ਬਾਜਵਾ ਵਿਰੋਧੀਆਂ ਨੇ ਬਣਾਈ ਰਾਹੁਲ ਗਾਂਧੀ ਅੱਗੇ ਪ੍ਰਦਰਸ਼ਨ ਕਰਨ ਦੀ ਯੋਜਨਾ
ਲੁਧਿਆਣਾ(ਨਵੀਨ) - ਇਕ ਹਫਤਾ ਪਹਿਲਾਂ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਦੇ ਖਾਸਮਖਾਸ ਸਾਬਕਾ ਜ਼ਿਲਾ ਪ੍ਰਧਾਨ ਪਵਨ ਦੀਵਾਨ ਵਲੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਖੋਲ੍ਹੇ ਮੋਰਚੇ ਤੋਂ ਬਾਅਦ ਕੁਲ ਹਿੰਦ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵਲੋਂ ਅੱਜ ਚੰਡੀਗੜ੍ਹ ਵਿਖੇ ਰਾਜ ਭਰ ਦੇ ਬਲਾਕ ਪ੍ਰਧਾਨ ਅਤੇ ਜ਼ਿਲਾ ਪ੍ਰਧਾਨਾਂ ਨੂੰ ਮਿਲਣ ਦੀ ਜੋ ਯੋਜਨਾ ਬਣਾਈ ਗਈ ਹੈ। ਉਹ ਹੰਗਾਮਾਪੂਰਨ ਹੋ ਸਕਦੀ ਹੈ। ਪਾਰਟੀ ਦੇ ਬਹੁਤ ਹੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਅਤੇ ਹੋਰ ਸ਼ਹਿਰਾਂ ਦੇ ਬਾਜਵਾ ਵਿਰੋਧੀ ਗੁੱਟ ਨਾਲ ਸੰਬੰਧਤ ਕਾਂਗਰਸੀ ਵਰਕਰ ਕਾਂਗਰਸ ਯੁਵਰਾਜ ਰਾਹੁਲ ਗਾਂਧੀ ਅੱਗੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਕਾਰਜਸ਼ੈਲੀ ਨੂੰ ਲੈ ਕੇ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾ ਚੁੱਕੇ ਹਨ। ਇਸ ਯੋਜਨਾ ਨੂੰ ਇੰਨਾ ਗੁਪਤ ਰੱਖਿਆ ਗਿਆ ਹੈ ਕਿ ਨਾ ਤਾਂ ਇਸ ਦੀ ਭਿਣਕ ਚੰਡੀਗੜ੍ਹ ਪੁਲਸ ਨੂੰ ਲੱਗ ਸਕੇਗੀ ਤੇ ਨਾ ਹੀ ਇੰਟੈਲੀਜੈਂਸ ਵਿੰਗ ਨੂੰ। ਪਾਰਟੀ ਸੂਤਰਾਂ ਅਨੁਸਾਰ ਕਈ ਵਰਕਰ ਅੱਜ ਰਾਤ ਨੂੰ ਤੇ ਕਈ ਸਵੇਰੇ ਚੰਡੀਗੜ੍ਹ ਪਹੁੰਚ ਜਾਣਗੇ। ਪਹਿਲਾਂ ਇਨ੍ਹਾਂ ਵਰਕਰਾਂ ਨੂੰ ਵੇਖ ਕੇ ਇੰਝ ਲੱਗੇਗਾ ਕਿ ਇਹ ਆਪਣੇ ਕਾਂਗਰਸ ਯੁਵਰਾਜ ਦੇ ਪ੍ਰਦੇਸ਼ ਕਾਂਗਰਸ ਵਲੋਂ ਸਵਾਗਤ ਕਰਨ ਆਏ ਹਨ। ਵਰਕਰਾਂ 'ਚ ਜੋਸ਼ ਹੈ ਕੋਈ ਨਹੀਂ ਰੋਕੇਗਾ ਪਰ ਜਿਵੇਂ ਹੀ ਰਾਹੁਲ ਗਾਂਧੀ ਦਾ ਕਾਫਲਾ ਐਂਟਰ ਹੋਵੇਗਾ। ਇਹ ਵਰਕਰ ਪ੍ਰਦੇਸ਼ ਪ੍ਰਧਾਨ ਪ੍ਰਤੀ ਤਿੱਖੀ ਨਾਅਰੇਬਾਜ਼ੀ ਕਰਕੇ ਆਪਣੇ ਗੁੱਸੇ ਦਾ ਇਜ਼ਹਾਰ ਕਾਂਗਰਸ ਹਾਈਕਮਾਂਡ ਤੱਕ ਪਹੁੰਚਾ ਸਕਦੇ ਹਨ। ਇਥੋਂ ਤੱਕ ਵੀ ਹੋ ਸਕਦਾ ਹੈ ਕਿ ਇਹ ਵਰਕਰ ਜਬਰੀ ਰਾਹੁਲ ਗਾਂਧੀ ਦੀ ਗੱਡੀ ਰੋਕ ਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਪਤਲੀ ਹੋ ਰਹੀ ਸਥਿਤੀ ਸੰਬੰਧੀ ਗਾਂਧੀ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਨ। ਸੂਤਰਾਂ ਅਨੁਸਾਰ ਨਾਲ ਹੀ ਕੁਝ ਜ਼ਰੂਰੀ ਦਸਤਾਵੇਜ਼ ਕਾਂਗਰਸ ਯੁਵਰਾਜ ਨੂੰ ਸੌਂਪਣ ਦੀ ਯੋਜਨਾ ਬਣਾ ਰਹੇ ਹਨ ਕਿ ਜੋ ਵਿਅਕਤੀ ਗਾਂਧੀ ਪਰਿਵਾਰ ਦੇ ਇਰਦ-ਗਿਰਦ ਘੁੰਮਦੇ ਹਨ, ਉਹ ਕਿਸ ਤਰ੍ਹਾਂ ਪ੍ਰਦੇਸ਼ 'ਚ ਗ੍ਰਧਇਜਮ ਨੂੰ ਲਾਗੂ ਕਰ ਰਹੇ ਹਨ ਅਤੇ ਬਾਜਵਾ ਭਜਾਓ, ਕੈਪਟਨ ਲਿਆਓ ਦੇ ਨਾਅਰੇ ਲਗਾਉਣੇ। ਸੂਤਰਾਂ ਨੇ ਦੱਸਿਆ ਕਿ ਉਹ ਇਹ ਵੀ ਰਾਹੁਲ ਗਾਂਧੀ ਦੇ ਧਿਆਨ ਵਿਚ ਲਿਆਉਣਗੇ ਕਿ ਪੂਰੇ ਪੰਜਾਬ 'ਚੋਂ ਕੇਵਲ ਇਕ ਹੀ ਜ਼ਿਲਾ ਲੁਧਿਆਣਾ ਦੇ ਪ੍ਰਧਾਨ ਨੂੰ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਕਿਉਂ ਬਦਲਾ ਜ਼ਰੂਰੀ ਹੋਇਆ। ਅਜਿਹੇ ਪਹਿਲੇ ਪ੍ਰਧਾਨ ਨੇ ਕਿਹੜੀ ਗਲਤੀ ਕੀਤੀ ਸੀ ਅਤੇ ਰਾਹੁਲ ਗਾਂਧੀ ਨੂੰ ਇਹ ਵੀ ਦੱਸਣਗੇ ਕਿ ਜਦੋਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਅਤੇ ਲੁਧਿਆਣਾ ਇੰਚਾਰਜ ਫਤਿਹਜੰਗ ਬਾਜਵਾ ਲੁਧਿਆਣਾ ਕਾਂਗਰਸ ਭਵਨ 'ਚ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਸ ਵੇਲੇ ਵਰਕਰਾਂ ਸਾਹਮਣੇ ਕਿਉਂ ਨਹੀਂ ਪ੍ਰਧਾਨ ਬਦਲਣ ਦਾ ਐਲਾਨ ਕੀਤਾ। ਸ਼ਾਮ ਨੂੰ ਅੰਦਰਖਾਤੇ ਵਿਅਕਤੀ ਦੇ ਘਰ ਜਾ ਕੇ ਉਨ੍ਹਾਂ ਨੂੰ ਪ੍ਰਧਾਨ ਬਣਾਉਣਾ ਇੰਨੀ ਵੱਡੀ ਨੈਸ਼ਨਲ ਪਾਰਟੀ ਦੇ ਵਰਕਰਾਂ ਦੀ ਗਲ ਹਜ਼ਮ ਨਹੀਂ ਹੋ ਰਹੀ, ਜਦੋਂਕਿ ਹਵਾਲਾ ਇਹ ਦਿੱਤਾ ਜਾ ਰਿਹਾ ਹੈ ਕਿ ਇਹ ਪਸੰਦ ਗਾਂਧੀ ਪਰਿਵਾਰ ਦੇ ਨਜ਼ਦੀਕੀਆਂ ਦੀ ਹੈ। ਵਰਕਰਾਂ ਦਾ ਕਹਿਣਾ ਸੀ ਕਿ ਅਸੀਂ ਰਾਹੁਲ ਗਾਂਧੀ ਤੋਂ ਇਹ ਵੀ ਪੁਛਾਂਗੇ ਕਿ ਤੁਹਾਡੇ ਨਜ਼ਦੀਕੀਆਂ ਨੂੰ ਆਪਣੀ ਪਸੰਦ ਦੇ ਲੋਕ ਚਾਹੀਦੇ ਹਨ ਜਾਂ ਪਾਰਟੀ ਨਾਲ ਸੱਦੀਆਂ ਤੋਂ ਚਲ ਰਹੇ ਵਰਕਰ। ਹੁਣ ਇਥੇ ਇਹ ਵੇਖਣਾ ਹੈ ਕਿ ਬਾਜਵਾ ਵਿਰੋਧੀ ਖੇਮੇ ਨਾਲ ਸੰਬੰਧਤ ਇਹ ਵਰਕਰ ਰਾਹੁਲ ਅੱਗੇ ਪ੍ਰਦਰਸ਼ਨ ਕਰਨ ਵਿਚ ਕਿੰਨਾ ਕੁ ਸਫਲ ਹੁੰਦੇ ਹਨ ਜਾਂ ਇਨ੍ਹਾਂ ਦੀਆਂ ਉਮੀਦਾਂ ਧਰੀਆਂ ਦੀਆਂ ਧਰੀਆਂ ਹੀ ਰਹਿ ਜਾਣਗੀਆਂ, ਇਹ ਤਾਂ ਸਮਾਂ ਹੀ ਦੱਸੇਗਾ।
ਚਾਰ ਜੂਨੀਅਰ ਨੂੰ ਸੀਨੀਅਰ ਬਣਦੇ ਵੇਖ ਇੰਸਪੈਕਟਰ ਹੋਏ ਕੱਪੜਿਆਂ ਤੋਂ ਬਾਹਰ
NEXT STORY