ਇਹ ਮੰਨਿਆ-ਪ੍ਰਮੰਨਿਆ ਤੱਥ ਹੈ ਕਿ ਮਨੁੱਖੀ ਸਰੀਰ ਪ੍ਰਮਾਤਮਾ ਦੀ ਸਰਵੋਤਮ ਰਚਨਾ ਹੈ। ਇਸ ਦੀ ਸਹੀ ਦੇਖਭਾਲ ਅਤੇ ਇਸ ਦੀ ਸੁਵਰਤੋਂ ਕਰਨਾ ਹਰੇਕ ਮਨੁੱਖ ਦਾ ਪਹਿਲਾ ਕਰਤੱਵ ਹੈ। ਫਿਰ ਵੀ ਹਰੇਕ ਵਿਅਕਤੀ ਆਪਣੇ ਇਸ ਕਰਤੱਵ ਨੂੰ ਚੰਗੀ ਤਰ੍ਹਾਂ ਪੂਰਾ ਕਰਨ ਵਿਚ ਕਿਸੇ ਨਾ ਕਿਸੇ ਹੱਦ ਤੱਕ ਅਸਮਰੱਥ ਰਹਿੰਦਾ ਹੈ। ਸ਼ੁੱਭ ਵਿਚਾਰ, ਆਚਰਨ ਅਤੇ ਸਾਦਾ ਸ਼ਾਕਾਹਾਰੀ ਜੀਵਨ ਮਨੁੱਖੀ ਜੀਵਨ ਦੇ ਅਜਿਹੇ ਮਹੱਤਵਪੂਰਨ ਸਤੰਭ ਹਨ, ਜਿਨ੍ਹਾਂ ਨੂੰ ਨਿਰੋਗ ਅਤੇ ਲੰਬੀ ਉਮਰ ਦਾ ਮੂਲ ਮੰਤਰ ਕਿਹਾ ਜਾ ਸਕਦਾ ਹੈ। ਅਜਿਹਾ ਹੀ ਜੀਵਨ ਬਿਤਾਉਣ ਵਾਲੇ ਉਮਰ ਦੀਆਂ 92 ਬਸੰਤਾਂ ਦੇਖ ਚੁੱਕੇ ਹਾਂਸੀ ਜ਼ਿਲਾ ਹਿਸਾਰ ਨਿਵਾਸੀ ਉਦੈਵੀਰ ਸਿੰਘ ਸਾਮੋਦੀਆ ਅੱਜ ਵੀ ਕਾਫੀ ਹੱਦ ਤੱਕ ਨਿਰੋਗ ਅਤੇ ਆਤਮ-ਨਿਰਭਰ ਹਨ। ਉਨ੍ਹਾਂ ਦਾ ਜਨਮ ਮਾਤਾ-ਪਿਤਾ ਸ਼੍ਰੀਮਤੀ ਦਾਖਾ ਦੇਵੀ ਅਤੇ ਸ਼੍ਰੀ ਲਾਜਪਤ ਰਾਏ ਅਲਖਪੁਰਾ ਦੇ ਘਰ ਜੱਦੀ ਪਿੰਡ ਅਲਖਪੁਰਾ ਜ਼ਿਲਾ ਭਿਵਾਨੀ ਹਰਿਆਣਾ ਵਿਚ ਹੋਇਆ। ਉਨ੍ਹਾਂ ਦੇ ਪਿਤਾ ਸ਼੍ਰੀ ਲਾਜਪਤ ਰਾਏ ਅਲਖਪੁਰਾ 1952 ਤੋਂ 1957 ਤੱਕ ਸਾਂਝੀ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦੇ ਵਿਧਾਇਕ ਵੀ ਰਹੇ।
1939 ਵਿਚ ਜਾਟ ਹਾਈ ਸਕੂਲ ਰੋਹਤਕ ਤੋਂ ਮੈਟ੍ਰਿਕ ਕਰਨ ਵਾਲੇ ਸ਼੍ਰੀ ਸਾਮੋਦੀਆ ਜ਼ਿਲੇ ਵਿਚ ਅੱਵਲ ਰਹੇ। ਪਿੱਛੋਂ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ 1945 ਵਿਚ ਬੀ. ਏ. ਪਾਸ ਕੀਤੀ ਅਤੇ ਐੱਮ. ਏ. ਐੱਲ. ਐੱਲ. ਬੀ. ਡੂੰਗਰ ਕਾਲਜ ਬੀਕਾਨੇਰ ਤੋਂ 1953 ਵਿਚ ਪਾਸ ਕੀਤੀ। ਲੱਗਭਗ 8 ਸਾਲ ਤੱਕ ਹਿਸਾਰ ਵਿਚ ਵਕਾਲਤ ਕਰਨ ਪਿੱਛੋਂ ਆਪਣੇ ਕਿੱਤੇ ਤੋਂ ਬੇਮੁਖ ਹੋ ਕੇ ਸੇਵਾ ਦੇ ਟੀਚੇ ਨਾਲ 1963 ਤੋਂ 2010 ਤੱਕ ਲੱਗਭਗ 47 ਸਾਲ ਦੇ ਲੰਬੇ ਸਮੇਂ ਵਿਚੋਂ ਜ਼ਿਆਦਾਤਰ ਸਮਾਂ ਦਿੱਲੀ ਅਤੇ ਰਾਜਸਥਾਨ ਵਿਚ ਪੜ੍ਹਾਉਣ ਵਿਚ ਬਿਤਾਇਆ। ਸਮਾਜ ਸੇਵਾ ਨੂੰ ਹੀ ਟੀਚਾ ਮੰਨ ਕੇ ਸਾਰੀ ਜ਼ਿੰਦਗੀ ਕੁਆਰੇ ਰਹਿ ਕੇ ਸਖਤੀ ਨਾਲ ਬ੍ਰਹਮਚਾਰੀ ਜੀਵਨ ਦੀ ਪਾਲਣਾ ਕੀਤੀ। ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਸ਼੍ਰੀ ਸਾਮੋਦੀਆ ਨੇ ਸੇਵਾ ਦੇ ਕੰਮਾਂ ਦੇ ਨਾਲ ਹੀ ਰਾਜਸਥਾਨ ਯੂਨੀਵਰਸਿਟੀ ਜੈਪੁਰ ਤੋਂ 1970 'ਚ ਰੂਸੀ ਭਾਸ਼ਾ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਇਸ ਪਿੱਛੋਂ ਉਜ਼ਬੇਕਿਸਤਾਨ ਵਿਚ ਰੇਡੀਓ ਤਾਸ਼ਕੰਦ ਦੇ ਅਨਾਊਂਸਰ ਅਤੇ ਹਿੰਦੀ ਸੈਕਸ਼ਨ ਦੇ ਮੁਖੀ ਦੇ ਰੂਪ ਵਿਚ 1972 ਤੋਂ 1976 ਤੱਕ ਕੰਮ ਕੀਤਾ।
1985 ਵਿਚ ਮਾਸਕੋ ਤੋਂ ਰੂਸੀ ਭਾਸ਼ਾ ਵਿਚ ਐੱਮ. ਫਿਲ. ਪਾਸ ਕਰਨ ਪਿੱਛੋਂ ਰੂਸੀ ਭਾਸ਼ਾ ਇੰਸਟੀਚਿਊਟ, ਨਵੀਂ ਦਿੱਲੀ 'ਚ ਰਜਿਸਟਰਾਰ ਦੇ ਰੂਪ ਵਿਚ 6 ਸਾਲਾਂ ਤੱਕ ਸੇਵਾ ਕੀਤੀ।
ਸਾਦੇ ਜੀਵਨ ਦੇ ਧਾਰਨੀ ਸ਼੍ਰੀ ਸਾਮੋਦੀਆ ਨੇ ਆਪਣੀਆਂ ਲੋੜਾਂ ਘੱਟ ਤੋਂ ਘੱਟ ਰੱਖਦਿਆਂ ਧਨ-ਦੌਲਤ ਨਾਲ ਕੋਈ ਮੋਹ ਨਹੀਂ ਰੱਖਿਆ। ਸਖਤ ਮਿਹਨਤ ਨਾਲ ਸਵਾਈ ਮਾਧੋਪੁਰ ਵਿਚ ਇਕ ਸਕੂਲ ਦੀ ਸਥਾਪਨਾ ਕੀਤੀ ਅਤੇ 2010 ਵਿਚ ਰਾਜਸਥਾਨ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਸਕੂਲ ਦੀ ਇਮਾਰਤ ਅਤੇ ਉਸ ਦੇ ਨਾਲ ਲੱਗਦੀ 2 ਏਕੜ ਜ਼ਮੀਨ, ਜਿਸ ਦਾ ਮਾਰਕੀਟ ਵਿਚ ਮੁੱਲ ਲੱਗਭਗ 1 ਕਰੋੜ ਰੁਪਏ ਸੀ, ਮੋਹਨਗਿਰੀ ਵਲੋਂ ਚਲਾਈ ਜਾ ਰਹੀ ਦਿੱਲੀ ਦੀ ਇਕ ਸੰਸਥਾ ਨੂੰ ਦਾਨ ਕਰ ਦਿੱਤੀ।
