ਜਲੰਧਰ-ਵੀਡੀਓ ਗੇਮ ਦਾ ਲਾਲਚ ਦੇ ਕੇ ਇਕ ਨੌਜਵਾਨ ਨੇ 6 ਸਾਲਾਂ ਦੇ ਮਾਸੂਮ ਬੱਚੇ ਨੂੰ ਬੀਤੇ ਦਿਨ ਅਗਵਾ ਕਰ ਲਿਆ ਅਤੇ ਬੱਚੇ ਦਾ ਹੁਣ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮੁਤਾਬਕ ਸਥਾਨਕ ਮਾਡਲ ਟਾਊਨ ਇਲਾਕੇ 'ਚ ਘਰ ਤੋਂ ਪਾਰਕ 'ਚ ਖੇਡਣ ਗਏ 6 ਸਾਲਾ ਮਾਸੂਮ ਬੱਚੇ ਨੂੰ ਇਕ ਕਾਰ ਚਾਲਕ ਨੇ ਵੀਡੀਓ ਗੇਮ ਦਾ ਲਾਲਚ ਦੇ ਕੇ ਅਗਵਾ ਕਰਕੇ ਆਪਣੇ ਨਾਲ ਲੈ ਗਿਆ। ਇਸ ਘਟਨਾ ਦੀ ਸੂਚਨਾ ਬੱਚੇ ਦੇ ਨਾਲ ਗਈ ਉਸ ਦੀ ਭੈਣ ਨੇ ਘਰ ਆ ਕੇ ਦਿੱਤੀ।
ਜਾਣਕਾਰੀ ਮੁਤਾਬਕ ਬੱਚੇ ਦੀ ਪਛਾਣ ਗੁਰਪ੍ਰੀਤ ਸਿੰਘ (6) ਪੁੱਤਰ ਸਤਨਾਮ ਸਿੰਘ ਨਿਵਾਸੀ ਮਾਡਲ ਟਾਊਨ ਵਜੋਂ ਹੋਈ ਹੈ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਘਰ ਦੇ ਨਾਲ ਹੀ ਬਣੇ ਪਾਰਕ 'ਚ ਰੋਜ਼ ਆਪਣੀ ਭੈਣ ਮਨਪ੍ਰੀਤ ਨਾਲ ਖੇਡਣ ਜਾਂਦਾ ਸੀ। ਐਤਵਾਰ ਦੀ ਸ਼ਾਮ ਉਨ੍ਹਾਂ ਦੀ ਬੇਟੀ ਮਨਪ੍ਰੀਤ (8) ਨੇ ਦੱਸਿਆ ਕਿ ਗੁਰਪ੍ਰੀਤ ਕਾਰ 'ਚ ਕਿਸੇ ਨੌਜਵਾਨ ਨਾਲ ਬੈਠ ਕੇ ਚਲਾ ਗਿਆ ਹੈ। ਉਨ੍ਹਾਂ ਉਸ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ, ਜਿਸ 'ਤੇ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ।
ਮਨਪ੍ਰੀਤ ਕੌਰ ਨੇ ਦੱਸਿਆ ਕਿ ਸਫੈਦ ਰੰਗ ਦੀ ਕਾਰ 'ਚ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਰੋਜ਼ ਪਾਰਕ ਆ ਰਿਹਾ ਸੀ, ਜੋ ਬੱਚਿਆਂ ਨੂੰ ਆਪਣੇ ਮੋਬਾਈਲ 'ਤੇ ਵੀਡੀਓ ਗੇਮ ਦਿਖਾਉਂਦਾ ਸੀ। ਐਤਵਾਰ ਨੂੰ ਜਿਵੇਂ ਹੀ ਉਹ ਪਾਰਕ 'ਚ ਆਇਆ ਤਾਂ ਕਾਰ ਚਾਲਕ ਗੁਰਪ੍ਰੀਤ ਨੂੰ ਲੈ ਕੇ ਚਲਾ ਗਿਆ। ਕਾਫੀ ਦੇਰ ਤਕ ਜਦ ਉਹ ਨਹੀਂ ਆਇਆ ਤਾਂ ਉਸ ਨੇ ਘਰ ਆ ਕੇ ਦੱਸਿਆ। ਪੁਲਸ ਨੇ ਇਲਾਕੇ ਦੀ ਨਾਕਾਬੰਦੀ ਕਰਵਾ ਦਿੱਤੀ ਹੈ ਪਰ ਦੇਰ ਰਾਤ ਤਕ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ। ਮੌਕੇ 'ਤੇ ਪਹੁੰਚੇ ਕਾਂਗਰਸੀ ਨੇਤਾ ਮਨੋਜ ਅਰੋੜਾ ਨੇ ਵੀ ਪੁਲਸ ਤੋਂ ਮੰਗ ਕੀਤੀ ਕਿ ਬੱਚੇ ਨੂੰ ਛੇਤੀ ਲੱਭਿਆ ਜਾਵੇ।
ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਦੀ ਸੋਨੇ ਦੀ ‘ਕਾਰ ਸੇਵਾ’ ਦਾ ਕੰਮ ਸ਼ੁਰੂ (ਵੀਡੀਓ)
NEXT STORY