ਸੋਨੂੰ ਸੂਦ ਨੇ ਬਾਲੀਵੁੱਡ ਤੇ ਫਿਲਮ ਨਗਰੀ ਵਿਚ ਆਪਣਾ ਇਕ ਵੱਖਰਾ ਮੁਕਾਮ ਬਣਾ ਲਿਆ ਹੈ। ਉਸ ਦੀ ਗਿਣਤੀ ਵੀ ਸਫਲ ਕਲਾਕਾਰਾਂ 'ਚ ਹੋਣ ਲੱਗੀ ਹੈ। ਫਿਲਹਾਲ ਉਸ ਦੀ ਚਰਚਾ ਫਰਹਾ ਖਾਨ ਦੀ ਫਿਲਮ 'ਹੈਪੀ ਨਿਊ ਈਅਰ' ਨੂੰ ਲੈ ਕੇ ਹੋ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* 'ਹੈਪੀ ਨਿਊ ਈਅਰ' ਬਾਰੇ ਕੁਝ ਦੱਸੋਗੇ?
—ਫਰਹਾ ਖਾਨ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਹੈਪੀ ਨਿਊ ਈਅਰ' ਡਾਂਸ, ਡਰਾਮਾ, ਮਾਰ-ਧਾੜ ਆਦਿ ਨਾਲ ਭਰਪੂਰ ਹੈ। ਫਿਲਮ ਦੀ ਕਹਾਣੀ ਪੰਜ ਅਜਿਹੇ ਨੌਜਵਾਨਾਂ ਦੀ ਹੈ, ਜੋ ਡਾਂਸ ਕਰਨ 'ਚ ਬਹੁਤ ਖਰਾਬ ਹਨ ਪਰ ਇਕ ਡਾਂਸ ਪ੍ਰਤੀਯੋਗਿਤਾ ਜਿੱਤਣ ਲਈ ਇਕੱਠੇ ਹੁੰਦੇ ਹਨ ਅਤੇ ਇਸ ਤੋਂ ਬਾਅਦ ਜ਼ਿੰਦਗੀ 'ਚ ਆਖਰੀ ਚਾਂਸ ਲਈ ਵੱਡਾ ਰਿਸਕ ਲੈਂਦੇ ਹਨ ਪਰ ਇਸ ਰਿਸਕ 'ਚ ਵੱਡਾ ਟਵਿਸਟ ਉਦੋਂ ਆਉਂਦਾ ਹੈ, ਜਦੋਂ ਕਹਾਣੀ ਵਿਚ ਜੈਕੀ ਸ਼ਰਾਫ ਦੀ ਐਂਟਰੀ ਹੁੰਦੀ ਹੈ।
* ਤੁਹਾਨੂੰ ਨਹੀਂ ਲੱਗਦਾ ਕਿ ਫਿਲਮ ਨਗਰੀ 'ਚ ਤੁਹਾਡਾ ਸਕਸੈੱਸ ਰੇਟ ਬਹੁਤ ਘੱਟ ਹੈ?
—ਨਹੀਂ, ਸਗੋਂ ਬਿਨਾਂ ਕਿਸੇ ਫਿਲਮੀ ਬੈਕਗਰਾਊਂਡ ਦੇ ਇਸ ਮੁਕਾਮ ਤਕ ਪਹੁੰਚਣਾ ਵੀ ਵੱਡੀ ਗੱਲ ਹੈ। ਉਂਝ ਵੀ ਜਦੋਂ ਮੇਰਾ ਕੈਰੀਅਰ ਪੂਰੀ ਰਫਤਾਰ ਫੜ ਰਿਹਾ ਸੀ, ਮੇਰਾ ਐਕਸੀਡੈਂਟ ਹੋ ਗਿਆ ਤੇ ਲੱਤ ਨੂੰ ਸੱਟ ਲੱਗ ਗਈ। ਕਾਫੀ ਸਮਾਂ ਪਲਾਸਟਰ ਚੜ੍ਹਿਆ ਰਿਹਾ। 6 ਮਹੀਨਿਆਂ ਦਾ ਆਰਾਮ ਵੀ ਕੀਤਾ, ਇਸ ਲਈ ਕਈ ਪ੍ਰਾਜੈਕਟ ਵੀ ਹੱਥੋਂ ਗਏ। 'ਜ਼ੰਜੀਰ' ਦਾ ਰੀਮੇਕ ਵੀ ਮੇਰੇ ਹੱਥੋਂ ਨਿਕਲ ਗਿਆ। ਭਾਵੇਂ ਇਸ ਸੱਟ ਨਾਲ ਮੈਨੂੰ ਇਹ ਸਮਝ ਆ ਗਈ ਕਿ ਫਿਲਮ ਮੇਕਰ ਮੈਨੂੰ ਅਹਿਮੀਅਤ ਦੇਣ ਲੱਗੇ ਹਨ। ਕਈ ਫਿਲਮਕਾਰਾਂ ਨੇ ਮੇਰਾ ਇੰਤਜ਼ਾਰ ਵੀ ਕੀਤਾ। ਫਿਲਮ 'ਆਰ. ਰਾਜ ਕੁਮਾਰ' ਲਈ ਵੀ ਉਨ੍ਹਾਂ ਨੇ ਮੇਰੀ ਉਡੀਕ ਕੀਤੀ।
* ਕੀ ਤੁਹਾਨੂੰ ਨਹੀਂ ਲੱਗਦਾ ਕਿ 'ਦਬੰਗ' ਵਿਚ ਛੇਦੀ ਸਿੰਘ ਦੇ ਕਿਰਦਾਰ ਨਾਲ ਤੁਹਾਡੇ ਕੈਰੀਅਰ ਨੂੰ ਲੰਮੀ ਛਾਲ ਮਿਲੀ?
—ਬਿਲਕੁਲ, ਭਾਵੇਂ ਦਬੰਗ ਤੋਂ ਪਹਿਲਾਂ ਵੀ ਮੈਂ ਕਈ ਚੰਗੀਆਂ ਫਿਲਮਾਂ ਕੀਤੀਆਂ ਪਰ ਛੇਦੀ ਸਿੰਘ ਦਾ ਕਿਰਦਾਰ ਕੁਝ ਵੱਖਰਾ ਸੀ ਕਿਉਂਕਿ ਉਹ ਕਿਰਦਾਰ ਹੀਰੋ ਦੇ ਬਿਲਕੁਲ ਬਰਾਬਰ ਲਿਖਿਆ ਗਿਆ ਸੀ। ਜਦੋਂ ਤੁਸੀਂ ਸ਼ੁਰੂ ਤੋਂ ਅੰਤ ਤਕ ਪਰਦੇ 'ਤੇ ਰਹਿੰਦੇ ਹੋ ਤਾਂ ਉਸ ਕਿਰਦਾਰ ਦਾ ਮਹੱਤਵ ਬਹੁਤ ਵਧ ਜਾਂਦਾ ਹੈ।
* ਪਰ ਤੁਸੀਂ 'ਦਬੰਗ-2' ਵਿਚ ਨਹੀਂ ਦਿਸੇ?
—'ਦਬੰਗ-2' ਵਿਚ ਕੰਮ ਨਾ ਕਰਨ ਦਾ ਫੈਸਲਾ ਮੇਰਾ ਆਪਣਾ ਸੀ। ਅਜਿਹਾ ਨਹੀਂ ਹੈ ਕਿ ਸਲਮਾਨ ਜਾਂ ਅਰਬਾਜ਼ ਖਾਨ ਨੇ ਮੈਨੂੰ ਰਿਜੈਕਟ ਕਰ ਦਿੱਤਾ ਸੀ। ਮੈਂ ਖੁਦ ਹੀ ਸੀਕਵਲ 'ਚ ਕੰਮ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਇਸ 'ਚ ਕਿਰਦਾਰ ਦੇ ਦੁਹਰਾਅ ਦਾ ਖਤਰਾ ਬਣਿਆ ਰਹਿੰਦਾ ਹੈ। ਮੈਂ ਇਸ ਤੋਂ ਬਚਣਾ ਚਾਹੁੰਦਾ ਸੀ।
* ਕੀ ਤੁਸੀਂ ਮੰਨਦੇ ਹੋ ਕਿ ਬਾਲੀਵੁੱਡ ਵਿਚ ਪ੍ਰਚੱਲਿਤ ਕੈਂਪ ਦਾ ਹਿੱਸਾ ਨਾ ਬਣਨ ਨਾਲ ਕੰਮ ਮਿਲਣ 'ਚ ਮੁਸ਼ਕਿਲ ਹੁੰਦੀ ਹੈ?