ਸ਼੍ਰੀ ਉਦੈਵੀਰ ਸਿੰਘ ਸਾਦਗੀ, ਸੇਵਾ ਅਤੇ ਦਾਨ ਪੁੰਨ ਨੂੰ ਆਪਣੀ ਊਰਜਾ ਦਾ ਸਰੋਤ ਮੰਨਦੇ ਹਨ। ਅੱਜ 92 ਸਾਲ ਦੀ ਉਮਰ ਵਿਚ ਬਿਨਾਂ ਕਿਸੇ ਸਹਾਰੇ ਦੇ ਸੈਰ ਕਰਦੇ ਹਨ ਅਤੇ ਲਿਖਣ-ਪੜ੍ਹਨ ਦਾ ਆਪਣਾ ਸ਼ੌਕ ਪੂਰਾ ਕਰਦੇ ਹਨ। ਉਨ੍ਹਾਂ ਨੇ 3 ਕਿਤਾਬਾਂ ਵੀ ਲਿਖੀਆਂ ਹਨ। ਹਲਕੇ ਸ਼ਾਕਾਹਾਰੀ ਭੋਜਨ, ਦੁੱਧ, ਬ੍ਰਹਮਚਾਰੀ ਜੀਵਨ, ਲੋਕਾਂ ਦੇ ਸਮਾਜਿਕ ਸਰੋਕਾਰਾਂ ਦੇ ਸੰਘਰਸ਼ ਅਤੇ ਸੇਵਾ ਨੂੰ ਉਹ ਆਪਣੀ ਲੰਬੀ ਉਮਰ ਦਾ ਰਾਜ਼ ਦੱਸਦੇ ਹਨ।
ਮੂਲ ਰੂਪ ਵਿਚ ਫਾਜ਼ਿਲਕਾ ਵਾਸੀ ਲੇਖਕ, ਕਵੀ ਅਤੇ ਸਿੱਖਿਆ ਸ਼ਾਸਤਰੀ ਪੂਰਨ ਮੁਦਗਲ, ਜੋ ਕਿ ਵਰਤਮਾਨ ਵਿਚ ਭਗਤ ਸਿੰਘ ਸੰਸਥਾ ਸਿਰਸਾ ਦੇ ਬਾਨੀ ਹਨ ਅਤੇ ਬੀਕਾਨੇਰ ਵਿਚ ਉਦੈਵੀਰ ਜੀ ਦੇ ਸਹਿਪਾਠੀ ਰਹੇ, ਦੀ ਪ੍ਰੇਰਨਾ ਨਾਲ ਹੀ ਸ਼੍ਰੀ ਸਾਮੋਦੀਆ ਨੇ ਆਪਣੇ ਜੱਦੀ ਪਿੰਡ ਅਲਖਪੁਰਾ ਵਿਚ ਪਿਤਾ ਤੋਂ ਮਿਲੀ ਆਪਣੇ ਹਿੱਸੇ ਦੀ 8 ਏਕੜ ਜ਼ਮੀਨ ਭਗਤ ਸਿੰਘ ਸੰਸਥਾ ਟਰੱਸਟ ਸਿਰਸਾ ਨੂੰ 2013 'ਚ ਦਾਨ ਕਰ ਦਿੱਤੀ।
ਇਹ ਟਰੱਸਟ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਰੂਪ ਵਿਚ ਆਰਥਿਕ ਮਦਦ ਦਿੰਦਾ ਹੈ ਅਤੇ ਹੋਰ ਗਤੀਵਿਧੀਆਂ ਕਰਦਾ ਹੈ। ਪਿਛਲੇ ਤਿੰਨ ਸਾਲਾਂ ਤੋਂ ਉਹ ਆਪਣੀ ਭਾਣਜੀ ਡਾ. ਉਰਮਿਲ ਧੱਤਰਵਾਲ ਅਤੇ ਉਨ੍ਹਾਂ ਦੇ ਭਤੀਜੇ ਡਾ. ਜਤਿੰਦਰ ਸਿੰਘ ਧੱਤਰਵਾਲ ਕੋਲ ਹਾਂਸੀ ਜ਼ਿਲਾ ਹਿਸਾਰ ਵਿਚ ਰਹਿ ਰਹੇ ਹਨ। ਇਥੇ ਉਨ੍ਹਾਂ ਦੇ ਸਹਿਯੋਗੀ ਰਾਜਕੁਮਾਰ ਅਤੇ ਧੱਤਰਵਾਲ ਪਰਿਵਾਰ ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖਦਿਆਂ ਉਨ੍ਹਾਂ ਦੀ ਸੇਵਾ ਕਰਦੇ ਹਨ, ਜਿਸ ਪ੍ਰਤੀ ਉਨ੍ਹਾਂ ਦੇ ਮਨ ਵਿਚ ਬੜਾ ਪਿਆਰ ਅਤੇ ਅਹਿਸਾਨਮੰਦੀ ਦੀ ਭਾਵਨਾ ਹੈ।
ਪਹਿਲੀ ਵਿਸ਼ਵ ਜੰਗ ਦੇ ਭਾਰਤੀ ਨਾਇਕ
NEXT STORY