ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਪੂਰੇ ਭਾਰਤ ਵਿਚ ਹੀ ਨਹੀਂ, ਵਿਦੇਸ਼ਾਂ ਵਿਚ ਵੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਤੋਂ ਇਕ ਮਹੀਨਾ ਪਹਿਲਾਂ ਹੀ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਘਰ ਦੀ ਸਾਫ-ਸਫਾਈ, ਸ਼ਾਪਿੰਗ ਤੇ ਡੈਕੋਰੇਸ਼ਨ ਆਦਿ ਕੰਮ ਬੜੇ ਜ਼ੋਰਾਂ ਨਾਲ ਚਲਦੇ ਹਨ। ਇਨ੍ਹਾਂ ਸਾਰੇ ਜ਼ਰੂਰੀ ਕੰਮਾਂ 'ਚੋਂ ਅਸੀਂ ਕੁਝ ਅਜਿਹੇ ਕੰਮ ਵੀ ਕਰਦੇ ਹਾਂ, ਜਿਨ੍ਹਾਂ 'ਤੇ ਬੇਕਾਰ ਦੇ ਹਜ਼ਾਰਾਂ ਰੁਪਏ ਫੂਕ ਦਿੰਦੇ ਹਾਂ।
ਉਦੋਂ ਤਾਂ ਸਾਨੂੰ ਇਸ ਬਾਰੇ ਪਤਾ ਨਹੀ ਹੁੰਦਾ ਪਰ ਜਦੋਂ ਇਸ ਦੇ ਮਾੜੇ ਨਤੀਜੇ ਸਾਹਮਣੇ ਆਉਂਦੇ ਹਨ ਤਾਂ ਸਿਵਾਏ ਪਛਤਾਵੇ ਦੇ ਕੁਝ ਵੀ ਨਹੀਂ ਬਚਦਾ। ਉਦਾਹਰਣ ਹੈ ਕਿ ਜਿਵੇਂ ਖੂਬ ਮਹਿੰਗੇ ਪਟਾਕੇ ਖਰੀਦਣਾ, ਜੋ ਪ੍ਰਦੂਸ਼ਣ ਤਾਂ ਫੈਲਾਉਂਦੇ ਹੀ ਹਨ, ਨਾਲ ਹੀ ਸਾਡੀ ਸਿਹਤ 'ਤੇ ਵੀ ਮਾੜਾ ਅਸਰ ਪਾਉਂਦੇ ਹਨ। ਇਸ ਤੋਂ ਇਲਾਵਾ ਮਿਲਾਵਟੀ ਰੰਗ ਤੇ ਖੋਏ ਦੀਆਂ ਮਠਿਆਈਆਂ ਦੀ ਗੱਲ ਹੋਵੇ ਜਾਂ ਇਕ ਦਿਨ ਲਈ ਹੋਮ ਡੈਕੋਰ 'ਤੇ ਕੀਤਾ ਗਿਆ ਖਰਚਾ ਹੋਵੇ ਜਾਂ ਦੂਸਰਿਆਂ ਦੀ ਦੇਖਾ-ਦੇਖੀ ਮਹਿੰਗੇ ਗਿਫਟ ਦੇਣਾ ਆਦਿ ਕੁਝ ਅਜਿਹੀਆਂ ਗੱਲਾਂ ਹਨ, ਜਿਥੇ ਸਮਝਦਾਰੀ ਦਿਖਾਉਣ ਦੀ ਲੋੜ ਹੁੰਦੀ ਹੈ। ਜ਼ਰਾ ਸੋਚੋ, ਕੀ ਇਸ ਸਭ ਤੋਂ ਬਿਨਾਂ ਦੀਵਾਲੀ ਦਾ ਤਿਉਹਾਰ ਨਹੀਂ ਮਨਾਇਆ ਜਾ ਸਕਦਾ? ਇਸ ਵਾਰ ਆਪਣੇ ਦੋਸਤਾਂ ਤੇ ਆਪਣਿਆਂ ਨਾਲ ਈਕੋ ਫ੍ਰੈਂਡਲੀ ਦੀਵਾਲੀ ਮਨਾਓ।
