ਆਸਟ੍ਰੀਆ ਦੇ ਛੋਟੇ ਜਿਹੇ ਪਹਾੜੀ ਪਿੰਡ-ਵੇਰਫੇਨਵੇਂਗ ਦੇ ਨੇੜੇ 1834 ਮੀ. ਉੱਚੀ ਬਿਸਚਲਿੰਗ ਚੋਟੀ ਤੋਂ ਪਹਿਲੀ ਵਾਰ ਪੈਰਾਸ਼ੂਟ ਨਾਲ ਛਲਾਂਗ ਲਗਾਉਣ ਵਾਲੇ ਸੈਲਾਨੀਆਂ ਨੂੰ ਸ਼ਾਇਦ ਹੀ ਜੀਵਨ 'ਚ ਇਸ ਤੋਂ ਪਹਿਲਾਂ ਕਦੇ ਅਜਿਹਾ ਰੋਮਾਂਚ ਅਤੇ ਕੰਬਣੀ ਮਹਿਸੂਸ ਹੋਈ ਹੋਵੇ।
ਇਸ ਚੋਟੀ ਤੋਂ ਪੈਰਾਗਲਾਈਡਿੰਗ ਦੇ ਚਾਹਵਾਨ ਸੈਲਾਨੀਆਂ ਨੂੰ ਪਹਿਲਾਂ ਸਿਖਲਾਈ ਵਾਲੀਆਂ ਢਲਾਨਾਂ 'ਤੇ ਪ੍ਰੈਕਟਿਸ ਕਰਵਾਈ ਜਾਂਦੀ ਹੈ। 4 ਦਿਨ ਦੀ ਪ੍ਰੈਕਟਿਸ ਤੋਂ ਬਾਅਦ ਹੀ ਉਹ ਉੱਚੀ ਚੋਟੀ ਤੋਂ ਛਲਾਂਗ ਲਗਾ ਕੇ ੁਪੈਰਾਗਲਾਈਡਿੰਗ ਲਈ ਤਿਆਰ ਹੋ ਜਾਂਦੇ ਹਨ। ਇਹ ਆਸਟ੍ਰੀਅਨ ਪਿੰਡ ਪੈਰਾਗਲਾਈਡਿੰਗ ਸ਼ੌਕੀਨਾਂ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਹੈ। ਉਂਝ ਇਸ ਬੇਹੱਦ ਅਰਾਮਦਾਇਕ ਸਕੀ ਰਿਜ਼ਾਰਟ ਵਿਚ ਪੈਰਾਗਲਾਈਡਿੰਗ ਤੋਂ ਇਲਾਵਾ ਵੀ ਸੈਲਾਨੀਆਂ ਲਈ ਕਈ ਆਕਰਸ਼ਣ ਮੌਜੂਦ ਹਨ ਕਿਉਂਕਿ ਆਸਟ੍ਰੀਆ ਦੇ ਪੋਨਗਾਊ ਖੇਤਰ ਦੀ ਘਾਟੀ 'ਚ ਕੁਦਰਤ ਨੇ ਕਣ-ਕਣ ਵਿਚ ਖੂਬਸੂਰਤੀ ਬਿਖੇਰੀ ਹੋਈ ਹੈ। ਇੰਨਾ ਹੀ ਨਹੀਂ, ਇਥੋਂ ਦੇ ਨਿਵਾਸੀ ਵੀ ਬੇਹੱਦ ਸ਼ਾਂਤ ਅਤੇ ਦੋਸਤਾਨਾ ਸੁਭਾਅ ਵਾਲੇ ਹਨ।
