ਭਾਵੇਂ ਉਸ ਦਾ ਫ਼ਿਲਮ 'ਈਮਾਨਦਾਰ' ਦਾ 'ਮੋਰੇ ਘਰ ਆਏ ਸਜਨਵਾ' ਵਰਗਾ ਕਲਾਸੀਕਲ ਗੀਤ ਹੋਵੇ ਜਾਂ ਫਿਰ 'ਮੋਹਰਾ' ਦਾ 'ਨ ਕਜਰੇ ਕੀ ਧਾਰ ਨ ਮੋਤੀਓਂ ਕੇ ਹਾਰ' ਵਰਗਾ ਸੁੰਦਰ ਗੀਤ ਹੋਵੇ, ਉਸ ਦੀ ਆਵਾਜ਼ ਦਾ ਜਾਦੂ ਅੱਜ ਵੀ ਕਾਇਮ ਹੈ। ਇਸ ਤੋਂ ਇਲਾਵਾ ਵੀ 'ਹਸਤੇ ਹਸਤੇ ਕਟ ਜਾਏਂ ਰਸਤੇ', 'ਜਬ ਕੋਈ ਬਾਤ ਬਿਗੜ ਜਾਏ', 'ਤੇਰੇ ਦਰ ਪਰ ਸਨਮ ਚਲੇ ਆਏ' ਅਤੇ 'ਆਈਏ ਆਪਕਾ ਇੰਤਜ਼ਾਰ ਥਾ' ਵਰਗੇ ਮਿੱਠੇ ਗੀਤ ਸੁਣ ਕੇ ਸਾਨੂੰ ਚੰਗਾ ਲੱਗਦਾ ਹੈ। ਇਹ ਜ਼ਰੂਰ ਹੈ ਕਿ ਉਹ ਇਸ ਦੌਰ ਵਿਚ ਪਿਛਾਂਹ ਜ਼ਰੂਰ ਚਲੀ ਗਈ ਹੈ ਪਰ ਉਹ ਨਿਰਾਸ਼ ਬਿਲਕੁਲ ਨਹੀਂ ਹੈ। ਆਪਣਾ 3 ਦਹਾਕਿਆਂ ਤੋਂ ਉੱਪਰ ਦਾ ਸੰਗੀਤਕ ਸਫਰ ਪੂਰਾ ਕਰ ਚੁੱਕੀ ਸਾਧਨਾ ਸਰਗਮ ਨੇ ਕਈ ਵੰਨਗੀਆਂ ਵਿਚ ਬੇਸ਼ੁਮਾਰ ਗੀਤ ਗਾਏ ਹਨ ਪਰ ਅੱਜ ਵੀ ਉਹ ਬਹੁਤ ਚੋਣਵੇਂ ਗੀਤ ਹੀ ਗਾਉਂਦੀ ਹੈ। ਪੇਸ਼ ਹਨ ਉਸ ਨਾਲ ਇਕ ਗੱਲਬਾਤ ਦੇ ਅੰਸ਼ :
* ਸੰਗੀਤ ਦੇ ਤੁਹਾਡੇ ਜੀਵਨ ਵਿਚ ਕੀ ਮਾਇਨੇ ਹਨ?
—ਮੈਂ ਤਾਂ ਕਹਾਂਗੀ ਕਿ ਮੇਰਾ ਜੀਵਨ ਹੀ ਹੈ ਸੰਗੀਤ। ਯਾਦ ਹੀ ਨਹੀਂ ਆਉਂਦਾ ਕਿ ਕਦੋਂ, ਕਿਵੇਂ ਮੈਂ ਸੰਗੀਤ ਨਾਲ ਇੰਨੀ ਡੂੰਘਾਈ ਤੋਂ ਜੁੜਦੀ ਗਈ। ਮੈਨੂੰ ਲੱਗਦੈ ਕਿ ਜਿਸ ਦੇ ਜੀਵਨ ਵਿਚ ਸੰਗੀਤ ਇੰਨੀ ਡੂੰਘਾਈ ਨਾਲ ਜੁੜ ਜਾਂਦਾ ਹੈ। ਉਸ ਦਾ ਤਾਂ ਜੀਵਨ ਹੀ ਮੈਲੋਡੀਅਸ ਹੋ ਜਾਂਦਾ ਹੈ। ਮੈਂ ਕਈ ਵੰਨਗੀਆਂ ਵਿਚ (ਪੌਪ, ਕਲਾਸੀਕਲ, ਭਜਨ, ਗ਼ਜ਼ਲ ਅਤੇ ਫ਼ਿਲਮਾਂ ਵਿਚ) ਖੂਬ ਸਾਰੇ ਗੀਤ ਗਾਏ ਹਨ।
* ਕਿਸ ਵੰਨਗੀ ਵਿਚ ਗਾ ਕੇ ਸਭ ਤੋਂ ਵਧੇਰੇ ਸੰਤੁਸ਼ਟੀ ਮਿਲਦੀ ਹੈ?
