ਜੰਮੂ, (ਨਿਸ਼ਚੈ)-ਜੰਮੂ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਲਾਪਤਾ ਨੌਜਵਾਨ ਦੀ ਲਾਸ਼ ਦਾ ਸਸਕਾਰ ਕਰਨ ਲਈ ਲਿਜਾਇਆ ਜਾ ਰਿਹਾ ਸੀ ਤਾਂ ਪਰਿਵਾਰ ਨੂੰ ਉਸਦਾ ਫ਼ੋਨ ਆ ਗਿਆ ਕਿ ਉਹ ਜ਼ਿੰਦਾ ਹੈ। ਪਰਿਵਾਰਕ ਮੈਂਬਰ ਕਿਸੇ ਹੋਰ ਦੀ ਲਾਸ਼ ਦੀ ਪਛਾਣ ਕਰ ਕੇ ਉਸਨੂੰ ਹਸਪਤਾਲ ਤੋਂ ਲੈ ਆਏ ਸਨ। ਮ੍ਰਿਤਕ ਦੇ ਚਾਚਾ ਮਨੋਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਵਿਸ਼ਾਲ ਲਾਪਤਾ ਸੀ। ਉਨ੍ਹਾਂ ਨੂੰ 2 ਦਿਨ ਪਹਿਲਾਂ ਫ਼ੋਨ ਆਇਆ ਸੀ ਕਿ ਵਿਸ਼ਾਲ ਸ਼ੱਕੀ ਹਾਲਾਤ ਵਿਚ ਸੜਕ ’ਤੇ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਪੁਲਸ ਉਸ ਨੂੰ ਬਿਸ਼ਨਾਰ ਹਸਪਤਾਲ ਲੈ ਗਈ ਹੈ।
ਇਸ ਸਬੰਧ ’ਚ ਸੂਚਨਾ ਮਿਲਦਿਆਂ ਹੀ ਪਰਿਵਾਰ ਦੇ ਸਾਰੇ ਮੈਂਬਰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ (ਜੀ. ਐੱਮ. ਸੀ.) ਹਸਪਤਾਲ ਪਹੁੰਚ ਗਏ। ਇੱਥੇ ਆ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਬਿਸ਼ਨਾਹ ਤੋਂ ਪੁਲਸ ਨੇ ਇਕ ਲਾਸ਼ ਨੂੰ ਮੁਰਦਾਘਰ ਵਿਚ ਸ਼ਿਫਟ ਕੀਤਾ ਹੈ। ਜਦੋਂ ਉਹ ਸਾਰੇ ਮੁਰਦਾਘਰ ਪਹੁੰਚੇ ਤਾਂ ਲਾਸ਼ ਦੀ ਪਛਾਣ ਕੀਤੀ। ਮ੍ਰਿਤਕ ਬਿਲਕੁਲ ਵਿਸ਼ਾਲ ਵਰਗਾ ਦਿਖਾਈ ਦੇ ਰਿਹਾ ਸੀ, ਉਸਦੇ ਸਰੀਰ ’ਤੇ ਜੋ ਨਿਸ਼ਾਨ ਸਨ, ਉਹ ਵੀ ਮੇਲ ਖਾ ਰਹੇ ਸਨ, ਜਿਸ ਕਾਰਨ ਉਨ੍ਹਾਂ ਨੇ ਲਾਸ਼ ਦੀ ਪਛਾਣ ਕਰ ਲਈ, ਜੋ ਕਿ ਇਕ ਵੱਡੀ ਗਲਤੀ ਸੀ। ਇਸ ਘਟਨਾ ਤੋਂ ਬਾਅਦ ਘਰ ਵਿਚ ਚੀਕ-ਚਿਹਾੜਾ ਮਚ ਗਿਆ ਅਤੇ ਸੋਗ ਦਾ ਮਾਹੌਲ ਬਣ ਗਿਆ। ਜਿਵੇਂ ਹੀ ਉਹ ਲਾਸ਼ ਨੂੰ ਸਸਕਾਰ ਲਈ ਪੁੰਰਮੰਡਲ ਲੈ ਕੇ ਜਾਣ ਲੱਗੇ, ਇੰਨੇ ਵਿਚ ਵਿਸ਼ਾਲ ਦਾ ਫ਼ੋਨ ਆਇਆ ਅਤੇ ਉਸਨੇ ਦੱਸਿਆ ਕਿ ਉਹ ਜ਼ਿੰਦਾ ਹੈ। ਇਹ ਸੁਣ ਕੇ ਪਰਿਵਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹ ਲਾਵਾਰਿਸ ਲਾਸ਼ ਨੂੰ ਵਾਪਸ ਲੈ ਕੇ ਜੀ. ਐੱਮ. ਸੀ. ਦੇ ਮੁਰਦਾਘਰ ਪਹੁੰਚੇ। ਪੁਲਸ ਨੇ ਲਾਵਾਰਿਸ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਿਆਕੜਾਂ ਲਈ ਖ਼ੁਸ਼ਖ਼ਬਰੀ, ਹੁਣ ਸਸਤੀ ਮਿਲੇਗੀ ਸ਼ਰਾਬ; ਵਧਣਗੇ ਨੌਕਰੀਆਂ ਦੇ ਮੌਕੇ
NEXT STORY