ਟੈਂਨੇਨ ਪਹਾੜੀਆਂ ਵਿਚ ਸਥਿਤ ਵੇਰਫੇਨਵੇਂਗ ਪਿੰਡ ਤੱਕ ਜਾਣ ਵਾਲੀ ਸੜਕ ਟਾਊਏਰਨ ਮੋਟਰ-ਵੇਅ ਵਿਚ ਕਈ ਖੂਬਸੂਰਤ ਮੋੜ ਆਉਂਦੇ ਹਨ। ਪਿੰਡ ਵਿਚ ਗੈਸਟ ਹਾਊਸ, ਇਕ ਸਕੀ ਮਿਊਜ਼ੀਅਮ, ਛੋਟੇ ਸੁਪਰਮਾਰਕੀਟਸ ਤੋਂ ਇਲਾਵਾ ਇਕ ਗਿਰਜਾਘਰ ਵੀ ਹੈ। 900 ਵਿਅਕਤੀਆਂ ਵਾਲੇ ਇਸ ਪਿੰਡ ਵਿਚ ਸਭ ਕੁਝ ਬੇਹੱਦ ਨੇੜੇ ਸਥਿਤ ਹੈ।
ਪਿੰਡ ਦੇ ਬਾਹਰ ਪੈਰਾਗਲਾਈਡਿੰਗ ਦਾ ਰੋਮਾਂਚ ਸੈਲਾਨੀਆਂ ਦੀ ਉਡੀਕ ਕਰਦਾ ਹੈ। ਆਸਟ੍ਰੀਆ ਫਲਾਈਟ ਸਕੂਲ ਵਿਚ ਦੋ ਭਰਾ ਸੈਪ ਅਤੇ ਸਟੇਫਾਨ ਰੇਬੇਰਨਿਗ ਸੈਲਾਨੀਆਂ ਨੂੰ ਪੈਰਾਗਲਾਈਡਿੰਗ ਵਿਚ ਸਿਖਲਾਈ ਦਿੰਦੇ ਹਨ। ਅਭਿਆਸ ਵਾਲੀਆਂ ਢਲਾਨਾਂ 'ਤੇ ਘਾਹ ਚਰਦੀਆਂ ਗਾਵਾਂ ਅਤੇ ਫੁੱਲਾਂ 'ਤੇ ਮੰਡਰਾਉਂਦੀਆਂ ਤਿਤਲੀਆਂ ਤੋਂ ਕੁਝ ਹੀ ਉੱਪਰ ਪੈਰਾਗਲਾਈਡਿੰਗ ਕਰਨ ਦਾ ਆਪਣਾ ਹੀ ਆਨੰਦ ਹੈ। ਪੈਰਾਗਲਾਈਡਿੰਗ ਲਈ ਜ਼ਰੂਰੀ ਉਪਕਰਨ ਪਹਿਨਣ ਪਿੱਛੋਂ ਜ਼ਰੂਰੀ ਜਾਂਚ ਕੀਤੀ ਜਾਂਦੀ ਹੈ। ਫਿਰ ਢਲਾਨ 'ਤੇ ਕਿਸੇ ਸਨਕੀ ਵਾਂਗ ਤੇਜ਼ੀ ਨਾਲ ਦੌੜਨ 'ਤੇ ਕੁਝ ਹੀ ਪਲਾਂ ਵਿਚ ਪਿੱਠ ਨਾਲ ਬੱਝਾ ਪੈਰਾਸ਼ੂਟ ਵਿਅਕਤੀ ਨੂੰ ਹਵਾ ਵਿਚ ਉਡਾ ਕੇ ਲੈ ਜਾਂਦਾ ਹੈ। ਸੈਪ ਅਨੁਸਾਰ ਲੱਗਭਗ ਇਕ ਹਫਤੇ ਦੀ ਸਿਖਲਾਈ ਨਾਲ ਹੀ ਸੈਲਾਨੀ ਉਚਾਈ ਤੋਂ ਪੈਰਾਗਲਾਈਡਿੰਗ ਵਿਚ ਨਿਪੁੰਨ ਹੋ ਜਾਂਦੇ ਹਨ।
