ਫ਼ਿਲਮ 'ਓਮਕਾਰਾ' ਦੇ ਗੀਤ 'ਨਮਕ ਇਸ਼ਕ ਕਾ' ਨਾਲ ਬਾਲੀਵੁੱਡ 'ਚ ਪੱਕੇ ਪੈਰੀਂ ਹੋਣ ਵਾਲੀ ਗਾਇਕਾ ਰੇਖਾ ਭਾਰਦਵਾਜ ਫਿਲਮ 'ਇਸ਼ਕੀਆ' ਲਈ ਸਰਵਸ੍ਰੇਸ਼ਠ ਗਾਇਕਾ ਦਾ ਕੌਮੀ ਪੁਰਸਕਾਰ ਜਿੱਤ ਚੁੱਕੀ ਹੈ। ਉਸ ਦੀ ਗਿਣਤੀ ਇਕ ਵੱਖਰੀ ਤਰ੍ਹਾਂ ਦੀ ਗਾਇਕਾ ਵਜੋਂ ਕੀਤੀ ਜਾਂਦੀ ਹੈ।
ਹੁਣ ਤਕ ਤਿੰਨ ਦਰਜਨ ਫਿਲਮਾਂ 'ਚ ਗਾ ਚੁੱਕੀ ਰੇਖਾ ਭਾਰਦਵਾਜ ਨੇ ਬਹੁਤੇ ਗਾਣੇ ਆਪਣੇ ਪਤੀ ਵਿਸ਼ਾਲ ਭਾਰਦਵਾਜ ਦੇ ਸੰਗੀਤ ਨਿਰਦੇਸ਼ਨ 'ਚ ਹੀ ਗਾਏ ਹਨ। ਉਸ ਦੀਆਂ ਕੁਝ ਪ੍ਰਾਈਵੇਟ ਐਲਬਮਜ਼ ਵੀ ਬਾਜ਼ਾਰ 'ਚ ਆ ਚੁੱਕੀਆਂ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼¸
* ਤੁਸੀਂ ਹਮੇਸ਼ਾ ਆਪਣੇ ਪਤੀ ਵਿਸ਼ਾਲ ਭਾਰਦਵਾਜ ਦੇ ਨਿਰਦੇਸ਼ਨ 'ਚ ਹੀ ਕਿਉਂ ਗਾਉਂਦੇ ਹੋ?
- ਇਹ ਗੱਲ ਨਹੀਂ। ਮੈਂ ਦੂਜੇ ਸੰਗੀਤਕਾਰਾਂ ਜਿਵੇਂ ਸਮੀਰ ਟੰਡਨ, ਸ਼ੰਕਰ-ਅਹਿਸਾਨ ਲੌਏ, ਸ਼ਾਂਤਨੂੰ ਮੋਇਤਰਾ, ਏ. ਆਰ. ਰਹਿਮਾਨ, ਪਿਊਸ਼ ਮਿਸ਼ਰਾ, ਹਿਮੇਸ਼ ਰੇਸ਼ਮੀਆ, ਸਾਜਿਦ-ਵਾਜਿਦ, ਅਦਨਾਨ ਸਾਮੀ ਅਤੇ ਪ੍ਰੀਤਮ ਚੱਕਰਵਰਤੀ ਆਦਿ ਦੇ ਨਾਲ ਵੀ ਕੰਮ ਕਰਦੀ ਆ ਰਹੀ ਹਾਂ। ਮੇਰੀ ਖੁਸ਼ਕਿਸਮਤੀ ਹੈ ਕਿ ਵਿਸ਼ਾਲ ਤੋਂ ਇਲਾਵਾ ਦੂਜੇ ਸੰਗੀਤਕਾਰ ਵੀ ਮੇਰੀ ਗਾਇਕੀ 'ਤੇ ਫਿੱਟ ਬੈਠਣ ਵਾਲੇ ਗੀਤ ਲੈ ਕੇ ਮੇਰੇ ਕੋਲ ਆਉਂਦੇ ਹਨ। ਮੈਂ ਸਪੱਸ਼ਟ ਕਰਨਾ ਚਾਹਾਂਗੀ ਕਿ ਪਤਨੀ ਹੋਣ ਦੇ ਬਾਵਜੂਦ ਵਿਸ਼ਾਲ ਵੀ ਮੇਰੇ ਕੋਲੋਂ ਉਨ੍ਹਾਂ ਗੀਤਾਂ ਨੂੰ ਡੱਬ ਕਰਵਾਉਂਦੇ ਹਨ, ਜਿਨ੍ਹਾਂ 'ਤੇ ਮੇਰੀ ਆਵਾਜ਼ ਫਿੱਟ ਬੈਠਦੀ ਹੈ। ਫ਼ਿਲਮ 'ਹੈਦਰ' ਵਿਚ 9 ਗਾਣੇ ਹਨ, ਇਨ੍ਹਾਂ 'ਚੋਂ ਸਿਰਫ ਇਕ ਗਾਣਾ 'ਆਜ ਕੇ ਨਾਮ' ਹੀ ਮੈਂ ਗਾਇਆ ਹੈ।
* ਤੁਹਾਨੂੰ ਕਿਸ ਤਰ੍ਹਾਂ ਦੇ ਗੀਤ ਗਾਉਣ 'ਚ ਆਨੰਦ ਆਉਂਦਾ ਹੈ?