—ਨਹੀਂ, ਮੈਨੂੰ ਨਹੀਂ ਲੱਗਦਾ ਕਿਉਂਕਿ ਸਿਰਫ ਮੈਂ ਹੀ ਨਹੀਂ, ਮੇਰੇ ਜਿਹੇ ਕਈ ਕਲਾਕਾਰ ਕਿਸੇ ਕੈਂਪ ਦਾ ਹਿੱਸਾ ਨਹੀਂ ਹਨ, ਸਗੋਂ ਕਿਸੇ ਕੈਂਪ ਦਾ ਹਿੱਸਾ ਨਾ ਹੋਣ ਦਾ ਫਾਇਦਾ ਇਹ ਹੁੰਦਾ ਹੈ ਕਿ ਤੁਹਾਡੇ 'ਤੇ ਕੰਮ ਕਰਨ ਦੀ ਕੋਈ ਪਾਬੰਦੀ ਨਹੀਂ ਹੁੰਦੀ। ਜੇਕਰ ਤੁਸੀਂ ਕਿਸੇ ਖਾਸ ਖੇਮੇ ਨਾਲ ਜੁੜੇ ਹੋ ਤਾਂ ਤੁਹਾਨੂੰ ਉਸ ਦੇ ਪ੍ਰਾਜੈਕਟ ਦੇ ਨਾਲ ਹੀ ਜੁੜਨਾ ਹੋਵੇਗਾ। ਉਹ ਫਿਲਮ ਬਣਾਉਣਗੇ ਤੇ ਤੁਹਾਨੂੰ ਲੈਣਗੇ। ਇਸ ਤਰ੍ਹਾਂ ਜ਼ਿਆਦਾ ਸਕੋਪ ਨਹੀਂ ਹੁੰਦਾ ਕਿ ਤੁਸੀਂ ਵੰਨ-ਸੁਵੰਨੇ ਰੋਲ ਵੀ ਨਿਭਾ ਸਕੋ।
* ਤੁਸੀਂ ਸਾਊਥ ਦੀਆਂ ਫਿਲਮਾਂ 'ਚ ਵੀ ਬਿਜ਼ੀ ਰਹੇ ਹੋ? ਭਾਸ਼ਾ ਦੀ ਸਮੱਸਿਆ ਨਹੀਂ ਆਈ?
—ਮੈਂ ਦੱਖਣ ਭਾਰਤ ਦੀਆਂ ਢਾਈ ਦਰਜਨ ਫਿਲਮਾਂ 'ਚ ਕੰਮ ਕੀਤਾ ਹੈ। ਚਿਰੰਜੀਵੀ, ਰਜਨੀਕਾਂਤ ਤੇ ਨਾਗਾਰਜੁਨ ਜਿਹੇ ਸਟਾਰ ਕਲਾਕਾਰਾਂ ਨਾਲ ਮੈਂ ਫਿਲਮਾਂ ਕੀਤੀਆਂ ਹਨ। ਜਿਥੋਂ ਤਕ ਭਾਸ਼ਾ ਦੀ ਸਮੱਸਿਆ ਦੀ ਗੱਲ ਹੈ ਤਾਂ ਸ਼ੁਰੂ 'ਚ ਇਹ ਸਮੱਸਿਆ ਸੀ ਪਰ ਹੌਲੀ- ਹੌਲੀ ਮੈਂ ਤਾਮਿਲ ਅਤੇ ਤੇਲਗੂ ਸਿੱਖ ਲਈ। ਮੇਰਾ ਮੰਨਣਾ ਹੈ ਕਿ ਜੇਕਰ ਤੁਹਾਨੂੰ ਭਾਸ਼ਾ ਦਾ ਗਿਆਨ ਹੋਵੇ ਤਾਂ ਤੁਹਾਡਾ ਅਭਿਨੈ ਨਿਖਰਦਾ ਹੈ।
* ਪਰ ਤੁਸੀਂ ਕਿਸੇ ਫਿਲਮ ਵਿਚ ਲੀਡ ਐਕਟਰ ਵਜੋਂ ਨਹੀਂ ਦਿਸੇ?