ਇੰਨਾ ਹੀ ਨਹੀਂ, ਉਹ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਮੂਲ ਲਾਇਸੈਂਸ ਵੀ ਪ੍ਰਾਪਤ ਕਰ ਸਕਦੇ ਹਨ। ਇਸ ਨੂੰ ਹਾਸਲ ਕਰਨ ਲਈ ਪੰਜ ਵਧੇਰੇ ਉਚਾਈ ਵਾਲੀ ਪੈਰਾਗਲਾਈਡਿੰਗ ਅਤੇ ਇਕ ਥਿਊਰੀ ਟੈਸਟ ਪਾਸ ਕਰਨਾ ਪੈਂਦਾ ਹੈ। ਵੇਰਫੇਨਵੇਂਗ ਪਿੰਡ ਦੇ ਆਲੇ-ਦੁਆਲੇ ਅਸਮਾਨ ਵਿਚ ਸਾਰਾ ਸਾਲ ਪੈਰਾਗਲਾਈਡਰਸ ਉੱਡਦੇ ਦੇਖੇ ਜਾ ਸਕਦੇ ਹਨ।
ਪਰ ਜੋ ਲੋਕ ਅਸਮਾਨ ਵਿਚ ਪੈਰਾਗਲਾਈਡਿੰਗ ਕਰਨ ਤੋਂ ਡਰ ਕੇ ਇਸ ਤੋਂ ਪਰਹੇਜ਼ ਕਰਦੇ ਹਨ, ਉਹ ਇਥੇ ਸਥਿਤ ਐਲਪਾਈਨ ਗੈਸਟ ਹਾਊਸ ਬਿਸਚਲਿੰਗਹੋਏਹੇ ਦੀ ਛੱਤ 'ਤੇ ਧੁੱਪ ਸੇਕਦਿਆਂ ਦਿਲਕਸ਼ ਨਜ਼ਾਰਿਆਂ ਦਾ ਆਨੰਦ ਮਾਣਦੇ ਹਨ।
ਇਹ ਗੈਸਟ ਹਾਊਸ 'ਇਕਾਰਸ ਕੇਬਲ ਕਾਰ' ਤੋਂ ਬਾਹਰ ਨਿਕਲਣ ਵਾਲੇ ਸਥਾਨ 'ਤੇ ਸਥਿਤ ਹੈ। ਇਹ ਕੇਬਲ ਕਾਰ ਪੈਰਾਗਲਾਈਡਰਾਂ ਅਤੇ ਉਨ੍ਹਾਂ ਦੇ ਉਪਕਰਨਾਂ ਨੂੰ ਪਹਾੜੀ 'ਤੇ ਉਸ ਸਥਾਨ 'ਤੇ ਲੈ ਜਾਂਦੀ ਹੈ, ਜਿਥੋਂ ਉਹ ਪੈਰਾਗਲਾਈਡਿੰਗ ਸ਼ੁਰੂ ਕਰ ਸਕਦੇ ਹਨ। ਗੈਸਟ ਹਾਊਸ ਵਿਚ ਪੈਰਾਗਲਾਈਡਰ ਹੀ ਨਹੀਂ, ਇਲਾਕੇ ਵਿਚ ਮਾਊਂਟੇਨ ਬਾਈਕਿੰਗ ਅਤੇ ਹਾਈਕਿੰਗ ਕਰਨ ਲਈ ਪਹੁੰਚਣ ਵਾਲੇ ਸੈਲਾਨੀ ਵੀ ਰਹਿੰਦੇ ਹਨ।
