ਪਹਿਲਾਂ ਮੰਡੀ ਵਿਚ ਮਾਲ-ਤਾਲ ਵਿਕਦਾ ਸੀ ਅਤੇ ਮੁੱਲ-ਭਾਅ ਕਰਨ ਵਾਲੇ ਹੱਥ ਮਿਲਾ ਕੇ, ਉਸ 'ਤੇ ਇਕ ਰੁਮਾਲ ਪਾ ਲੈਂਦੇ ਅਤੇ ਰੁਮਾਲ ਦੇ ਹੇਠਾਂ ਉਂਗਲੀਆਂ ਦੇ ਇਸ਼ਾਰੇ ਨਾਲ ਸੌਦਾ ਹੋ ਜਾਂਦਾ ਸੀ। ਹੁਣ ਤਾਂ ਜਿਵੇਂ ਉਹ ਰੁਮਾਲ ਵੀ ਹਟ ਗਿਆ ਸੀ ਅਤੇ ਸ਼ਰੇਆਮ ਸੌਦੇ ਹੋ ਰਹੇ ਸਨ ਤੇ ਲੋਕ ਸੌਦਾਗਰੀ ਦੀਆਂ ਰਵਾਇਤਾਂ ਨੂੰ ਵੀ ਭੁੱਲ ਗਏ ਸਨ।
ਉਹ ਸਾਰਾ ਲੈਣ-ਦੇਣ, ਸਾਰਾ ਕਾਰੋਬਾਰ, 'ਬੋਕਾਸ਼ਯੋ' ਦੀ ਕਹਾਣੀ ਮਹਿਸੂਸ ਹੋ ਰਿਹਾ ਸੀ, ਜਿਸ ਵਿਚ ਔਰਤਾਂ ਦੀ ਸ਼ਰੇਆਮ ਵਿਕਰੀ ਦੀ ਕਹਾਣੀ ਕਹੀ ਗਈ ਹੈ ਅਤੇ 'ਉਜ਼ਬੇਕ' ਅਣਗਿਣਤ ਨਗਨ ਔਰਤਾਂ ਦੇ ਸਾਹਮਣੇ ਉਨ੍ਹਾਂ ਦੇ ਸਰੀਰ ਨੂੰ ਟਟੋਲ-ਟਟੋਲ ਕੇ ਦੇਖ ਰਿਹਾ ਹੈ। ਜਦੋਂ ਉਹ ਕਿਸੇ ਔਰਤ ਦੇ ਸਰੀਰ ਨੂੰ ਉਂਗਲੀ ਨਾਲ ਛੂੰਹਦਾ ਹੈ ਤਾਂ ਉਥੇ ਇਕ ਗੁਲਾਬੀ ਟੋਇਆ ਪੈ ਜਾਂਦਾ ਹੈ ਅਤੇ ਬੇਇੱਜ਼ਤੀ ਦੀ ਜਵਾਲਾ ਵਿਚ ਸੜਦੀ ਔਰਤ ਇਕ ਹੱਥ ਨਾਲ ਨਾਲਾ ਫੜੀ ਅਤੇ ਦੂਜੇ ਨਾਲ ਚਿਹਰਾ ਲੁਕੋਈ ਡੁਸਕਦੀ ਹੈ, ਜਦਕਿ ਬਾਕੀ ਔਰਤਾਂ ਉਸ ਨੂੰ ਈਰਖਾ ਨਾਲ ਦੇਖਦਿਆਂ ਉਥੋਂ ਜਾਣ ਲੱਗਦੀਆਂ ਹਨ...
