ਰਾਕੇਟ, ਪੈਰਾਸ਼ੂਟ ਜਾਂ ਹੋਰ ਉੱਡਣ ਵਾਲੇ ਪਟਾਕੇ ਚਲਾਉਣ ਵੇਲੇ ਧਿਆਨ ਰੱਖੋ ਕਿ ਉਨ੍ਹਾਂ ਦਾ ਮੂੰਹ ਕਿਸੇ ਇਮਾਰਤ ਵੱਲ ਨਾ ਹੋਵੇ, ਨਹੀਂ ਤਾਂ ਅੱਗ ਲੱਗਣ ਦਾ ਡਰ ਰਹਿੰਦਾ ਹੈ।
* ਬੱਚਿਆਂ ਨੂੰ ਬਹੁਤੇ ਖਤਰਨਾਕ ਅਤੇ ਰੌਲਾ ਪਾਉਣ ਵਾਲੇ ਪਟਾਕੇ ਨਾ ਖਰੀਦ ਕੇ ਦਿਓ।
* ਪਟਾਕੇ ਚਲਾਉਣ ਤੋਂ ਪਹਿਲਾਂ ਆਪਣੇ ਕੋਲ ਪਾਣੀ ਨਾਲ ਭਰੀ ਇਕ ਬਾਲਟੀ ਅਤੇ ਰੇਤਾ ਜ਼ਰੂਰ ਰੱਖੋ ਤਾਂ ਕਿ ਲੋੜ ਪੈਣ 'ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਜਦੋਂ ਵੀ ਫੁੱਲਝੜੀ ਚਲਾਉਣੀ ਹੋਵੇ ਤਾਂ ਉਸ ਨੂੰ ਸੁੱਟਣ ਦੀ ਬਜਾਏ ਪਾਣੀ ਦੀ ਬਾਲਟੀ 'ਚ ਪਾਓ ਕਿਉਂਕਿ ਬਲਣ ਪਿੱਛੋਂ ਵੀ ਉਹ ਕਾਫੀ ਦੇਰ ਤੱਕ ਗਰਮ ਰਹਿੰਦੀ ਹੈ। ਉਸ ਨੂੰ ਇਧਰ-ਉਧਰ ਸੁੱਟਣ ਨਾਲ ਕਿਸੇ ਦਾ ਪੈਰ ਸੜ ਸਕਦਾ ਹੈ।
* ਪਟਾਕਿਆਂ ਨੂੰ ਮਾਚਿਸ ਦੀ ਤੀਲੀ ਨਾਲ ਚਲਾਉਣ ਦੀ ਬਜਾਏ ਫੁਲਝੜੀ ਨਾਲ ਚਲਾਓ ਅਤੇ ਦੂਰੀ ਬਣਾਈ ਰੱਖੋ।
* ਪਟਾਕੇ ਜਾਂ ਰਾਕੇਟ ਚਲਾਉਣ ਵੇਲੇ ਬਿਜਲੀ ਦੀਆਂ ਤਾਰਾਂ ਅਤੇ ਕੋਲ ਖੜ੍ਹੇ ਵਾਹਨਾਂ 'ਤੇ ਜ਼ਰੂਰ ਧਿਆਨ ਦਿਓ।
* ਰਾਕੇਟ, ਪੈਰਾਸ਼ੂਟ ਜਾਂ ਹੋਰ ਉੱਡਣ ਵਾਲੇ ਪਟਾਕੇ ਚਲਾਉਣ ਵੇਲੇ ਧਿਆਨ ਰੱਖੋ ਕਿ ਉਨ੍ਹਾਂ ਦਾ ਮੂੰਹ ਕਿਸੇ ਇਮਾਰਤ ਵੱਲ ਨਾ ਹੋਵੇ, ਨਹੀਂ ਤਾਂ ਅੱਗ ਲੱਗਣ ਦਾ ਡਰ ਰਹਿੰਦਾ ਹੈ।
* ਸਿੰਥੈਟਿਕ ਕੱਪੜਿਆਂ ਤੋਂ ਦੂਰ ਰਹੋ।
* ਘਰ ਜਾਂ ਛੱਤ 'ਤੇ ਪਟਾਕੇ ਨਾ ਚਲਾਓ, ਸਗੋਂ ਖੁੱਲ੍ਹੇ ਮੈਦਾਨ 'ਚ ਸਭ ਨਾਲ ਮਿਲ ਕੇ ਪਟਾਕੇ ਚਲਾਓ।