—ਗੀਤ ਮੇਰਾ ਜਨੂੰਨ ਹੈ, ਫਿਰ ਉਹ ਕਿਸੇ ਵੀ ਕਿਸਮ ਦਾ ਹੋਵੇ। ਹਾਂ, ਮੇਰੇ ਲਈ ਗੀਤ ਦੇ ਬੋਲ ਅਤੇ ਉਸ ਦਾ ਸੰਗੀਤ ਚੰਗਾ ਹੋਣਾ ਸਭ ਤੋਂ ਵਧੇਰੇ ਮਾਇਨੇ ਰੱਖਦਾ ਹੈ, ਤਾਂ ਹੀ ਮੈਂ ਕੁਝ ਵੀ ਗਾਉਣਾ ਸਵੀਕਾਰ ਕਰਦੀ ਹਾਂ। ਉਂਝ ਮੈਲੋਡੀਅਸ ਗੀਤ ਗਾਉਣਾ ਵਧੇਰੇ ਚੰਗਾ ਲੱਗਦਾ ਹੈ।
* ਤੁਸੀਂ ਫ਼ਿਲਮ 'ਦਿ ਬਲੈਕ ਟੁਥ' ਲਈ ਇਕ ਲੋਰੀ 'ਆ ਨਿੰਦੀਆ ਆਜਾ ਅਖੀਅਨ ਮੇਂ..' ਰਿਕਾਰਡ ਕੀਤੀ। ਇਸ ਗੀਤ ਲਈ ਕਿਸ ਗੱਲ ਨੇ ਤੁਹਾਨੂੰ ਸਭ ਤੋਂ ਵਧੇਰੇ ਪ੍ਰੇਰਿਤ ਕੀਤਾ?
—ਪਹਿਲੀ ਗੱਲ ਤਾਂ ਇਹ ਕਿ ਇਸ ਲੋਰੀ ਦੇ ਬੋਲ ਅਤੇ ਉਸ ਦਾ ਸੰਗੀਤ ਦੋਵੇਂ ਹੀ ਬਹੁਤ ਚੰਗੇ ਹਨ। ਇਸ ਤੋਂ ਇਲਾਵਾ ਜਦੋਂ ਮੈਂ ਰਿਕਾਰਡਿੰਗ ਲਈ ਸਟੂਡੀਓ ਪਹੁੰਚੀ ਅਤੇ ਉਥੇ ਮੈਨੂੰ ਦੱਸਿਆ ਗਿਆ ਉਸ ਸਿਚੁਏਸ਼ਨ ਬਾਰੇ, ਜਿਸ ਵਿਚ ਇਹ ਗੀਤ ਫ਼ਿਲਮਾਇਆ ਜਾਣਾ ਸੀ ਤਾਂ ਮੈਂ ਭਾਵੁਕ ਹੋ ਗਈ। ਇਕ ਬੇਹੱਦ ਦੁਖਦਾਈ ਸਥਿਤੀ ਵਿਚ ਸਮਾਜ ਦੀਆਂ ਕਰੂਰਤਾਂ ਦੀ ਸ਼ਿਕਾਰ ਇਕ ਔਰਤ ਨੂੰ ਇਹ ਲੋਰੀ ਗਾਉਂਦਿਆਂ ਦਿਖਾਉਣਾ ਸੀ। ਉਸ ਦਰਦ ਨੂੰ ਮਹਿਸੂਸ ਕਰਦਿਆਂ ਲੋਰੀ ਨੂੰ ਗਾਉਣਾ ਮੇਰੇ ਲਈ ਬਹੁਤ ਮੁਸ਼ਕਿਲ ਵੀ ਰਿਹਾ। ਮੈਂ ਪੂਰੇ ਮਨ ਨਾਲ ਇਸ ਨੂੰ ਗਾਇਆ ਅਤੇ ਲੋਰੀ ਖਤਮ ਹੋਣ ਤੱਕ ਮੇਰੀਆਂ ਅੱਖਾਂ ਸੱਚਮੁਚ ਛਲਕ ਪਈਆਂ। ਸਮਾਜ ਵਿਚ ਔਰਤਾਂ ਦਾ ਇਕ ਵਰਗ ਤਾਂ ਬਹੁਤ ਵਿਕਾਸ ਕਰ ਰਿਹਾ ਹੈ ਪਰ ਇਕ ਵੱਡਾ ਵਰਗ ਅੱਜ ਵੀ ਅਣਮਨੁੱਖੀ ਹਰਕਤਾਂ ਦਾ ਸ਼ਿਕਾਰ ਹੋ ਰਿਹਾ ਹੈ, ਜਿਸ ਦੀ ਇਕ ਝਲਕ ਇਸ ਫ਼ਿਲਮ ਵਿਚ ਵੀ ਹੈ।
* ਤਾਂ ਔਰਤਾਂ ਪ੍ਰਤੀ ਸਮਾਜ ਦੇ ਇਸ ਦੋਹਰੇ ਰੂਪ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
—ਸਾਡੇ ਸਮਾਜ ਵਿਚ ਕੁਝ ਔਰਤਾਂ ਤਾਂ ਡਾਕਟਰ, ਇੰਜੀਨੀਅਰ ਅਤੇ ਸਾਇੰਟਿਸਟ ਬਣ ਰਹੀਆਂ ਹਨ ਤਾਂ ਕਈਆਂ ਨਾਲ ਅੱਜ ਵੀ ਅਣਮਨੁੱਖੀ ਵਤੀਰਾ ਹੁੰਦਾ ਹੈ। ਮੈਨੂੰ ਲੱਗਦੈ ਕਿ ਪੂਰੇ ਸਮਾਜ ਨੂੰ ਸੂਝ-ਬੂਝ ਅਤੇ ਸੰਵੇਦਨਸ਼ੀਲਤਾ ਨਾਲ ਸਹੀ ਦਿਸ਼ਾ ਵੱਲ ਆਉਣਾ ਪਏਗਾ। ਹਰ ਕੋਈ ਆਪੋ-ਆਪਣੇ ਪੱਧਰ 'ਤੇ ਜੇਕਰ ਇਕ-ਇਕ ਕਦਮ ਵੀ ਵਧਾਉਣ ਲੱਗੇ ਤਾਂ ਵੱਡੀ ਤਬਦੀਲੀ ਹੋ ਸਕਦੀ ਹੈ।
* ਅੱਜਕਲ ਆਈਟਮ ਨੰਬਰ ਅਤੇ ਰੈਂਪ ਦੇ ਰੌਲੇ-ਰੱਪੇ ਵਿਚ ਲੋਰੀ, ਗ਼ਜ਼ਲ, ਕਲਾਸੀਕਲ ਸੰਗੀਤ ਦਾ ਮਹੱਤਵ ਘਟਦਾ ਜਾ ਰਿਹਾ ਹੈ। ਨਾਲ ਹੀ ਦੋ-ਅਰਥੀ ਸ਼ਬਦਾਂ ਨੂੰ ਲੋਕ ਪਸੰਦ ਵੀ ਕਰਦੇ ਹਨ। ਇਸ ਬਾਰੇ ਕੀ ਕਹੋਗੇ?
—ਇਹ ਸਹੀ ਹੈ ਕਿ ਫਿਲਹਾਲ ਸਾਨੂੰ ਰੌਲੇ-ਰੱਪੇ ਵਾਲੇ ਸੰਗੀਤ ਦਾ ਦੌਰ ਨਜ਼ਰ ਆ ਰਿਹਾ ਹੈ ਪਰ ਮੈਨੂੰ ਲੱਗਦੈ ਕਿ ਸੰਗੀਤ ਦਾ ਇਹ ਬੁਰਾ ਦੌਰ ਨਿਕਲ ਜਾਏਗਾ। ਸਾਡਾ ਸੱਭਿਆਚਾਰ ਬਹੁਤ ਪੁਰਾਣਾ ਅਤੇ ਮਹਾਨ ਹੈ। ਇਸ ਬਾਰੇ ਫ਼ਿਲਮ ਨਿਰਮਾਤਾ ਅਤੇ ਸੰਗੀਤ ਨਿਰਦੇਸ਼ਕਾਂ ਨੂੰ ਵੀ ਸੋਚਣਾ ਚਾਹੀਦੈ ਕਿ ਅਸੀਂ ਆਪਣੇ ਸੱਭਿਆਚਾਰ ਤੋਂ ਦੂਰ ਨਾ ਜਾਈਏ। ਗੀਤ ਦੇ ਬੋਲ ਮਰਿਆਦਾ ਰਹਿਤ ਨਾ ਹੋਣ। ਦੂਜੀ ਗੱਲ, ਬੱਚੇ ਅਤੇ ਨੌਜਵਾਨ ਜੇਕਰ ਅਜਿਹੇ ਗੀਤ ਪਸੰਦ ਕਰ ਰਹੇ ਹਨ ਤਾਂ ਇਸ ਦੇ ਲਈ ਅਸੀਂ ਹੀ ਜ਼ਿੰਮੇਵਾਰ ਹਾਂ। ਜੇਕਰ ਅਸੀਂ ਸ਼ੁਰੂ ਤੋਂ ਉਨ੍ਹਾਂ ਨੂੰ ਚੰਗੇ ਸੰਸਕਾਰ ਦੇਈਏ ਤਾਂ ਇੰਝ ਨਹੀਂ ਹੋਵੇਗਾ। ਯਕੀਨਨ ਅੱਜਕਲ ਜੋ ਹੋ ਰਿਹਾ ਹੈ, ਬਹੁਤ ਖਰਾਬ ਅਤੇ ਮਰਿਆਦਾ ਰਹਿਤ ਹੈ। ਇੰਝ ਨਹੀਂ ਹੋਣਾ ਚਾਹੀਦਾ। ਮੇਰਾ ਮੰਨਣੈ ਕਿ ਖੂਬਸੂਰਤ ਦੌਰ ਫਿਰ ਪਰਤੇਗਾ।
* ਤੁਸੀਂ ਬਹੁਤ ਸਾਰੇ ਸੰਗੀਤਕਾਰਾਂ ਨਾਲ ਗੀਤ ਗਾਏ ਹਨ। ਕਿਸ ਨਾਲ ਸਭ ਤੋਂ ਚੰਗੀ ਟਿਊਨਿੰਗ ਮਹਿਸੂਸ ਕਰਦੇ ਹੋ?
—ਸਾਰੇ ਨਾਲ ਬਹੁਤ ਵਧੀਆ ਅਨੁਭਵ ਰਹੇ ਹਨ। ਹਰ ਸੰਗੀਤਕਾਰ ਦੀ ਆਪਣੀ ਖਾਸੀਅਤ ਹੁੰਦੀ ਹੈ। ਕਲਿਆਣਜੀ-ਆਨੰਦ ਜੀ ਨੇ ਮੈਨੂੰ ਗਾਉਣ ਦਾ ਮੌਕਾ ਦਿੱਤਾ, ਉਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ। ਰਾਜੇਸ਼ ਰੋਸ਼ਨ ਜੀ ਨਾਲ ਬਹੁਤ ਪਿਆਰੇ ਗੀਤ ਗਾਏ ਹਨ ਮੈਂ। ਹਰ ਸੰਗੀਤਕਾਰ ਨਾਲ ਬਹੁਤ ਪਿਆਰੇ ਅਨੁਭਵ ਰਹੇ।
* ਤੁਸੀਂ ਪੰਡਿਤ ਜਸਰਾਜ ਤੋਂ ਵੀ ਗਾਉਣਾ ਸਿੱਖਿਆ ਹੈ। ਉਨ੍ਹਾਂ ਦੀ ਸਿੱਖਿਆ ਨੇ ਤੁਹਾਡੀ ਗਾਇਕੀ ਨੂੰ ਕਿੰਨਾ ਕੁ ਪ੍ਰਭਾਵਿਤ ਕੀਤਾ?