c
ਸੁੰਦਰ ਲਾਲ ਅੰਮ੍ਰਿਤਸਰ ਦੀ ਸਰਹੱਦ 'ਤੇ ਜਾਣ ਦੀ ਤਿਆਰੀ ਕਰ ਰਹੇ ਸਨ ਕਿ ਉਨ੍ਹਾਂ ਨੂੰ ਲਾਜੋ ਦੇ ਆਉਣ ਦੀ ਖ਼ਬਰ ਮਿਲੀ। ਇਕਦਮ ਇਸ ਖ਼ਬਰ ਦੇ ਮਿਲਦਿਆਂ ਹੀ ਉਹ ਘਬਰਾ ਗਏ ਅਤੇ ਕਿਸੇ ਤਰ੍ਹਾਂ ਆਪਣੇ ਕਦਮਾਂ ਨਾਲ ਧਰਤੀ ਨਾਪਦੇ ਹੋਏ ਚੌਕੀ ਕਲਾਂ ਵੱਲ ਤੁਰ ਪਏ, ਜਿਥੇ ਪਾਕਿਸਤਾਨ ਤੋਂ ਲਿਆਂਦੀਆਂ ਔਰਤਾਂ ਦੀ ਡਲਿਵਰੀ ਦਿੱਤੀ ਜਾਂਦੀ ਸੀ।
ਹੁਣ ਲਾਜੋ ਉਨ੍ਹਾਂ ਦੇ ਸਾਹਮਣੇ ਖੜ੍ਹੀ ਸੀ ਅਤੇ ਕਿਸੇ ਸ਼ੰਕੇ ਨਾਲ ਕੰਬ ਰਹੀ ਸੀ। ਉਹ ਸੁੰਦਰ ਲਾਲ ਨੂੰ ਜਾਣਦੀ ਸੀ। ਉਹ ਪਹਿਲਾਂ ਹੀ ਉਸ ਨਾਲ ਬੁਰਾ ਵਰਤਾਓ ਕਰਦੇ ਸਨ ਅਤੇ ਹੁਣ ਜਦੋਂਕਿ ਉਹ ਪਰਾਏ ਮਰਦ ਨਾਲ ਜੀਵਨ ਦੇ ਕਿੰਨੇ ਹੀ ਦਿਨ ਬਿਤਾ ਕੇ ਆਈ ਸੀ, ਪਤਾ ਨਹੀਂ ਕੀ ਕਰਨਗੇ?
ਉਹ ਸੁੰਦਰ ਲਾਲ ਬਾਰੇ ਇੰਨਾ ਸੋਚ ਰਹੀ ਸੀ ਕਿ ਉਸ ਨੂੰ ਆਪਣੇ ਕੱਪੜੇ ਬਦਲਣ ਅਤੇ ਦੁਪੱਟਾ ਠੀਕ ਤਰ੍ਹਾਂ ਲੈਣ ਦੀ ਵੀ ਸੁੱਧ ਨਹੀਂ ਸੀ। ਹੁਣ ਉਹ ਸੁੰਦਰ ਲਾਲ ਦੇ ਸਾਹਮਣੇ ਖੜ੍ਹੀ ਸੀ ਅਤੇ ਕੰਬ ਰਹੀ ਸੀ, ਇਕ ਆਸ ਅਤੇ ਨਿਰਾਸ਼ਾ ਦੇ ਡਰ ਦੀ ਭਾਵਨਾ ਨਾਲ।
ਲਾਜੋ ਨੂੰ ਦੇਖ ਕੇ ਸੁੰਦਰ ਲਾਲ ਨੂੰ ਧੱਕਾ ਜਿਹਾ ਲੱਗਾ। ਉਨ੍ਹਾਂ ਨੇ ਦੇਖਿਆ ਕਿ ਲਾਜਵੰਤੀ ਦਾ ਰੰਗ ਪਹਿਲਾਂ ਨਾਲੋਂ ਕੁਝ ਨਿਖਰ ਗਿਆ ਸੀ ਅਤੇ ਉਹ ਪਹਿਲਾਂ ਦੇ ਮੁਕਾਬਲੇ ਵਧੇਰੇ ਸਿਹਤਮੰਦ ਵੀ ਨਜ਼ਰ ਆ ਰਹੀ ਸੀ ਤੇ ਮੋਟੀ ਵੀ ਹੋ ਗਈ ਸੀ। ਸੁੰਦਰ ਲਾਲ ਨੇ ਜੋ ਕੁਝ ਲਾਜੋ ਬਾਰੇ ਸੋਚਿਆ ਹੋਇਆ ਸੀ, ਉਹ ਸਭ ਗਲਤ ਸੀ। ਉਹ ਸਮਝਦੇ ਸਨ, ਦੁੱਖ ਵਿਚ ਘੁਲ ਕੇ ਲਾਜਵੰਤੀ ਬਿਲਕੁਲ ਮਰੀਅਲ ਜਿਹੀ ਹੋ ਚੁੱਕੀ ਹੋਵੇਗੀ ਅਤੇ ਆਵਾਜ਼ ਉਸ ਦੇ ਮੂੰਹੋਂ ਕੱਢਿਆਂ ਵੀ ਨਾ ਨਿਕਲਦੀ ਹੋਵੇਗੀ। ਇਸ ਖਿਆਲ ਨਾਲ ਕਿ ਉਹ ਪਾਕਿਸਤਾਨ ਵਿਚ ਬੜੀ ਖੁਸ਼ ਰਹੀ ਹੈ, ਉਨ੍ਹਾਂ ਨੂੰ ਠੇਸ ਜਿਹੀ ਲੱਗੀ ਪਰ ਉਹ ਚੁੱਪ ਰਹੇ ਕਿਉਂਕਿ ਉਨ੍ਹਾਂ ਨੇ ਚੁੱਪ ਰਹਿਣ ਦੀ ਸਹੁੰ ਖਾਧੀ ਹੋਈ ਸੀ। ਭਾਵੇਂਕਿ ਉਹ ਇਹ ਨਹੀਂ ਜਾਣ ਸਕੇ ਕਿ ਜੇਕਰ ਉਹ ਉਥੇ ਇੰਨੀ ਹੀ ਖੁਸ਼ ਸੀ ਤਾਂ ਇਥੇ ਕਿਉਂ ਆਈ ਹੈ? ਉਹ ਇਕ ਗੱਲ ਸਮਝ ਨਹੀਂ ਸਕੇ ਕਿ ਜਿਸ ਲਾਜਵੰਤੀ ਦੇ ਸਰੀਰ 'ਤੇ ਮਾਸ ਨੇ ਹੱਡੀਆਂ ਛੱਡ ਦਿੱਤੀਆਂ ਸਨ, ਉਹ ਦੁੱਖ ਦੀ ਮਾਰ ਨਾਲ ਮੋਟੀ ਕਿਵੇਂ ਹੋ ਗਈ ਸੀ ਅਤੇ ਸਿਹਤਮੰਦ ਵੀ ਨਜ਼ਰ ਆਉਂਦੀ ਸੀ ਪਰ ਇਹ ਅਜਿਹਾ ਮੋਟਾਪਾ ਸੀ, ਜਿਸ ਵਿਚ ਦੋ ਕਦਮ ਤੁਰਨ 'ਤੇ ਵੀ ਫੁੱਲ ਜਾਂਦਾ ਹੈ।
ਲਾਜੋ ਦੇ ਚਿਹਰੇ 'ਤੇ ਪਹਿਲੀ ਨਜ਼ਰ ਪੈਣ ਦਾ ਪ੍ਰਭਾਵ ਕੁਝ ਅਜੀਬ ਜਿਹਾ ਸੀ ਪਰ ਆਪਣੇ ਸਾਰੇ ਵਿਚਾਰਾਂ ਨਾਲ ਉਨ੍ਹਾਂ ਦ੍ਰਿੜ੍ਹਤਾ ਨਾਲ ਮੁਕਾਬਲਾ ਕੀਤਾ। ਹੋਰ ਵੀ ਬਹੁਤ ਸਾਰੇ ਲੋਕ ਉਥੇ ਮੌਜੂਦ ਸਨ। ਉਨ੍ਹਾਂ ਵਿਚੋਂ ਕਿਸੇ ਨੇ ਕਿਹਾ, ''ਅਸੀਂ ਨਹੀਂ ਲੈਂਦੇ ਜੂਠੀ ਔਰਤ।''