- ਅਜਿਹਾ ਗੀਤ-ਸੰਗੀਤ, ਜੋ ਮੇਰੇ ਦਿਲ ਨੂੰ ਸਕੂਨ ਦੇਵੇ, ਮੈਨੂੰ ਪਸੰਦ ਹੈ। ਜਿਥੇ ਫਿਲਮਾਂ ਲਈ ਗਾਉਣ 'ਚ ਮੈਨੂੰ ਆਨੰਦ ਮਿਲਦਾ ਹੈ, ਉਥੇ ਸ਼ਾਸਤਰੀ ਸੰਗੀਤ ਸਮਾਗਮਾਂ 'ਚ ਗਾ ਕੇ ਵੀ ਸਕੂਨ ਮਿਲਦਾ ਹੈ। ਕੁਝ ਮਹੀਨੇ ਪਹਿਲਾਂ ਮੈਂ ਮਸ਼ਹੂਰ ਬੰਸਰੀਵਾਦਕ ਰੋਨੂੰ ਮਜੂਮਦਾਰ ਅਤੇ ਤੌਫੀਕ ਕੁਰੈਸ਼ੀ ਨਾਲ ਇਕ ਸੰਗੀਤ ਸਮਾਗਮ ਵਿਚ ਗਾਇਆ ਸੀ। ਮੈਂ ਕਾਲਜ ਦੇ ਦਿਨਾਂ ਤੋਂ ਰੋਨੂੰ ਮਜੂਮਦਾਰ ਨੂੰ ਸੁਣਦੀ ਆ ਰਹੀ ਹਾਂ।
* ਤੁਸੀਂ ਵਿਸ਼ਾਲ ਭਾਰਦਵਾਜ ਦੇ ਸੰਪਰਕ 'ਚ ਕਦੋਂ ਆਏ?
- ਅਸੀਂ ਕਾਲਜ ਦੇ ਦਿਨਾਂ ਤੋਂ ਇਕ-ਦੂਜੇ ਤੋਂ ਵਾਕਿਫ ਹਾਂ। ਅਸੀਂ ਦੋਵੇਂ ਕਾਲਜ ਦੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਹਿੱਸਾ ਲੈਂਦੇ ਸੀ। ਉਨ੍ਹਾਂ ਦਾ ਰੁਝਾਨ ਫਿਲਮਾਂ ਵੱਲ ਅਤੇ ਮੇਰਾ ਸ਼ਾਸਤਰੀ ਸੰਗੀਤ ਵੱਲ ਰਿਹਾ ਹੈ। ਮੈਂ ਪੰਡਿਤ ਅਮਰਨਾਥ ਜੀ ਤੋਂ ਸੰਗੀਤ ਦੀ ਟ੍ਰੇਨਿੰਗ ਲੈ ਚੁੱਕੀ ਹਾਂ।
* ਵਿਸ਼ਾਲ ਦੀ ਪਤਨੀ ਹੋਣ ਕਰਕੇ ਤੁਹਾਨੂੰ ਕਿੰਨਾ ਫਾਇਦਾ ਜਾਂ ਨੁਕਸਾਨ ਹੋਇਆ?
- ਇਸ ਬਾਰੇ ਮੈਂ ਕਦੇ ਸੋਚਿਆ ਨਹੀਂ। ਮੈਨੂੰ ਲੱਗਦਾ ਹੈ ਕਿ ਨੁਕਸਾਨ ਘੱਟ, ਫਾਇਦਾ ਜ਼ਿਆਦਾ ਹੋਇਆ ਹੋਵੇਗਾ ਪਰ ਬਤੌਰ ਗਾਇਕਾ ਆਪਣੀ ਪਛਾਣ ਬਣਾਉਣ ਲਈ ਮੈਨੂੰ ਸਖ਼ਤ ਸੰਘਰਸ਼ ਕਰਨਾ ਪਿਆ। 'ਓਮਕਾਰਾ' ਦੇ ਗੀਤ 'ਨਮਕ ਇਸ਼ਕ ਕਾ' ਨੇ ਮੈਨੂੰ ਗਾਇਕਾ ਦੇ ਰੂਪ ਵਿਚ ਸਥਾਪਿਤ ਕਰਨ 'ਚ ਅਹਿਮ ਭੂਮਿਕਾ ਨਿਭਾਈ।
* ਤੁਹਾਨੂੰ ਕਿਸ ਤਰ੍ਹਾਂ ਦਾ ਸੰਗੀਤ ਪਸੰਦ ਹੈ?
