ਨਵੀਂ ਦਿੱਲੀ (ਭਾਸ਼ਾ) - ਦਿੱਲੀ ਵਿਧਾਨ ਸਭਾ ਚੋਣਾਂ ਵਿਚ ਵੋਟਿੰਗ ਲਈ 2 ਹਫਤੇ ਤੋਂ ਵੀ ਘੱਟ ਸਮਾਂ ਬਾਕੀ ਰਹਿ ਗਿਆ ਹੈ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਅਗਲੇ 5 ਸਾਲਾਂ ਦੇ ਅੰਦਰ ਰਾਸ਼ਟਰੀ ਰਾਜਧਾਨੀ ਵਿਚ ਬੇਰੋਜ਼ਗਾਰੀ ਨੂੰ ਖਤਮ ਕਰਨ ਦਾ ਸੰਕਲਪ ਪ੍ਰਗਟਾਇਆ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਇਕ ਵੀਡੀਓ ਸੰਦੇਸ਼ ’ਚ ਰੋਜ਼ਗਾਰ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕਿਹਾ ਕਿ ਮੇਰੀ ਮੁੱਖ ਤਰਜੀਹ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣਾ ਹੋਵੇਗਾ। ਸਾਡੀ ਟੀਮ ਬੇਰੋਜ਼ਗਾਰੀ ਦੇ ਮੁੱਦੇ ਨੂੰ ਹੱਲ ਕਰਨ ਲਈ ਇਕ ਵਿਸਤ੍ਰਿਤ ਯੋਜਨਾ ਦਾ ਮਸੌਦਾ ਤਿਆਰ ਕਰ ਰਹੀ ਹੈ।
ਆਪਣੀ ਸਰਕਾਰ ਦੇ ਪਿਛਲੇ ਕੰਮ ’ਤੇ ਰੌਸ਼ਨੀ ਪਾਉਂਦੇ ਹੋਏ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਨੇ ਦੋ ਸਾਲ ਤੋਂ ਵੀ ਘੱਟ ਸਮੇਂ ਵਿਚ 48,000 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਅਤੇ ਨੌਜਵਾਨਾਂ ਲਈ 3 ਲੱਖ ਤੋਂ ਜ਼ਿਆਦਾ ਨਿੱਜੀ ਖੇਤਰ ਦੀਆਂ ਨੌਕਰੀਆਂ ਦੀ ਸਹੂਲਤ ਪ੍ਰਦਾਨ ਕੀਤੀ।
ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਰੋਜ਼ਗਾਰ ਕਿਵੇਂ ਪੈਦਾ ਕੀਤਾ ਜਾਂਦਾ ਹੈ ਅਤੇ ਸਾਡੇ ਇਰਾਦੇ ਨੇਕ ਹਨ। ਲੋਕਾਂ ਦੇ ਸਮਰਥਨ ਨਾਲ ਅਸੀਂ ਅਗਲੇ 5 ਸਾਲਾਂ ਵਿਚ ਦਿੱਲੀ ’ਚੋਂ ਬੇਰੋਜ਼ਗਾਰੀ ਨੂੰ ਖਤਮ ਕਰ ਦੇਵਾਂਗੇ। ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ 5 ਫਰਵਰੀ ਨੂੰ ਪੈਣੀਆਂ ਹਨ। ‘ਆਪ’ ਦਿੱਲੀ ਵਿਚ ਲਗਾਤਾਰ ਤੀਜੀ ਵਾਰ ਸੱਤਾ ਵਿਚ ਆਉਣ ਦੀ ਕੋਸ਼ਿਸ਼ ਵਿਚ ਹੈ ਪਰ ਉਸ ਨੂੰ ਭਾਰਤੀ ਜਨਤਾ ਪਾਰਟੀ ਤੋਂ ਸਖਤ ਟੱਕਰ ਮਿਲ ਰਹੀ ਹੈ।
12 ਸੂਬਿਆਂ ਦੇ 200 ਟੋਲ ਪਲਾਜ਼ਿਆਂ ’ਤੇ ਕਰੋੜਾਂ ਦਾ ਘਪਲਾ, ਇੰਝ ਖੁੱਲ੍ਹਿਆ ਭੇਦ
NEXT STORY