ਉਨ੍ਹਾਂ ਸਾਰੇ ਲੋਕਾਂ ਅਤੇ ਸਾਰੀਆਂ ਆਵਾਜ਼ਾਂ ਵਿਚ ਘਿਰੀ ਲਾਜੋ ਅਤੇ ਸੁੰਦਰ ਲਾਲ ਆਪਣੇ ਡੇਰੇ ਵੱਲ ਜਾ ਰਹੇ ਸਨ।
ਲਾਜਵੰਤੀ ਦੇ ਆ ਜਾਣ 'ਤੇ ਵੀ ਸੁੰਦਰ ਲਾਲ ਨੇ ਉਸੇ ਜਜ਼ਬੇ ਨਾਲ 'ਦਿਲ 'ਚ ਵਸਾਓ' ਅੰਦੋਲਨ ਨੂੰ ਜਾਰੀ ਰੱਖਿਆ। ਸੁੰਦਰ ਲਾਲ ਬਾਬੂ ਨੂੰ ਕਿਸੇ ਦੀ ਚਿੰਤਾ ਨਹੀਂ ਸੀ। ਉਨ੍ਹਾਂ ਦੇ ਦਿਲ ਦੀ ਦੇਵੀ ਪਰਤ ਆਈ ਸੀ, ਉਨ੍ਹਾਂ ਦੇ ਦਿਲ ਦਾ ਟੋਇਆ ਪੂਰਿਆ ਗਿਆ ਸੀ। ਸੁੰਦਰ ਲਾਲ ਨੇ ਲਾਜੋ ਦੀ ਸੋਨ-ਮੂਰਤੀ ਨੂੰ ਆਪਣੇ ਮਨ ਮੰਦਰ ਵਿਚ ਵਸਾ ਲਿਆ ਸੀ ਅਤੇ ਖੁਦ ਦਰਵਾਜ਼ੇ 'ਤੇ ਬੈਠ ਕੇ ਉਸ ਦੀ ਪੂਜਾ ਕਰਨ ਲੱਗੇ ਸਨ। ਲਾਜੋ, ਜੋ ਪਹਿਲਾਂ ਡਰ ਨਾਲ ਸਹਿਮੀ ਜਿਹੀ ਰਹਿੰਦੀ ਸੀ, ਹੌਲੀ-ਹੌਲੀ ਸੁੰਦਰ ਲਾਲ ਦੀ ਉਦਾਰਤਾ ਦੇਖ ਕੇ ਖੁੱਲ੍ਹਣ ਲੱਗੀ ਸੀ। ਸੁੰਦਰ ਲਾਲ ਲਾਜਵੰਤੀ ਨੂੰ ਹੁਣ 'ਲਾਜੋ' ਕਹਿ ਕੇ ਹੀ ਨਹੀਂ ਬੁਲਾਉਂਦੇ ਸਨ, ਉਹ ਉਸ ਨੂੰ ਕਹਿੰਦੇ ਸਨ 'ਦੇਵੀ'।
ਅਤੇ ਲਾਜੋ ਇਕ ਅਣਜਾਣੀ ਖੁਸ਼ੀ ਨਾਲ ਪਾਗਲ ਹੁੰਦੀ ਜਾਂਦੀ ਸੀ। ਉਹ ਕਿੰਨਾ ਚਾਹੁੰਦੀ ਸੀ ਕਿ ਸੁੰਦਰ ਲਾਲ ਨੂੰ ਆਪਣੀ ਹੱਡਬੀਤੀ ਸੁਣਾਏ ਅਤੇ ਸੁਣਾਉਂਦੀ-ਸੁਣਾਉਂਦੀ ਇੰਨਾ ਰੋਵੇ ਕਿ ਉਸ ਦੇ ਸਾਰੇ ਅਪਰਾਧ ਧੋਤੇ ਜਾਣ।