ਇਹ ਸਥਾਨ ਪੈਰਾਗਲਾਈਡਿੰਗ ਦਾ ਅਭਿਆਸ ਕਰਨ ਲਈ ਸਰਵੋਤਮ ਹੈ ਕਿਉਂਕਿ ਇਥੇ ਪੈਰਾਗਲਾਈਡਿੰਗ ਦੀਆਂ ਪ੍ਰੈਕਟਿਸ ਵਾਲੀਆਂ ਉਡਾਨਾਂ ਬੇਹੱਦ ਸੁਰੱਖਿਅਤ ਹਨ ਅਤੇ ਉਨ੍ਹਾਂ ਵਿਚ ਕਾਫੀ ਵੰਨਗੀ ਵੀ ਹੈ। ਸਰਦ ਰੁੱਤ ਵਿਚ ਪੈਰਾਗਲਾਈਡਿੰਗ ਦੀ ਸ਼ੁਰੂਆਤ ਕਰਨ ਵਾਲੇ ਲੋਕਾਂ ਲਈ ਪ੍ਰੈਕਟਿਸ ਕਰਨਾ ਸਰਵੋਤਮ ਰਹਿੰਦਾ ਹੈ ਕਿਉਂਕਿ ਉਦੋਂ ਮੌਸਮ ਚੰਗਾ ਰਹਿੰਦਾ ਹੈ।
ਰੇਬੇਰਨਿਗ ਭਰਾ 1996 ਤੋਂ ਇਸ ਪੈਰਾਗਲਾਈਡਿੰਗ ਫਲਾਈਟ ਸਕੂਲ ਨੂੰ ਚਲਾ ਰਹੇ ਹਨ। 1980 ਦੇ ਦਹਾਕੇ 'ਚ ਉਹ ਪੋਨਗਾਊ ਸੂਬੇ ਵੱਲ ਆਕਰਸ਼ਿਤ ਹੋਏ, ਜਿਸ ਵਿਚ ਇਹ ਸੁੰਦਰ ਪਿੰਡ ਸਥਿਤ ਹੈ। ਉਸ ਸਮੇਂ ਆਮ ਤੌਰ 'ਤੇ ਪਤੰਗਾਂ ਵਰਗੇ ਹੈਂਗਗਲਾਈਡਰ ਹੀ ਉੱਡਦੇ ਸਨ ਪਰ 90 ਦੇ ਦਹਾਕੇ ਤੋਂ ਬਾਅਦ ਤੋਂ ਅਸਾਨੀ ਨਾਲ ਸੰਭਾਲੇ ਜਾ ਸਕਣ ਵਾਲੇ 'ਪੈਰਾਗਲਾਈਡਰ ਸ਼ੂਟਸ' ਦਾ ਰੁਝਾਨ ਲੋਕਪ੍ਰਿਯ ਹੋ ਗਿਆ। ਅੱਜ ਦੋਵੇਂ ਭਰਾ ਦੋਹਾਂ ਤਰ੍ਹਾਂ ਦੀਆਂ ਪੈਰਾਗਲਾਈਡਰ ਉਡਾਨਾਂ ਦੀ ਸਿਖਲਾਈ ਦਿੰਦੇ ਹਨ।
ਹੁਣੇ ਜਿਹੇ ਉਨ੍ਹਾਂ ਨੇ ਪ੍ਰੈਕਟਿਸ ਵਾਲੀ ਢਲਾਨ 'ਤੇ ਇਕ ਨਵਾਂ ਲੌਗ ਹਾਊਸ ਤਿਆਰ ਕੀਤਾ ਹੈ, ਜਿਥੇ ਵਿਦਿਆਰਥੀ ਇਕ ਕਿਸਮ ਦੇ 'ਪੈਰਾਗਲਾਈਡਿੰਗ ਫਲਾਈਟ ਸਿਮਿਊਲੇਟਰ' ਨਾਲ ਲਟਕ ਕੇ ਵਧੇਰੇ ਮੁਸ਼ਕਿਲ ਉਡਾਨਾਂ ਦੀ ਪ੍ਰੈਕਟਿਸ ਬੇਹੱਦ ਸੁਰੱਖਿਅਤ ਢੰਗ ਨਾਲ ਕਰ ਸਕਦੇ ਹਨ।
