ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲੇ ਵਿਚ ਦੁਧੀਆ ਨਦੀ ਦੇ ਕੰਢੇ 'ਤੇ ਵਸੇ ਪਿੰਡ ਰਨਾਵਾ ਦੇ ਜਗਦੀਸ਼ ਪਾਠਕ, ਜੋ ਸੰਨ 2008 ਵਿਚ ਸ਼ਾ. ਊ. ਮਾ. ਸਕੂਲ ਦੇ ਪਿੰ੍ਰਸੀਪਲ ਅਹੁਦੇ ਤੋਂ ਰਿਟਾਇਰ ਹੋਏ ਹਨ। ਆਪਣੇ ਪਿੰਡ ਤੋਂ 22 ਕਿ. ਮੀ. ਦੂਰ ਪਚੋਰ ਸ਼ਹਿਰ ਵਿਚ ਰਹਿੰਦੇ ਹਨ। ਗਊਆਂ ਨੂੰ ਚਾਰਾ ਪਾਉਣਾ, ਰੋਟੀ ਖੁਆਉਣਾ ਉਨ੍ਹਾਂ ਦਾ ਨਿੱਤਨੇਮ ਬਣ ਗਿਆ ਹੈ।
ਇਕ ਦਿਨ ਦੀ ਗੱਲ ਹੈ। ਸਵੇਰੇ 5 ਵਜੇ ਪਾਠਕ ਜੀ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਇਕ ਬੁੱਢੀ ਗਾਂ ਨੇ ਇਕ ਵੱਛੀ ਨੂੰ ਜਨਮ ਦਿੱਤਾ ਹੈ। ਬੇਹੋਸ਼ੀ ਦੀ ਹਾਲਤ ਵਿਚ ਗਾਂ ਨੂੰ ਦੇਖ ਕੇ ਉਨ੍ਹਾਂ ਨੇ ਤੁਰੰਤ ਪਸ਼ੂਆਂ ਦੇ ਡਾਕਟਰ ਨੂੰ ਬੁਲਾਇਆ ਅਤੇ ਇਕ ਹਫਤੇ ਤਕ ਗਾਂ ਦਾ ਇਲਾਜ ਕਰਵਾਇਆ। ਬੁੱਢੀ ਹੋਣ ਕਾਰਨ ਉਸ ਦੇ ਥਣਾਂ ਵਿਚ ਦੁੱਧ ਨਹੀਂ ਆਇਆ ਤਾਂ ਦੁੱਧ ਖਰੀਦ ਕੇ ਵੱਛੀ ਨੂੰ ਬੱਚਿਆਂ ਵਾਂਗ ਪੰਦਰਾਂ ਦਿਨਾਂ ਤਕ ਪਿਲਾਇਆ ਅਤੇ ਆਪਣੇ ਬੱਚਿਆਂ ਵਾਂਗ ਉਸ ਦਾ ਪਾਲਣ-ਪੋਸ਼ਣ ਕੀਤਾ।
ਉਧਰ ਗਾਂ ਵੀ ਇਲਾਜ ਅਤੇ ਸੇਵਾ ਹੋਣ ਕਾਰਨ ਤੰਦਰੁਸਤ ਹੋ ਗਈ ਅਤੇ ਉਸ ਦੇ ਥਣਾਂ ਵਿਚ ਦੁੱਧ ਵੀ ਆਉਣ ਲੱਗਾ। ਉਨ੍ਹਾਂ ਨੇ ਆਪਣੇ ਘਰ ਵਿਚ ਹੀ ਉਸ ਗਾਂ ਅਤੇ ਵੱਛੀ ਨੂੰ ਸਥਾਨ ਦੇ ਦਿੱਤਾ। ਹਰੇਕ ਹਫਤੇ ਪਿੰਡੋਂ ਚਾਰਾ ਮੰਗਵਾਉਂਦੇ ਅਤੇ ਉਸ ਗਾਂ ਤੇ ਵੱਛੀ ਦੀ ਸੇਵਾ ਪੂਰੇ ਘਰ ਵਾਲੇ ਕਰਦੇ, ਜਿਵੇਂ ਉਸ ਗਾਂ ਨਾਲ ਕੋਈ ਪੁਰਾਣਾ ਰਿਸ਼ਤਾ ਹੋਵੇ।