ਪਰ ਸੁੰਦਰ ਲਾਲ ਲਾਜੋ ਦੀਆਂ ਉਹ ਗੱਲਾਂ ਸੁਣਨਾ ਮਨਜ਼ੂਰ ਨਾ ਕਰਦੇ ਅਤੇ ਲਾਜੋ ਆਪਣੇ ਖੁੱਲ੍ਹ ਜਾਣ 'ਤੇ ਵੀ ਇਕ ਤਰ੍ਹਾਂ ਸਹਿਮੀ ਰਹਿੰਦੀ ਅਤੇ ਆਪਣੀ ਇਸ ਚੋਰੀ 'ਚ ਫੜੀ ਜਾਂਦੀ। ਜਦੋਂ ਸੁੰਦਰ ਲਾਲ ਇਸ ਦਾ ਕਾਰਨ ਪੁੱਛਦੇ ਤਾਂ ਉਹ 'ਨਹੀਂ', 'ਉਂਝ ਹੀ', 'ਊਂ ਹੂੰ' ਤੋਂ ਇਲਾਵਾ ਹੋਰ ਕੁਝ ਨਾ ਕਹਿੰਦੀ ਅਤੇ ਸਾਰੇ ਦਿਨ ਦੇ ਥੱਕੇ-ਟੁੱਟੇ ਸੁੰਦਰ ਲਾਲ ਫਿਰ ਸੌਂ ਜਾਂਦੇ।
ਹਾਂ, ਸ਼ੁਰੂ-ਸ਼ੁਰੂ ਵਿਚ ਇਕ ਵਾਰ ਸੁੰਦਰ ਲਾਲ ਨੇ ਲਾਜਵੰਤੀ ਦੇ 'ਕਾਲੇ ਦਿਨਾਂ' ਬਾਰੇ ਸਿਰਫ ਇੰਨਾ ਪੁੱਛਿਆ ਸੀ, ''ਕੌਣ ਸੀ ਉਹ?'' ਲਾਜਵੰਤੀ ਨੇ ਨਜ਼ਰਾਂ ਨੀਵੀਆਂ ਕਰਦਿਆਂ ਕਿਹਾ, ''ਜੁੰਮਾ।'' ਫਿਰ ਉਹ ਆਪਣੀਆਂ ਨਜ਼ਰਾਂ ਸੁੰਦਰ ਲਾਲ ਦੇ ਚਿਹਰੇ 'ਤੇ ਟਿਕਾ ਕੇ ਕੁਝ ਕਹਿਣਾ ਚਾਹੁੰਦੀ ਸੀ ਪਰ ਸੁੰਦਰ ਲਾਲ ਅਜੀਬ ਜਿਹੀਆਂ ਨਜ਼ਰਾਂ ਨਾਲ ਲਾਜਵੰਤੀ ਦੇ ਚਿਹਰੇ ਵੱਲ ਦੇਖ ਰਹੇ ਸਨ ਅਤੇ ਉਸ ਦੇ ਵਾਲਾਂ ਨੂੰ ਸੁਲਝਾ ਰਹੇ ਸਨ। ਲਾਜਵੰਤੀ ਨੇ ਫਿਰ ਅੱਖਾਂ ਝੁਕਾ ਲਈਆਂ ਅਤੇ ਸੁੰਦਰ ਲਾਲ ਨੇ ਪੁੱਛਿਆ, ''ਚੰਗਾ ਵਰਤਾਓ ਕਰਦਾ ਸੀ ਉਹ?''
''ਹਾਂ।''
''ਕੁੱਟਦਾ ਤਾਂ ਨਹੀਂ ਸੀ?''
ਲਾਜਵੰਤੀ ਨੇ ਆਪਣਾ ਸਿਰ ਸੁੰਦਰ ਲਾਲ ਦੀ ਛਾਤੀ 'ਤੇ ਰੱਖਦਿਆਂ ਕਿਹਾ, ''ਨਹੀਂ।'' ਅਤੇ ਫਿਰ ਕਹਿਣ ਲੱਗੀ, ''ਉਸ ਨੇ ਮੈਨੂੰ ਕੁਝ ਨਹੀਂ ਕਿਹਾ, ਭਾਵੇਂਕਿ ਉਹ ਕੁੱਟਦਾ ਨਹੀਂ ਸੀ ਪਰ ਉਸ ਤੋਂ ਵਧੇਰੇ ਡਰਾਉਂਦਾ ਸੀ। ਤੁਸੀਂ ਮੈਨੂੰ ਕੁੱਟਦੇ ਸੀ ਪਰ ਮੈਂ ਤੁਹਾਡੇ ਤੋਂ ਡਰਦੀ ਨਹੀਂ ਸੀ... ਹੁਣ ਤਾਂ ਨਹੀਂ ਕੁੱਟੋਗੇ?''