—ਦਰਅਸਲ, ਸਿਨੇਮੇ 'ਚ ਇਨ੍ਹੀਂ ਦਿਨੀਂ ਤਬਦੀਲੀ ਆਈ ਹੈ ਅਤੇ ਨਾਇਕ ਦੇ ਨਾਲ-ਨਾਲ ਹੋਰ ਭੂਮਿਕਾਵਾਂ ਵੀ ਦਮਦਾਰ ਹੋਣ ਲੱਗੀਆਂ ਹਨ। ਮੈਨੂੰ ਬਹੁਤ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ਅਤੇ ਮੈਂ ਖੁਦ ਨੂੰ ਲੱਕੀ ਮੰਨਦਾ ਹਾਂ ਕਿ ਫਿਲਮ ਨਗਰੀ 'ਚ ਮੈਨੂੰ ਲਗਾਤਾਰ ਕੰਮ ਮਿਲਿਆ ਹੈ। ਜਿਥੋਂ ਤਕ ਲੀਡ ਰੋਲ ਦੀ ਗੱਲ ਹੈ ਤਾਂ ਦਮਦਾਰ ਰੋਲ ਸਾਹਮਣੇ ਆਉਣ 'ਤੇ ਮੈਂ ਉਹ ਵੀ ਸਾਈਨ ਕਰਾਂਗਾ।
* ਤੁਸੀਂ ਜ਼ਿਆਦਾ ਨੈਗੇਟਿਵ ਰੋਲ ਹੀ ਕੀਤੇ ਹਨ?
— ਨੈਗੇਟਿਵ ਕਿਰਦਾਰ ਵੀ ਦਮਦਾਰ ਹੁੰਦੇ ਹਨ ਅਤੇ ਇਹ ਚਿਰ-ਸਦੀਵੀ ਹੁੰਦੇ ਹਨ। ਇਨ੍ਹਾਂ ਨੂੰ ਕਰਨ ਲਈ ਵੀ ਬਹੁਤ ਮਿਹਨਤ ਦੀ ਲੋੜ ਹੁੰਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੋਗੈਂਬੋ, ਗੱਬਰ, ਸ਼ਾਕਾਲ, ਛੇਦੀ ਸਿੰਘ ਜਿਹੇ ਕਿਰਦਾਰ ਨਾ ਹੁੰਦੇ।
* ਪਰ ਰਾਜਸ਼੍ਰੀ ਪ੍ਰੋਡਕਸ਼ਨ ਦੀ ਫਿਲਮ 'ਏਕ ਵਿਵਾਹ ਐਸਾ ਭੀ' ਵਿਚ ਤੁਸੀਂ ਹੀਰੋ ਸੀ?
—ਰਾਜਸ਼੍ਰੀ ਵਾਲਿਆਂ 'ਚ ਫਿਲਮ ਬਣਾਉਣ ਦਾ ਜੋ ਜਨੂੰਨ ਹੈ, ਉਹ ਮੈਨੂੰ ਹੋਰ ਕਿਤੇ ਨਜ਼ਰ ਨਹੀਂ ਆਇਆ। ਸ਼ੂਟਿੰਗ ਤੋਂ ਪਹਿਲਾਂ ਉਹ ਸਾਰਾ ਹੋਮਵਰਕ ਕਰਦੇ ਹਨ ਤੇ ਫਿਰ ਪੂਰੀ ਤਿਆਰੀ ਨਾਲ ਸ਼ੂਟਿੰਗ ਕਰਦੇ ਹਨ। ਇਹੀ ਉਨ੍ਹਾਂ ਦੀ ਸਫਲਤਾ ਦਾ ਰਾਜ਼ ਹੈ। ਇਹ ਫਿਲਮ ਰਿਸ਼ਤਿਆਂ 'ਤੇ ਆਧਾਰਿਤ ਸੀ। ਸੂਰਜ ਜੀ ਰੋਜ਼ਾਨਾ ਸੈੱਟ 'ਤੇ ਆਉਂਦੇ ਸਨ ਤੇ ਲਗਾਤਾਰ ਆਪਣੀ ਪ੍ਰਤੀਕਿਰਿਆ ਦਿੰਦੇ ਸਨ। ਰਾਜਸ਼੍ਰੀ ਵਾਲਿਆਂ ਨਾਲ ਕੰਮ ਕਰਨ ਦਾ ਮੇਰਾ ਸੁਪਨਾ ਪੂਰਾ ਵੀ ਹੋਇਆ ਹੈ।
ਸੰਗੀਤ ਮੇਰਾ ਪੈਸ਼ਨ : ਰੇਖਾ ਭਾਰਦਵਾਜ
NEXT STORY