ਦੀਵਾਲੀ 'ਤੇ ਜਗ੍ਹਾ-ਜਗ੍ਹਾ ਸੇਲ ਦੇ ਆਕਰਸ਼ਕ ਬੋਰਡ ਦੇਖ ਕੇ ਅਸੀਂ ਸਾਮਾਨ ਖਰੀਦਣ ਲਈ ਦੌੜ ਪੈਂਦੇ ਹਾਂ। ਬਸ ਇਹ ਦੇਖਿਆ ਕਿ ਚੀਜ਼ ਸੋਹਣੀ ਲੱਗ ਰਹੀ ਹੈ ਤਾਂ ਉਸ ਨੂੰ ਖਰੀਦ ਲਿਆ। ਇਹ ਨਹੀਂ ਸੋਚਿਆ ਕਿ ਇਹ ਸਾਮਾਨ ਬਾਅਦ ਵਿਚ ਇਸਤੇਮਾਲ ਹੋਵੇਗਾ ਜਾਂ ਨਹੀਂ। ਦੀਵਾਲੀ ਲੰਘਣ ਤੋਂ ਬਾਅਦ ਪਲਾਸਟਿਕ ਦੀਆਂ ਬਣੀਆਂ ਝਾਲਰਾਂ ਜਾਂ ਦੀਵੇ ਆਦਿ ਸੁੱਟ ਦਿੱਤੇ ਜਾਂਦੇ ਹਨ। ਪਲਾਸਟਿਕ ਦੀਆਂ ਬਣੀਆਂ ਚੀਜ਼ਾਂ ਰੀਸਾਈਕਲ ਨਹੀਂ ਹੋ ਸਕਦੀਆਂ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਇਸ ਲਈ ਦੀਵਾਲੀ 'ਤੇ ਅਜਿਹਾ ਸਾਮਾਨ ਖਰੀਦੋ, ਜੋ ਬਾਅਦ ਵਿਚ ਵੀ ਵਰਤੋਂ 'ਚ ਆ ਸਕੇ।
ਦੀਵਾਲੀ 'ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਰੰਗ-ਬਿਰੰਗੀਆਂ ਲਾਈਟਾਂ ਤੇ ਲੜੀਆਂ ਲਗਾਉਂਦੇ ਹਨ ਤੇ ਬੇਤਹਾਸ਼ਾ ਖਰਚ ਕਰਦੇ ਹਨ। ਇਨ੍ਹਾਂ ਲੜੀਆਂ ਨੂੰ ਦੀਵਾਲੀ ਤੋਂ 1-2 ਦਿਨ ਪਹਿਲਾਂ ਤੇ ਬਾਅਦ ਵਿਚ ਲਗਾਈ ਰੱਖਦੇ ਹਨ, ਜਿਸ ਨਾਲ ਫਾਲਤੂ ਦੀ ਬਿਜਲੀ ਖਪਤ ਹੁੰਦੀ ਹੈ।
ਈਕੋ ਫੈਂ੍ਰਡਲੀ ਦੀਵਾਲੀ ਮਨਾਉਣ ਲਈ ਮਿੱਟੀ ਦੇ ਦੀਵੇ ਬਾਲੋ। ਇਸ ਨਾਲ ਤੁਹਾਡਾ ਘਰ ਸੁੰਦਰ ਤਾਂ ਹੋਵੇਗਾ ਹੀ, ਬਿਜਲੀ ਦੀ ਬਰਬਾਦੀ ਵੀ ਨਹੀਂ ਹੋਵੇਗੀ।