* ਇਕ ਸਮੇਂ ਇਕ ਹੀ ਪਟਾਕਾ ਚਲਾਓ। ਕਈ ਵਾਰ ਕੋਈ ਬੰਬ ਜਦੋਂ ਤੱਕ ਫਟਦਾ ਨਹੀਂ, ਬੱਚੇ ਪੈਰ ਮਾਰ-ਮਾਰ ਕੇ ਉਸ ਨੂੰ ਦੇਖਣ ਲੱਗਦੇ ਹਨ। ਇੰਝ ਕਦੇ ਨਾ ਕਰੋ ਕਿਉਂਕਿ ਕਈ ਵਾਰ ਬੰਬ ਦਾ ਫੀਤਾ ਅੰਦਰੋਂ ਹੌਲੀ-ਹੌਲੀ ਸੁਲਗਦਾ ਰਹਿੰਦਾ ਹੈ ਅਤੇ ਅਚਾਨਕ ਹੀ ਬੰਬ ਫਟ ਜਾਂਦਾ ਹੈ।
* ਰਾਕੇਟ ਚਲਾਉਣ ਵੇਲੇ ਉਸ ਨੂੰ ਬੋਤਲ 'ਚ ਹਮੇਸ਼ਾ ਸਿੱਧਾ ਖੜ੍ਹਾ ਕਰੋ। ਨੰਗੇ ਪੈਰੀਂ ਪਟਾਕੇ ਨਾ ਚਲਾਓ।
* ਕਈ ਵਾਰ ਚੱਕਰੀ ਚਲਾਉਣ ਵੇਲੇ ਬੱਚੇ ਉਸ ਦੇ ਵਿਚਾਲੇ ਨੱਚਣ-ਟੱਪਣ ਲੱਗਦੇ ਹਨ, ਜੋ ਬਿਲਕੁਲ ਗਲਤ ਹੈ। ਅੱਗ ਦੀ ਚੰਗਿਆੜੀ ਤੁਹਾਡੇ ਕੱਪੜੇ ਜਾਂ ਸਰੀਰ 'ਤੇ ਡਿੱਗ ਸਕਦੀ ਹੈ।
* ਕੋਈ ਪਟਾਕਾ ਨਾ ਚੱਲੇ ਤਾਂ ਉਸ 'ਤੇ ਪਾਣੀ ਪਾ ਕੇ ਉਸ ਨੂੰ ਇਕ ਪਾਸੇ ਕਰ ਦਿਓ।
* ਕੋਈ ਵੀ ਬੰਬ ਜਾਂ ਪਟਾਕਾ ਆਪਣੀ ਜੇਬ 'ਚ ਨਾ ਰੱਖੋ।
* 3 ਤੋਂ 10 ਸਾਲ ਤੱਕ ਦੇ ਬੱਚਿਆਂ 'ਤੇ ਪਟਾਕੇ ਚਲਾਉਣ ਵੇਲੇ ਆਪਣੀ ਪੂਰੀ ਨਜ਼ਰ ਰੱਖੋ।
* ਆਉਣ-ਜਾਣ ਵਾਲਿਆਂ ਨੂੰ ਦੇਖ ਕੇ ਪਟਾਕੇ ਚਲਾਓ, ਨਹੀਂ ਤਾਂ ਉਨ੍ਹਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
* ਘਰ 'ਚ ਛੋਟਾ ਬੱਚਾ, ਬਜ਼ੁਰਗ ਜਾਂ ਪਾਲਤੂ ਜਾਨਵਰ ਹੈ ਤਾਂ ਉਨ੍ਹਾਂ ਨੂੰ ਘਰ ਦੇ ਅੰਦਰ ਹੀ ਰਹਿਣ ਦਿਓ ਕਿਉਂਕਿ ਪਟਾਕਿਆਂ ਦਾ ਧੂੰਆਂ ਤੇ ਤੇਜ਼ ਆਵਾਜ਼ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜਾਂ ਫਿਰ ਉਹ ਡਰ ਸਕਦੇ ਹਨ।
* ਛੱਤ 'ਤੇ ਜਾਂ ਘਰ ਦੇ ਬਾਹਰ ਕੱਪੜੇ ਜਾਂ ਹੋਰ ਜਲਣਸ਼ੀਲ ਪਦਾਰਥ ਪਿਆ ਹੋਵੇ ਤਾਂ ਉਸ ਨੂੰ ਉਥੋਂ ਚੁੱਕ ਕੇ ਸੁਰੱਖਿਅਤ ਥਾਂ 'ਤੇ ਰੱਖ ਦਿਓ।