- ਜੈਜ਼ ਮਿਊਜ਼ਿਕ। ਆਪਣੇ ਬੇਟੇ ਕਰਕੇ ਮੈਂ ਹਿਪ-ਹਾਪ ਅਤੇ ਰੈਪ ਸੰਗੀਤ ਵੀ ਸੁਣਦੀ ਹਾਂ। ਮੈਨੂੰ ਗ਼ਜ਼ਲ ਗਾਇਕਾਂ 'ਚ ਮੇਹੰਦੀ ਹਸਨ, ਜਗਜੀਤ ਸਿੰਘ ਅਤੇ ਮਧੂਰਾਣੀ ਜੀ ਨੂੰ ਸੁਣਨਾ ਪਸੰਦ ਹੈ।
* ਪਹਿਲਾਂ ਇਕ ਫਿਲਮ 'ਚ ਇਕ ਹੀ ਸੰਗੀਤਕਾਰ ਹੁੰਦਾ ਸੀ ਪਰ ਹੁਣ ਤਾਂ ਇਕ ਫਿਲਮ 'ਚ ਕਈ ਸੰਗੀਤਕਾਰ ਹੁੰਦੇ ਹਨ। ਇਸ ਬਾਰੇ ਤੁਹਾਡੀ ਕੀ ਰਾਏ ਹੈ?
- ਮੈਨੂੰ ਲੱਗਦਾ ਹੈ ਕਿ ਇਹ ਚੰਗੀ ਗੱਲ ਹੈ। ਇਸ ਨਾਲ ਨੌਜਵਾਨ ਸੰਗੀਤਕਾਰਾਂ ਨੂੰ ਮੌਕਾ ਮਿਲ ਰਿਹੈ।
* ਤੁਹਾਡਾ ਆਦਰਸ਼ ਕੌਣ ਹੈ?
- ਲਤਾ ਜੀ, ਉਹ ਮੇਰੇ ਲਈ ਵਿਦਿਆ ਦੀ ਦੇਵੀ ਸਰਸਵਤੀ ਵਾਂਗ ਹਨ।
* ਤੁਹਾਨੂੰ ਕੌਮੀ ਪੁਰਸਕਾਰ ਦੇ ਨਾਲ-ਨਾਲ ਫਿਲਮ ਫੇਅਰ ਐਵਾਰਡ ਵੀ ਮਿਲ ਚੁੱਕਾ ਹੈ। ਹੁਣ ਅੱਗੋਂ ਕਿਹੜੇ ਐਵਾਰਡ ਦੀ ਤਮੰਨਾ ਹੈ?
- ਮੈਂ ਐਵਾਰਡ ਲਈ ਨਹੀਂ ਗਾਉਂਦੀ। ਸੰਗੀਤ ਮੇਰਾ ਪੈਸ਼ਨ ਹੈ। ਜਿੰਨਾ ਦਿਮਾਗ ਇਨ੍ਹਾਂ ਸਭ ਚੀਜ਼ਾਂ 'ਤੇ ਲੱਗੇਗਾ, ਓਨਾ ਹੀ ਅਸੀਂ ਆਪਣੇ ਪੈਸ਼ਨ ਤੋਂ ਦੂਰ ਹੁੰਦੇ ਜਾਵਾਂਗੇ।
* ਤੁਸੀਂ ਕਿਸ ਤਰ੍ਹਾਂ ਦੇ ਗਾਣੇ ਨਹੀਂ ਗਾਉਣਾ ਚਾਹੁੰਦੇ?
- ਮੈਂ ਕਲਾਤਮਕ ਗਾਣੇ ਗਾਉਣਾ ਚਾਹੁੰਦੀ ਹਾਂ। ਮੈਨੂੰ ਸਸਤੀ ਲੋਕਪ੍ਰਿਯਤਾ ਦੁਆਉਣ ਵਾਲੇ ਗੀਤ ਗਾਉਣੇ ਪਸੰਦ ਨਹੀਂ। ਮੈਨੂੰ ਅਸ਼ਲੀਲ ਗੀਤਾਂ ਨਾਲ ਨਫਰਤ ਹੈ।
* ਆਈਟਮ ਸੌਂਗ ਬਾਰੇ ਤੁਹਾਡੇ ਕੀ ਵਿਚਾਰ ਹਨ?
- ਮੈਨੂੰ ਲੱਗਦਾ ਹੈ ਕਿ ਆਈਟਮ ਸੌਂਗ 'ਚ ਸਸਤਾਪਣ ਹੁੰਦਾ ਹੈ। ਕੁਝ ਫਿਲਮਕਾਰਾਂ ਨੂੰ ਲੱਗਦਾ ਹੈ ਕਿ ਆਈਟਮ ਸੌਂਗ ਦੇ ਨਾਂ 'ਤੇ ਜਿੰਨਾ ਸਸਤਾਪਨ ਪਰੋਸਣਗੇ, ਗਾਣਾ ਓਨਾ ਹੀ ਹਿੱਟ ਹੋਵੇਗਾ ਪਰ ਮੈਂ ਇਸ ਨਾਲ ਸਹਿਮਤ ਨਹੀਂ ਹਾਂ।
ਸਿਰਫ ਇੰਨਾ ਹੀ ਕਰ ਸਕਦੀ ਹਾਂ
NEXT STORY