ਦੀਵਾਲੀ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਪਟਾਕੇ ਚਲਾਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਦੀਵਾਲੀ ਵਾਲੇ ਦਿਨ ਤਾਂ ਕੰਨਾਂ ਦੇ ਪਰਦੇ ਪਾੜਨ ਵਾਲੇ ਪਟਾਕੇ, ਵਾਤਾਵਰਣ ਵਿਚ ਜ਼ਹਿਰੀਲੀ ਗੈਸ ਅਤੇ ਕਾਲਾ ਧੂੰਆਂ, ਚਮੜੀ ਦੀ ਖਾਜ, ਸਾਹ ਲੈਣ 'ਚ ਤਕਲੀਫ ਆਦਿ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਨ੍ਹਾਂ ਪਟਾਕਿਆਂ ਨੂੰ ਚਲਾਉਣ ਅਤੇ ਉਨ੍ਹਾਂ ਦੇ ਸ਼ੋਰ ਵਿਚ ਅਸੀਂ ਇੰਨੇ ਮਸਤ ਹੋ ਜਾਂਦੇ ਹਾਂ ਕਿ ਅਸੀਂ ਪ੍ਰਦੂਸ਼ਣ ਤੇ ਵਾਤਾਵਰਣ ਬਾਰੇ ਭੁੱਲ ਹੀ ਜਾਂਦੇ ਹਾਂ। ਅੱਜਕਲ ਮਾਰਕੀਟ ਵਿਚ ਈਕੋ ਫ੍ਰੈਂਡਲੀ ਪਟਾਕੇ ਵੀ ਉਪਲੱਬਧ ਹਨ, ਜੋ ਥੋੜ੍ਹੇ ਮਹਿੰਗੇ ਜ਼ਰੂਰ ਹਨ ਪਰ ਸਿਹਤ ਲਈ ਕੁਝ ਸੁਰੱਖਿਅਤ ਹੁੰਦੇ ਹਨ ਇਸ ਲਈ ਇਸ ਦੀਵਾਲੀ 'ਤੇ ਈਕੋ ਫ੍ਰੈਂਡਲੀ ਪਟਾਕੇ ਚਲਾਉਣ ਦਾ ਹੀ ਪ੍ਰਣ ਲਓ।
ਦੀਵਾਲੀ ਆਉਂਦਿਆਂ ਹੀ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਤੇ ਹੋਰ ਪੀਣ ਵਾਲੇ ਪਦਾਰਥਾਂ ਦੀਆਂ ਦੁਕਾਨਾਂ ਸਜ ਜਾਂਦੀਆਂ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਬਾਜ਼ਾਰ ਵਿਚ ਨਕਲੀ ਖੋਏ ਦੀਆਂ ਬਣੀਆਂ ਮਠਿਆਈਆਂ ਦੀ ਤਿਉਹਾਰੀ ਸੀਜ਼ਨ ਵਿਚ ਭਰਮਾਰ ਹੁੰਦੀ ਹੈ ਪਰ ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਕਿ ਵਧੀਆ ਦੁਕਾਨ ਤੋਂ ਹੀ ਮਠਿਆਈ ਦੀ ਖਰੀਦ ਕਰੀਏ ਪਰ ਫਿਰ ਵੀ ਇਸ ਸੀਜ਼ਨ ਵਿਚ ਖਰੀਦੀ ਮਠਿਆਈ ਦੀ ਕੁਆਲਿਟੀ ਬਾਰੇ ਭਰੋਸਾ ਘੱਟ ਹੀ ਕੀਤਾ ਜਾ ਸਕਦਾ ਹੈ ਇਸ ਲਈ ਘਰ 'ਚ ਹੀ ਬਣੇ ਲੱਡੂ, ਬਰਫੀ ਜਾਂ ਸਨੈਕਸ ਆਦਿ ਤਿਆਰ ਕਰ ਸਕਦੇ ਹੋ। ਦੀਵਾਲੀ ਆਪਸੀ ਪ੍ਰੇਮ ਤੇ ਸੁਹਿਰਦਤਾ ਬਣਾਈ ਰੱਖਣ ਵਾਲਾ ਤਿਉਹਾਰ ਹੈ। ਇਸ ਦਿਨ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਗਿਫਟ ਆਦਿ ਵੀ ਦਿੰਦੇ ਹਨ। ਇਸ ਤੋਂ ਇਲਾਵਾ ਤੁਸੀਂ ਘਰ 'ਚ ਬਣਾਈ ਮਠਿਆਈ ਜਾਂ ਸਨੈਕਸ ਆਪਣੇ ਗੁਆਂਢੀਆਂ ਨੂੰ ਦੇ ਸਕਦੇ ਹੋ।
ਇਸ ਤੋਂ ਇਲਾਵਾ ਆਰਗੈਨਿਕ ਗਿਫਟ ਦੇ ਰੂਪ ਵਿਚ ਤੁਸੀਂ ਆਰਗੈਨਿਕ ਸੂਪ, ਕ੍ਰੀਮ, ਚਾਹ ਤੋਂ ਲੈ ਕੇ ਕੌਫੀ, ਮਸਾਲੇ, ਹੇਅਰ ਐਂਡ ਸਕਿਨ ਕੇਅਰ ਰੇਂਜ ਜਾਂ ਪਲਾਂਟਸ ਆਦਿ ਦੀ ਪੈਕਿੰਗ ਦੇ ਸਕਦੇ ਹੋ। ਗਿਫਟਸ ਦੀ ਪੈਕਿੰਗ ਲਈ ਜੂਟ ਬੈਗ ਜਾਂ ਕੱਪੜੇ ਦੇ ਬੈਗ ਦੀ ਵਰਤੋਂ ਕਰੋ। ਚਾਹੋ ਤਾਂ ਉਸ 'ਤੇ 'ਗੋ ਗ੍ਰੀਨ' ਦਾ ਮੈਸੇਜ ਲਿਖ ਸਕਦੇ ਹੋ ਅਤੇ ਦੂਜਿਆਂ ਨੂੰ ਵੀ ਇਹ ਮੈਸੇਜ ਦੇ ਸਕਦੇ ਹੋ।
ਦੀਵਾਲੀ 'ਤੇ ਸਫਾਈ ਦੇ ਸਮੇਂ ਅਸੀਂ ਪੁਰਾਣੇ ਕੱਪੜੇ ਜਾਂ ਸਾਮਾਨ ਬਾਹਰ ਸੁੱਟ ਦਿੰਦੇ ਹਾਂ, ਜਿਸ ਦੀ ਸਾਨੂੰ ਲੋੜ ਨਹੀਂ ਹੁੰਦੀ ਪਰ ਹੋ ਸਕਦਾ ਹੈ ਕਿ ਇਹ ਸਾਮਾਨ ਕਿਸੇ ਲੋੜਵੰਦ ਦੇ ਕੰਮ ਆ ਜਾਵੇ ਇਸ ਲਈ ਸਾਮਾਨ ਇਕੱਠਾ ਕਰ ਕੇ ਰੱਖੋ ਅਤੇ ਲੋੜਵੰਦਾਂ ਨੂੰ ਵੰਡ ਸਕਦੇ ਹੋ। ਪੁਰਾਣੀਆਂ ਚਾਦਰਾਂ, ਕੰਬਲ ਜਾਂ ਗਰਮ ਕੱਪੜੇ ਤੁਸੀਂ ਚਾਹੋ ਤਾਂ ਕਿਸੇ ਅਨਾਥ ਆਸ਼ਰਮ ਨੂੰ ਦਾਨ ਕਰ ਸਕਦੇ ਹੋ।
ਦੀਵਾਲੀ ਮਨਾਉਣ ਤੋਂ ਪਹਿਲਾਂ
NEXT STORY