ਸਮਾਂ ਬੀਤ ਰਿਹਾ ਸੀ, ਘਰ ਵਾਲੇ ਉਸ ਗਾਂ ਅਤੇ ਵੱਛੀ ਨੂੰ ਸਵੇਰੇ ਘਰੋਂ ਬਾਹਰ ਕੱਢ ਦਿੰਦੇ, ਸ਼ਾਮ ਨੂੰ ਦੋਵੇਂ ਵਾਪਸ ਘਰ ਆ ਜਾਂਦੀਆਂ। ਪਚੋਰ ਨਗਰ ਆਗਰਾ-ਮੁੰਬਈ ਰਾਜਮਾਰਗ 'ਤੇ ਵਸਿਆ ਹੋਇਆ ਹੈ। ਇਥੇ ਹਜ਼ਾਰਾਂ ਦੀ ਗਿਣਤੀ ਵਿਚ ਗਊਆਂ ਰੋਡ 'ਤੇ ਬੈਠੀਆਂ ਰਹਿੰਦੀਆਂ ਹਨ। ਕਈ ਗਊਆਂ ਰਾਤ ਦੇ ਹਨੇਰੇ ਵਿਚ ਵਾਹਨਾਂ ਕਾਰਨ ਜ਼ਖ਼ਮੀ ਵੀ ਹੋ ਜਾਂਦੀਆਂ ਹਨ। ਇਸ ਕਾਰਨ ਗਊਆਂ ਨੂੰ ਉਥੋਂ ਵਾਹਨਾਂ ਵਿਚ ਭਰ ਕੇ ਰਾਜਗੜ੍ਹ ਜ਼ਿਲੇ ਦੀ ਪਹਾੜੀ 'ਤੇ ਛੱਡਣ ਦਾ ਸ਼ਾਸਨ ਵਲੋਂ ਫੈਸਲਾ ਹੋਇਆ ਕਿਉਂਕਿ ਉਥੇ ਚਾਰਾ ਵੀ ਹੈ ਅਤੇ ਨਦੀ ਵੀ। ਇਨ੍ਹਾਂ ਵਿਚ ਪਾਠਕ ਜੀ ਦੀਆਂ ਵੀ ਗਊਆਂ ਅਤੇ ਵੱਛੀ ਸਨ। ਸ਼ਾਮ ਨੂੰ ਗਾਂ-ਵੱਛੀ ਘਰ ਨਾ ਆਈਆਂ ਦੇਖ ਕੇ ਪੂਰੇ ਘਰ ਵਿਚ ਦੁੱਖ ਦੀ ਲਹਿਰ ਦੌੜ ਗਈ। ਥੋੜ੍ਹੀ ਦੇਰ ਬਾਅਦ ਪਤਾ ਲੱਗਾ ਕਿ ਉਸ ਗਾਂ-ਵੱਛੀ ਨੂੰ ਵੀ ਗਊਆਂ ਨਾਲ ਰਾਜਗੜ੍ਹ ਦੀ ਪਹਾੜੀ 'ਤੇ ਛੱਡਿਆ ਗਿਆ ਹੈ। ਕਿਸੇ ਤਰ੍ਹਾਂ ਰਾਤ ਬੀਤੀ, ਸਵੇਰੇ 5 ਵਜੇ ਪੁੱਤਰ ਨਾਲ ਪਾਠਕ ਜੀ ਮੋਟਰਸਾਈਕਲ ਰਾਹੀਂ ਗਾਂ ਨੂੰ ਲੱਭਣ ਲਈ ਰਵਾਨਾ ਹੋ ਗਏ। ਸਾਰਾ ਦਿਨ ਗਾਂ ਨੂੰ ਲੱਭਿਆ, ਜਿਥੇ ਗਊਆਂ ਦਾ ਝੁੰਡ ਦਿਸਦਾ, ਉਥੇ ਜਾਂਦੇ ਪਰ ਗਾਂ ਅਤੇ ਵੱਛੀ ਨਹੀਂ ਮਿਲੀਆਂ। ਜੰਗਲ ਵਿਚ ਰਾਤ ਹੋ ਗਈ। ਰਾਤ 12 ਵਜੇ ਸੜਕ ਕਿਨਾਰੇ ਇਕ ਹੋਟਲ ਵਿਚ ਬਿਤਾਈ। ਸਵੇਰੇ ਫਿਰ ਗਾਂ ਨੂੰ ਲੱਭਣ ਲਈ ਤੁਰ ਪਏ। ਭੁੱਖੇ-ਪਿਆਸੇ ਦਿਨ ਦੇ ਇਕ ਵਜੇ ਜੰਗਲ ਵਿਚ ਇਕ ਝੁੰਡ ਨੂੰ ਦੇਖਣ ਪਹਾੜੀ 'ਤੇ ਚੜ੍ਹ ਰਹੇ ਸਨ ਕਿ ਵੱਛੀ ਦਾ ਨਾਂ ਲੈ ਕੇ ਪੁੱਤਰ ਨੇ ਉੱਚੀ-ਉੱਚੀ ਆਵਾਜ਼ਾਂ ਮਾਰੀਆਂ- ਨੰਨ੍ਹੀ-ਨੰਨ੍ਹੀ।
ਇਹ ਸੁਣ ਕੇ ਇਕ ਵੈਰਾਗੀ ਦੇ ਛੱਪਰ 'ਚੋਂ ਨੰਨ੍ਹੀ ਵੱਛੀ ਦੌੜ ਕੇ ਪੁੱਤਰ ਕੋਲ ਆਈ। ਉਸ ਵੈਰਾਗੀ ਨੇ ਉਸ ਗਊ ਨੂੰ ਦੁਧਾਰੂ ਹੋਣ ਕਾਰਨ ਬੰਨ੍ਹ ਲਿਆ ਸੀ। ਇਹ ਦੇਖ ਕੇ ਪੁੱਤਰ ਨੇ ਕਿਹਾ, ''ਗਾਂ ਇਥੇ ਠੀਕ ਰਹੇਗੀ, ਇਥੇ ਹੀ ਰਹਿਣ ਦਿਓ।'' ਵੈਰਾਗੀ ਨੇ ਕਿਹਾ, ''ਮੈਂ ਗਾਂ ਨੂੰ ਦੌੜਾਅ ਦਿਆਂਗਾ। ਵੱਛੀ ਨੂੰ ਰੱਖਾਂਗਾ।'' ਵੈਰਾਗੀ ਦੀ ਗੱਲ ਸੁਣ ਕੇ ਪਾਠਕ ਨੇ ਆਪਣੇ ਇਕ ਦੋਸਤ ਨੂੰ ਫੋਨ ਕੀਤਾ ਅਤੇ ਉਸ ਦੇ ਸਹਿਯੋਗ ਨਾਲ ਇਕ ਗੱਡੀ ਮੰਗਵਾ ਕੇ ਗਾਂ ਅਤੇ ਵੱਛੀ ਨੂੰ ਘਰ ਵਾਪਸ ਲੈ ਆਏ। ਉਨ੍ਹਾਂ ਦੀ ਬੇਟੀ ਨੇ ਦੋ ਦਿਨਾਂ ਤੋਂ ਕੁਝ ਖਾਧਾ ਨਹੀਂ ਸੀ। ਗਾਂ ਅਤੇ ਵੱਛੀ ਦੇ ਆ ਜਾਣ 'ਤੇ ਪਹਿਲਾਂ ਉਸ ਨੂੰ ਖਾਣਾ ਖੁਆਇਆ, ਫਿਰ ਆਪ ਖਾਧਾ। ਨੰਨ੍ਹੀ ਵੱਛੀ ਬੱਚਿਆਂ ਵਾਂਗ ਸ਼੍ਰੀ ਪਾਠਕ ਜੀ ਕੋਲ ਅੱਜ ਵੀ ਰਹਿੰਦੀ ਹੈ।