨ 2008 ਨੂੰ ਹੋਇਆ ਸੀ। ਉਹ ਵਿਆਹ ਤੋਂ ਬਾਅਦ ਆਪਣੇ ਸਹੁਰੇ ਰਹੀ, ਉਸ ਦੇ 2 ਬੱਚੇ ਹੋਏ। ਇਸ ਤੋਂ ਬਾਅਦ ਦਾਜ ਦੀ ਮੰਗ ਹੋਈ ਅਤੇ ਉਸ ਨੂੰ ਤੰਗ ਕੀਤਾ ਜਾਣ ਲੱਗਾ। ਉਸ ਦੇ ਪਤੀ ਨੇ ਤਲਾਕ ਦੇ ਬਿਨਾਂ ਹੀ ਦੂਜਾ ਵਿਆਹ ਕਰ ਲਿਆ। ਇਹ ਵਿਆਹ 26 ਜਨਵਰੀ 2018 ਨੂੰ ਕੀਤਾ ਗਿਆ। ਜਦੋਂ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਪਤੀ ਦੇ ਖਿਲਾਫ ਪਤਨੀ ਦੇ ਰਹਿੰਦੇ ਹੋਏ ਦੂਜਾ ਵਿਆਹ ਕਰਨ ਦਾ ਦੋਸ਼ ਲਗਾਇਆ ਅਤੇ ਕੇਸ ਦਰਜ ਕਰਨ ਦੀ ਗੁਹਾਰ ਲਗਾਈ ਤਾਂ ਪੁਲਸ ਨੇ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਸ਼ਰੀਅਤ ਇਸ ਦੀ ਇਜਾਜ਼ਤ ਦਿੰਦਾ ਹੈ।
ਤਿੰਨ ਤਲਾਕ 'ਤੇ ਹੋ ਚੁਕਿਆ ਹੈ ਜੱਜਮੈਂਟ
22 ਅਗਸਤ 2017 ਨੂੰ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲੇ 'ਚ ਇਕ ਵਾਰ 'ਚ ਤਿੰਨ ਤਲਾਕ (ਤਲਾਕ ਏ ਬਿੱਦਤ) ਨੂੰ ਖਾਰਜ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤਿੰਨ ਤਲਾਕ ਪ੍ਰੈਕਟਿਸ ਗੈਰ-ਕਾਨੂੰਨੀ, ਗੈਰ-ਸੰਵਿਧਾਨਕ ਅਤੇ ਨਾਮਨਜ਼ੂਰ ਹੈ।
ਕੀ ਹੈ ਨਿਕਾਹ ਹਲਾਲਾ?
ਐਡਵੋਕੇਟ ਐੱਮ.ਐੱਸ. ਖਾਨ ਦੱਸਦੇ ਹਨ ਕਿ ਪਤੀ ਨੇ ਜੇਕਰ ਪਤਨੀ ਨੂੰ ਤਲਾਕ ਦੇ ਦਿੱਤਾ ਅਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਉਸ ਤੋਂ ਗਲਤੀ ਹੋ ਗਈ ਹੈ ਅਤੇ ਉਹ ਫਿਰ ਤੋਂ ਆਪਣੀ ਪਤਨੀ ਨਾਲ ਸੰਬੰਧ ਬਹਾਲ ਰੱਖਣਾ ਚਾਹੁੰਦਾ ਹੈ ਤਾਂ ਮਹਿਲਾ ਨੂੰ ਨਿਕਾਹ ਹਲਾਲਾ ਤੋਂ ਲੰਘਣਾ ਹੋਵੇਗਾ। ਇਸ ਦੇ ਅਧੀਨ ਤਲਾਕਸ਼ੁਦਾ ਨੂੰ ਦੂਜੇ ਆਦਮੀ ਨਾਲ ਨਿਕਾਹ ਕਰਨਾ ਹੋਵੇਗਾ ਅਤੇ ਸੰਬੰਧ ਬਣਾਉਣੇ ਹੋਣਗੇ, ਫਿਰ ਉਸ ਨੂੰ ਤਲਾਕ ਦੇ ਕੇ ਸਾਬਕਾ ਪਤੀ ਨਾਲ ਨਿਕਾਹ ਕੀਤਾ ਜਾ ਸਕਦਾ ਹੈ। ਇਸ ਦੇ ਪਿੱਛੇ ਤਰਕ ਇਹ ਹੈ ਕਿ ਪ੍ਰਕਿਰਿਆ ਅਜਿਹੀ ਬਣਾਈ ਜਾਵੇ ਕਿ ਕੋਈ ਉਂਝ ਹੀ ਤਲਾਕ ਨਾ ਦੇਵੇ ਯਾਨੀ ਤਲਾਕ ਨੂੰ ਮਜ਼ਾਕ ਨਾ ਬਣਾਇਆ ਜਾਵੇ।
ਕੀ ਹੈ ਬਹੁ ਵਿਆਹ?
ਐਡਵੋਕੇਟ ਖਾਨ ਦੱਸਦੇ ਹਨ ਕਿ ਇਸਲਾਮਿਕ ਪ੍ਰਥਾ 'ਚ ਬਹੁ ਵਿਆਹ ਦਾ ਚਲਨ ਹੈ। ਇਸ ਦੇ ਅਧੀਨ ਇਕ ਆਦਮੀ ਨੂੰ ਚਾਰ ਵਿਆਹ ਕਰਨ ਦੀ ਇਜਾਜ਼ਤ ਹੈ। ਇਸ ਦੇ ਪਿੱਛੇ ਧਾਰਨਾ ਹੈ ਕਿ ਜੇਕਰ ਕੋਈ ਵਿਧਵਾ ਹੈ ਜਾਂ ਬੇਸਹਾਰਾ ਔਰਤ ਹੈ ਤਾਂ ਉਸ ਨੂੰ ਸਹਾਰਾ ਦਿੱਤਾ ਜਾਵੇ। ਸਮਾਜ 'ਚ ਅਜਿਹੀ ਔਰਤਾਂ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਉਸ ਨਾਲ ਵਿਆਹ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ ਸਮੇਂ ਦੇ ਨਾਲ ਇਸ ਕਾਨੂੰਨ ਦੀ ਗਲਤ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਮੁਤਾ ਅਤੇ ਮਿਸਯਾਰ ਨਿਕਾਹ
ਇਹ ਨਿਕਾਹ ਤੈਅ ਸਮੇਂ ਲਈ ਹੁੰਦਾ ਹੈ ਅਤੇ ਮੇਹਰ ਦੀ ਰਕਮ ਤੈਅ ਹੋ ਜਾਂਦੀ ਹੈ। ਵਿਆਹ ਤੋਂ ਪਹਿਲਾਂ ਹੀ ਇਹ ਠੇਕਾ ਹੋ ਜਾਂਦਾ ਹੈ।
ਜਾਣੋ ਕੀ ਹੈ ਚਿਪਕੋ ਅੰਦੋਲਨ, ਜਿਸ ਨੇ ਉੱਡਾ ਦਿੱਤੀ ਸੀ ਇੰਦਰਾ ਗਾਂਧੀ ਦੀ ਵੀ ਨੀਂਦ
NEXT STORY