ਇਥੇ ਅੱਜ ਤੱਕ ਕੋਈ ਗੰਭੀਰ ਹਾਦਸਾ ਨਹੀਂ ਹੋਇਆ ਅਤੇ ਸੈਪ ਨੂੰ ਵਿਸ਼ਵਾਸ ਹੈ ਕਿ ਸਰਵੋਤਮ ਸਿਖਲਾਈ, ਆਧੁਨਿਕ ਉਪਕਰਨਾਂ, ਸਾਵਧਾਨੀ ਨਾਲ ਤੈਅ ਰੁਟੀਨ ਅਤੇ ਮੌਸਮ 'ਤੇ ਨੇੜਿਓਂ ਰੱਖੀ ਨਜ਼ਰ ਕਾਰਨ ਪੈਰਾਗਲਾਈਡਿੰਗ ਇਕ ਬੇਹੱਦ ਸੁਰੱਖਿਅਤ ਸਰਗਰਮੀ ਬਣ ਜਾਂਦੀ ਹੈ। ਜੇਕਰ ਧੁੰਦ ਦੀ ਸੰਭਾਵਨਾ ਬਣ ਜਾਏ ਜਾਂ ਗਰਮ ਐਲਪਾਈਨ ਹਵਾਵਾਂ ਤੂਫਾਨ ਦਾ ਇਸ਼ਾਰਾ ਕਰਨ ਤਾਂ ਉਡਾਨਾਂ ਰੋਕ ਦਿੱਤੀਆਂ ਜਾਂਦੀਆਂ ਹਨ।
ਵੇਰਫੇਨਵੇਂਗ ਪਿੰਡ ਦੇ ਨੇੜੇ ਹੀ ਸੈਰ ਲਈ ਕਾਫੀ ਕੁਝ ਹੈ, ਜਿਨ੍ਹਾਂ ਵਿਚ ਹੋਹੇਨਵੇਰਫੇਨ ਮਹੱਲ ਵੀ ਸ਼ਾਮਲ ਹੈ। ਇਥੇ ਘੁੰਮਣਾ ਵੀ ਬਹੁਤਾ ਮਹਿੰਗਾ ਨਹੀਂ ਹੈ ਕਿਉਂਕਿ ਜਿਨ੍ਹਾਂ ਕੋਲ ਆਪਣਾ ਵਾਹਨ ਨਾ ਹੋਵੇ, ਉਹ ਇਥੇ 'ਸਾਮੋ ਕਾਰਡ' ਦੀ ਮਦਦ ਨਾਲ ਕਿਸੇ ਵੀ ਸਰਵਜਨਕ ਵਾਹਨ ਦੀ ਵਰਤੋਂ ਕਰ ਸਕਦੇ ਹਨ, ਜਿਸ ਦੀ ਕੀਮਤ 8 ਯੂਰੋ ਹੈ।
ਇਸ ਕਾਰਡ ਦੀ ਮਦਦ ਨਾਲ ਵਾਤਾਵਰਣ ਪ੍ਰੇਮੀ ਇਲੈਕਟ੍ਰਿਕ ਵਾਹਨਾਂ ਜਿਵੇਂ ਕਿ ਇਲੈਕਟ੍ਰਿਕ ਕਾਰ, ਆਫ-ਰੋਡ ਬੱਘੀ, ਸਕੂਟਰ, ਸੈਗਵੇ ਤੋਂ ਲੈ ਕੇ ਪਹਾੜੀ ਸਾਈਕਲਾਂ ਤੱਕ ਵਿਚੋਂ ਕੋਈ ਇਕ ਚੁਣ ਸਕਦੇ ਹਨ। ਪਿੰਡ 'ਚ ਬੱਚਿਆਂ ਲਈ ਛੋਟੀਆਂ ਮੋਟਰ ਬਾਈਕ ਵੀ ਮਿਲ ਜਾਂਦੀਆਂ ਹਨ। ਲੰਬੀ ਦੂਰੀ ਦੇ ਟ੍ਰਿਪ ਲਈ ਬਾਇਓਗੈਸ ਵਾਲੇ ਵਾਹਨ ਮਿਲਦੇ ਹਨ, ਜਿਨ੍ਹਾਂ ਦਾ ਕਿਰਾਇਆ ਪ੍ਰਤੀ ਕਿ. ਮੀ. 10 ਸੈਂਟ ਹੈ।
ਪਟਾਕੇ ਚਲਾਉਣ ਸਮੇਂ...
NEXT STORY