ਸੁੰਦਰ ਲਾਲ ਦੀਆਂ ਅੱਖਾਂ 'ਚੋਂ ਹੰਝੂ ਡੁੱਲ੍ਹ ਪਏ ਅਤੇ ਉਨ੍ਹਾਂ ਨੇ ਬੜੀ ਸ਼ਰਮਿੰਦਗੀ ਅਤੇ ਦੁਖੀ ਲਹਿਜੇ ਵਿਚ ਕਿਹਾ, ''ਨਹੀਂ ਦੇਵੀ, ਹੁਣ ਨਹੀਂ ਕੁੱਟਾਂਗਾ, ਨਹੀਂ ਕੁੱਟਾਂਗਾ।''
''ਦੇਵੀ।'' ਲਾਜਵੰਤੀ ਨੇ ਸੋਚਿਆ ਅਤੇ ਹੰਝੂ ਕੇਰਨ ਲੱਗੀ।
ਅਤੇ ਉਸ ਪਿੱਛੋਂ ਲਾਜਵੰਤੀ ਸਭ ਕੁਝ ਕਹਿ ਦੇਣਾ ਚਾਹੁੰਦੀ ਸੀ ਪਰ ਸੁੰਦਰ ਲਾਲ ਨੇ ਕਿਹਾ, ''ਜਾਣ ਦੇ ਬੀਤੀਆਂ ਗੱਲਾਂ। ਉਸ ਵਿਚ ਤੇਰਾ ਕੀ ਦੋਸ਼ ਹੈ? ਉਸ ਵਿਚ ਦੋਸ਼ ਹੈ ਸਾਡੇ ਸਮਾਜ ਦਾ, ਜੋ ਤੇਰੇ ਵਰਗੀਆਂ ਦੇਵੀਆਂ ਨੂੰ ਉਨ੍ਹਾਂ ਦਾ ਸਥਾਨ ਨਹੀਂ ਸੌਂਪਦਾ। ਇਸ ਨਾਲ ਉਹ ਤੇਰੇ ਵਰਗੀਆਂ ਦੇਵੀਆਂ ਦਾ ਨੁਕਸਾਨ ਨਹੀਂ ਕਰਦਾ, ਸਗੋਂ ਆਪਣਾ ਨੁਕਸਾਨ ਕਰਦਾ ਹੈ।
ਅਤੇ ਲਾਜਵੰਤੀ ਦੀ ਮਨ ਦੀ ਮਨ ਵਿਚ ਹੀ ਰਹਿ ਗਈ, ਕਹਿ ਨਾ ਸਕੀ ਸਾਰੀ ਗੱਲ। ਸਿਮਟੀ ਜਿਹੀ ਪਈ ਰਹੀ ਅਤੇ ਆਪਣੇ ਸਰੀਰ ਵੱਲ ਦੇਖਦੀ ਰਹੀ, ਜੋ ਵੰਡ ਪਿੱਛੋਂ ਹੁਣ ਦੇਵੀ ਦਾ ਸਰੀਰ ਹੋ ਗਿਆ ਸੀ। ਉਹ ਸਰੀਰ ਲਾਜਵੰਤੀ ਦਾ ਸਰੀਰ ਨਹੀਂ ਸੀ। ਉਹ ਖੁਸ਼ ਸੀ, ਬਹੁਤ ਖੁਸ਼ ਸੀ, ਬਹੁਤ ਹੀ ਖੁਸ਼ ਪਰ ਇਕ ਅਜਿਹੀ ਅਜੀਬ ਜਿਹੀ ਖੁਸ਼ੀ, ਜਿਸ ਵਿਚ ਸ਼ੰਕਾ ਅਤੇ ਡਰ ਪਸਰਿਆ ਹੋਇਆ ਸੀ ਅਤੇ ਕਈ ਵਾਰ ਉਹ ਲੰਮੇ ਪਈ ਹੋਈ ਅਚਾਨਕ ਹੈਰਾਨ ਹੋ ਕੇ ਬੈਠ ਜਾਂਦੀ, ਜਿਵੇਂ ਬੇਹੱਦ ਖੁਸ਼ੀ ਦੇ ਪਲ ਵਿਚ ਕੋਈ ਖੜਾਕ ਸੁਣ ਕੇ ਅਚਾਨਕ ਆਕਰਸ਼ਿਤ ਹੋ ਜਾਂਦਾ ਹੈ।
