ਮਹਾਭਾਰਤ ਤੋਂ ਬਾਅਦ ਪਾਂਡਵਾਂ ਦਾ ਵਿਸ਼ਾਲ ਰਾਜਸੂਯ ਯੱਗ ਆਨੰਦਮਈ ਤਰੀਕੇ ਨਾਲ ਪੂਰਨ ਹੋ ਗਿਆ। ਇਕ ਦਿਨ ਉਸ ਯੱਗ ਦੀ ਮਿੱਟੀ ਵਿਚ ਲਿਟਣ ਵਾਲਾ ਨਿਓਲਾ ਨਿਰਾਸ਼ ਹੋ ਕੇ ਰੋਂਦਿਆਂ ਦੇਖਿਆ ਗਿਆ। ਲੋਕਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ, ''ਇਕ ਯੱਗ ਦੀ ਮਿੱਟੀ ਵਿਚ ਲਿਟਣ ਨਾਲ ਮੇਰਾ ਅੱਧਾ ਸਰੀਰ ਸੋਨੇ ਦਾ ਹੋ ਗਿਆ ਸੀ। ਉੱਠਿਆ ਤਾਂ ਉਦੋਂ ਤੱਕ ਮਿੱਟੀ ਸੁੱਕ ਗਈ। ਇਸ ਲਈ ਸਰੀਰ ਦਾ ਦੂਜਾ ਹਿੱਸਾ ਸੁਨਹਿਰੀ ਨਾ ਹੋ ਸਕਿਆ। ਮੈਂ ਇਸ ਭਾਲ ਵਿਚ ਸੀ ਕਿ ਕੋਈ ਵੱਡਾ ਯੱਗ ਹੋਵੇ ਅਤੇ ਉਸ ਦੀ ਮਿੱਟੀ ਵਿਚ ਲਿਟ ਕੇ ਬਾਕੀ ਸਰੀਰ ਵੀ ਸੁਨਹਿਰੀ ਕਰ ਲਵਾਂ, ਬੜੀ ਆਸ ਨਾਲ ਦੂਰ ਦਾ ਸਫਰ ਬੜੀ ਮੁਸ਼ਕਿਲ ਨਾਲ ਤੈਅ ਕਰਕੇ ਆਇਆ ਸੀ ਪਰ ਇਥੇ ਕੁਝ ਵੀ ਫਲ ਨਾ ਮਿਲਣ 'ਤੇ ਮੈਂ ਦੁਖੀ ਹੋ ਰਿਹਾ ਹਾਂ।'' ਲੋਕਾਂ ਨੇ ਪੁੱਛਿਆ, ''ਇਸ ਵਿਸ਼ਾਲ ਯੱਗ ਤੋਂ ਵੀ ਵੱਡਾ ਯੱਗ ਹੋਰ ਕਿਹੜਾ ਹੋਇਆ ਸੀ? ਉਸ ਦਾ ਵੇਰਵਾ ਤਾਂ ਦੇ।'' ਤਾਂ ਨਿਓਲੇ ਨੇ ਕਿਹਾ, ''ਇਕ ਵਾਰ ਬਹੁਤ ਵੱਡਾ ਅਕਾਲ ਪਿਆ। ਅੰਨ ਦੁਰਲੱਭ ਹੋ ਗਿਆ। ਭਿਖਿਆ 'ਤੇ ਨਿਰਭਰ ਇਕ ਬ੍ਰਾਹਮਣ ਨੂੰ ਸੱਤ ਦਿਨ ਬਾਅਦ ਚਾਰ ਰੋਟੀਆਂ ਦਾ ਅੰਨ ਮਿਲਿਆ। ਬ੍ਰਾਹਮਣ, ਉਸ ਦੀ ਪਤਨੀ, ਪੁੱਤਰ ਅਤੇ ਧੀ ਚਾਰਾਂ ਲਈ ਇਕ-ਇਕ ਰੋਟੀ ਬਣੀ ਪਰ ਪਹਿਲਾਂ ਆਪਣੇ ਤੋਂ ਵਧੇਰੇ ਲੋੜਵੰਦ ਨੂੰ ਦੇ ਕੇ ਫਿਰ ਖਾਣਾ ਇਹ ਧਰਮ ਮਰਿਆਦਾ ਹੈ। ਇਸ ਲਈ ਬ੍ਰਾਹਮਣ ਨੇ ਛੱਤ 'ਤੇ ਚੜ੍ਹ ਕੇ ਪੁਕਾਰਿਆ ਕਿ ਸਾਡੇ ਤੋਂ ਵਧੇਰੇ ਭੁੱਖਿਆਂ ਦਾ ਇਸ ਭੋਜਨ ਵਿਚ ਹਿੱਸਾ ਹੈ। ਜੇਕਰ ਕੋਈ ਵਧੇਰੇ ਭੁੱਖਾ ਹੈ ਤਾਂ ਆ ਕੇ ਭੋਜਨ ਛਕ ਲਵੇ।'' ਇੰਨੇ ਨੂੰ ਇਕ ਭਿਕਸ਼ੂ, ਜਿਸ ਦੇ ਪ੍ਰਾਣ ਗਲੇ 'ਚ ਅੜੇ ਪਏ ਸਨ, ਆਇਆ ਅਤੇ ਉਸ ਨੇ ਆਪਣੀ ਲੋੜ ਜਤਾਈ। ਬ੍ਰਾਹਮਣ ਨੇ ਆਪਣੀ ਰੋਟੀ ਉਸ ਨੂੰ ਦੇ ਦਿੱਤੀ ਪਰ ਉਸ ਨਾਲ ਉਸ ਦੀ ਤ੍ਰਿਪਤੀ ਨਹੀਂ ਹੋਈ। ਫਿਰ ਬ੍ਰਾਹਮਣੀ, ਉਸ ਦੇ ਪੁੱਤਰ ਅਤੇ ਧੀ ਨੇ ਵੀ ਕ੍ਰਮਵਾਰ ਆਪੋ-ਆਪਣੀ ਰੋਟੀ ਉਸ ਨੂੰ ਦੇ ਦਿੱਤੀ। ਉਨ੍ਹਾਂ ਨੂੰ ਖਾ ਕੇ ਪਾਣੀ ਪੀਣ ਪਿੱਛੋਂ ਉਸ ਭਿਕਸ਼ੂ ਨੇ ਜਿਸ ਜ਼ਮੀਨ 'ਤੇ ਕੁਰਲੀ ਕੀਤੀ, ਉਸ ਗਿੱਲੀ ਜ਼ਮੀਨ 'ਤੇ ਮੈਂ ਕੁਝ ਦੇਰ ਖੜ੍ਹਾ ਰਿਹਾ ਸੀ। ਉੱਠਿਆ ਤਾਂ ਆਪਣਾ ਅੱਧਾ ਗਿੱਲਾ ਸਰੀਰ ਸੁਨਹਿਰਾ ਦੇਖਿਆ। ਇਸ ਦਾ ਕਾਰਨ ਪੁੱਛਣ 'ਤੇ ਪਤਾ ਲੱਗਾ ਕਿ ਬ੍ਰਾਹਮਣ ਨੂੰ ਚਾਰ ਰੋਟੀਆਂ ਦੇਣੀਆਂ ਵਿਸ਼ਾਲ ਯੱਗ ਦੇ ਤੁਲ ਪੁੰਨ ਕਰਮ ਸੀ।'' ਆਪਣੀਆਂ ਲੋੜਾਂ ਦੀ ਪਰਵਾਹ ਨਾ ਕਰਕੇ ਵੀ ਜੋ ਦੂਜਿਆਂ ਦਾ ਭਲਾ ਕਰਦੇ ਹਨ, ਉਨ੍ਹਾਂ ਦੀ ਭਾਵਨਾ ਵਾਂਗ ਹੀ ਪੁੰਨ ਵੀ ਮਹਾਨ ਹੁੰਦਾ ਹੈ, ਕੰਮ ਭਾਵੇਂ ਛੋਟਾ ਹੀ ਕਿਉਂ ਨਾ ਹੋਵੇ।
ਸਾਡੇ ਅੰਦਰ ਪ੍ਰਗਟ ਰਹਿੰਦਾ ਹੈ ਪ੍ਰਮਾਤਮਾ
NEXT STORY