—ਉਨ੍ਹਾਂ ਨੇ ਮੈਨੂੰ ਇੰਨਾ ਕੁਝ ਸਿਖਾਇਆ ਕਿ ਬਸ ਇਹੀ ਕਹਾਂਗੀ ਕਿ ਮੈਂ ਉਨ੍ਹਾਂ ਦੀ ਕਰਜ਼ਾਈ ਹਾਂ ਅਤੇ ਸਾਰੀ ਜ਼ਿੰਦਗੀ ਉਨ੍ਹਾਂ ਦੀ ਕਰਜ਼ਾਈ ਹੀ ਰਹਾਂਗੀ।
* ਰਿਐਲਿਟੀ ਸ਼ੋਅਜ਼ ਰਾਹੀਂ ਬਹੁਤ ਸਾਰੇ ਬੱਚੇ, ਨੌਜਵਾਨ ਸੰਗੀਤ ਦੇ ਖੇਤਰ ਵਿਚ ਆ ਰਹੇ ਹਨ। ਇਸ ਨੂੰ ਤੁਸੀਂ ਕਿਸ ਰੂਪ ਵਿਚ ਦੇਖਦੇ ਹੋ?
—ਜੇਕਰ ਇਸ ਨੂੰ ਪਲੇਟਫਾਰਮ ਦੇ ਰੂਪ ਵਿਚ ਦੇਖਿਆ ਜਾਏ ਤਾਂ ਬਹੁਤ ਚੰਗਾ ਹੈ। ਟੇਲੈਂਟਸ ਨੂੰ ਮੌਕਾ ਮਿਲ ਰਿਹਾ ਹੈ। ਸ਼੍ਰੇਆ ਘੋਸ਼ਾਲ ਵਰਗੀ ਚੰਗੀ ਗਾਇਕਾ ਰਿਐਲਿਟੀ ਸ਼ੋਅ ਰਾਹੀਂ ਹੀ ਸਾਹਮਣੇ ਆਈ ਹੈ ਪਰ ਸਿਰਫ ਮੁਕਾਬਲਾ ਜਿੱਤਣ ਤੱਕ ਜਾਂ ਮਾਰਕੀਟਿੰਗ ਨਾਲ ਜੋੜ ਕੇ ਦੇਖਣਾ ਗਲਤ ਹੈ। ਉਂਝ ਵੀ ਸੰਗੀਤ ਸਾਧਨਾ ਦਾ ਹੀ ਖੇਤਰ ਹੈ, ਸਾਰੀ ਜ਼ਿੰਦਗੀ ਸਾਧਨਾ ਕਰਨੀ ਪੈਂਦੀ ਹੈ।
* ਹੁਣ ਤੱਕ ਦੇ ਆਪਣੇ ਸੰਗੀਤ ਦੇ ਸਫਰ ਬਾਰੇ ਕੀ ਕਹਿਣਾ ਚਾਹੋਗੇ?
—ਪਿਛਾਂਹ ਪਰਤ ਕੇ ਦੇਖਦੀ ਹਾਂ ਤਾਂ ਖੁਸ਼ੀ ਹੁੰਦੀ ਹੈ। ਬਹੁਤ ਪਿਆਰਾ ਰਿਹਾ ਸੰਗੀਤ ਦਾ ਸਫਰ। ਬਹੁਤ ਪਿਆਰ ਅਤੇ ਸਿਫਤ ਮਿਲੀ। ਮੇਰੇ ਮੰਮੀ-ਡੈਡੀ ਨੇ ਮੇਰੇ ਲਈ ਬਹੁਤ ਕੁਝ ਕੀਤਾ। ਉਨ੍ਹਾਂ ਦੇ ਯਤਨ ਅਤੇ ਆਸ਼ੀਰਵਾਦ ਨਾਲ ਹੀ ਮੈਂ ਇਥੋਂ ਤੱਕ ਪਹੁੰਚੀ ਹਾਂ।
ਲਿਫਟ ਲੈਣ ਤੋਂ ਪਹਿਲਾਂ ਰੱਖੋ ਧਿਆਨ
NEXT STORY