ਅਤੇ ਅਖੀਰ ਵਿਚ ਜਦੋਂ ਬੜੇ ਦਿਨ ਬੀਤ ਗਏ ਤਾਂ ਖੁਸ਼ੀ ਦਾ ਸਥਾਨ ਦੁੱਖ ਨੇ ਲੈ ਲਿਆ। ਇਸ ਲਈ ਨਹੀਂ ਕਿ ਬਾਬੂ ਸੁੰਦਰ ਲਾਲ ਨੇ ਫਿਰ ਉਹ ਪੁਰਾਣਾ ਪਸ਼ੂਪਣ ਦਿਖਾਇਆ, ਸਗੋਂ ਇਸ ਲਈ ਕਿ ਉਹ ਲਾਜੋ ਨਾਲ ਬਹੁਤ ਵਧੀਆ ਸਲੂਕ ਕਰਨ ਲੱਗੇ ਸਨ। ਅਜਿਹਾ ਸਲੂਕ, ਜਿਸ ਦੀ ਲਾਜੋ ਆਦੀ ਨਹੀਂ ਸੀ। ਉਹ ਸੁੰਦਰ ਲਾਲ ਦੀ ਉਹੀ ਪੁਰਾਣੀ ਲਾਜੋ ਹੋ ਜਾਣਾ ਚਾਹੁੰਦੀ ਸੀ ਜੋ ਗਾਜਰ ਕਰਕੇ ਲੜ ਪੈਂਦੀ ਸੀ ਅਤੇ ਮੂਲੀ ਨਾਲ ਮੰਨ ਜਾਂਦੀ ਪਰ ਹੁਣ ਲੜਾਈ ਦਾ ਸਵਾਲ ਨਹੀਂ ਸੀ।
ਸੁੰਦਰ ਲਾਲ ਨੇ ਉਸ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਜਿਵੇਂ ਉਹ ਲਾਜਵੰਤੀ ਕੱਚ ਦੀ ਕੋਈ ਚੀਜ਼ ਹੈ, ਜੋ ਛੂੰਹਦਿਆਂ ਹੀ ਟੁੱਟ ਜਾਏਗੀ ਅਤੇ ਲਾਜੋ ਸ਼ੀਸ਼ੇ ਵਿਚ ਆਪਣੇ-ਆਪ ਨੂੰ ਸਿਰ ਤੋਂ ਪੈਰਾਂ ਤੱਕ ਦੇਖਦੀ ਅਤੇ ਅਖੀਰ ਇਸ ਫੈਸਲੇ 'ਤੇ ਪਹੁੰਚਦੀ ਕਿ ਉਹ ਔਰਤ ਤਾਂ ਸਭ ਕੁਝ ਹੋ ਸਕਦੀ ਹੈ ਪਰ ਲਾਜੋ ਨਹੀਂ ਬਣ ਸਕਦੀ... ਉਹ ਵੱਸ ਗਈ ਪਰ ਉਜੜ ਗਈ।
ਸੁੰਦਰ ਲਾਲ ਕੋਲ ਉਸ ਦੇ ਹੰਝੂ ਦੇਖਣ ਲਈ ਅੱਖਾਂ ਨਹੀਂ ਸਨ, ਨਾ ਹਉਕੇ ਸੁਣਨ ਲਈ ਕੰਨ। ਮੁਹੱਲਾ ਮੁੱਲਾ ਸ਼ਕੂਰ ਦੇ ਸਭ ਤੋਂ ਵੱਡੇ ਸੁਧਾਰਕ ਆਪ ਵੀ ਨਾ ਜਾਣ ਸਕੇ ਕਿ ਮਨੁੱਖ ਦਾ ਦਿਲ ਕਿੰਨਾ ਕੋਮਲ ਹੁੰਦਾ ਹੈ। ਪ੍ਰਭਾਤਫੇਰੀਆਂ ਨਿਕਲਦੀਆਂ ਰਹੀਆਂ। ਰਸਾਲੂ ਅਤੇ ਨੇਕੀਰਾਮ ਨਾਲ ਮਿਲ ਕੇ ਉਹ ਗਾਉਂਦੇ ਰਹੇ 'ਹੱਥ ਲਾਇਆਂ ਕੁਮਲਾਉਣ ਨੀਂ ਲਾਜਵੰਤੀ ਦੇ ਬੂਟੇ।'
ਬ੍ਰਹਮਚਾਰੀ ਜੀਵਨ ਅਤੇ ਲੋਕ ਸੇਵਾ
NEXT STORY