ਸੰਨ 2000 ਵਿਚ ਮਿਸ ਵਰਲਡ ਰਹਿ ਚੁੱਕੀ ਪ੍ਰਿਯੰਕਾ ਕਿਸੇ ਸਮੇਂ ਇੰਜੀਨੀਅਰਿੰਗ ਜਾਂ ਸਾਈਕੈਟਰੀ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ ਪਰ ਉਸ ਦੀ ਮਾਂ ਦੇ ਕਹਿਣ 'ਤੇ ਉਸ ਨੇ ਗਲੈਮਰ ਜਗਤ ਵਿਚ ਕਦਮ ਰੱਖਿਆ। ਅਦਾਕਾਰੀ ਵਿਚ ਉਹ ਸਭ ਤੋਂ ਪਹਿਲਾਂ 2002 ਵਿਚ ਤਾਮਿਲ ਫ਼ਿਲਮ 'ਥਾਮੀਝੇਨ' ਰਾਹੀਂ ਆਈ। ਉਸ ਦੀ ਪਹਿਲੀ ਹਿੰਦੀ ਫ਼ਿਲਮ ਸੀ 'ਦਿ ਹੀਰੋ'। 2008 ਵਿਚ ਮਧੁਰ ਭੰਡਾਰਕਰ ਦੀ ਫ਼ਿਲਮ 'ਫੈਸ਼ਨ' ਵਿਚ ਉਸ ਦੀ ਦਮਦਾਰ ਅਦਾਕਾਰੀ ਲਈ ਉਸ ਨੂੰ ਸਰਵੋਤਮ ਅਦਾਕਾਰਾ ਦਾ ਰਾਸ਼ਟਰੀ ਅਵਾਰਡ ਮਿਲਿਆ। ਬੇਹੱਦ ਖੂਬਸੂਰਤ ਪ੍ਰਿਯੰਕਾ ਮਾਡਲ-ਅਦਾਕਾਰਾ ਹੋਣ ਦੇ ਨਾਲ ਹੀ ਗਾਇਕਾ ਵੀ ਬਣ ਚੁੱਕੀ ਹੈ। ਹੁਣ ਤੱਕ ਉਸ ਦੀਆਂ ਐਲਬਮਾਂ 'ਇਨ ਮਾਈ ਸਿਟੀ', 'ਐਗਜ਼ੋਟਿਕ' ਅਤੇ 'ਆਈ ਕਾਂਟ ਮੇਕ ਯੂ ਲਵ ਮੀ' ਆ ਚੁੱਕੀਆਂ ਹਨ ਅਤੇ ਦੇਸ਼-ਵਿਦੇਸ਼ ਵਿਚ ਕਾਫੀ ਲੋਕਪ੍ਰਿਯ ਰਹੀਆਂ ਹਨ। ਹੁਣੇ ਜਿਹੇ ਹੀ ਭਾਰਤੀ ਮੁੱਕੇਬਾਜ਼ ਮੈਰੀ ਕਾਮ ਦੇ ਜੀਵਨ 'ਤੇ ਆਧਾਰਿਤ ਫਿਲਮ 'ਮੈਰੀ ਕਾਮ' ਵਿਚ ਉਸ ਦੀ ਅਦਾਕਾਰੀ ਨੂੰ ਦਰਸ਼ਕਾਂ ਅਤੇ ਸਮੀਖਿਅਕਾਂ ਤੋਂ ਭਰਪੂਰ ਪ੍ਰਸ਼ੰਸਾ ਮਿਲੀ ਹੈ। ਪੇਸ਼ ਹਨ ਉਸ ਨਾਲ ਇਕ ਦਿਲਚਸਪ ਗੱਲਬਾਤ ਦੇ ਅੰਸ਼ :-
*ਕਿਸ ਪਲ 'ਚ ਖੁਦ ਨੂੰ ਸਿਖਰ 'ਤੇ ਮਹਿਸੂਸ ਕਰਦੇ ਹੋ?
—ਵਰਤਮਾਨ ਭਾਵ ਇਸੇ ਪਲ ਵਿਚ। ਖੁਦ ਨੂੰ ਉੱਚਾ ਹੋਰ ਉੱਚਾ ਲਿਜਾਣ ਵਿਚ ਯਕੀਨ ਰੱਖਦੀ ਹਾਂ।
*ਕਿਹੜਾ ਪਲ ਤੁਹਾਨੂੰ ਨਿਰਾਸ਼ ਕਰਦਾ ਹੈ?
—ਇਹ ਸਭ ਜ਼ਿੰਦਗੀ ਦਾ ਹਿੱਸਾ ਹਨ। ਸਾਨੂੰ ਹਮੇਸ਼ਾ ਅੱਗੇ ਵਧਦੇ ਰਹਿਣਾ ਚਾਹੀਦੈ।
* ਖੁਦ ਨੂੰ ਗਾਇਕਾ ਵਧੇਰੇ ਮੰਨਦੇ ਹੋ ਜਾਂ ਅਦਾਕਾਰਾ?
— ਦੋਵੇਂ ਹੀ ਨਹੀਂ। ਮੇਰੀ ਦਿਲਚਸਪੀ ਪੜ੍ਹਾਈ ਵਿਚ ਵਧੇਰੇ ਸੀ। ਗਾਇਕੀ ਅਤੇ ਅਦਾਕਾਰੀ ਤਾਂ ਬਾਈ ਚਾਂਸ ਹੋ ਗਿਆ।
*ਤੁਹਾਡੀਆਂ ਦੋਹਾਂ ਐਲਬਮਸ ਦੇ ਪਿੱਛੇ ਕੀ ਪ੍ਰੇਰਨਾ ਰਹੀ?
—ਮੇਰੀ ਆਪਣੀ ਜ਼ਿੰਦਗੀ। ਮੈਨੂੰ ਆਪਣੀ ਡਾਇਰੀ ਬਹੁਤ ਪਸੰਦ ਹੈ। ਜ਼ਿਆਦਾਤਰ ਗੀਤ ਮੈਂ ਆਪ ਹੀ ਲਿਖੇ ਹਨ ਅਤੇ ਉਹ ਮੇਰੇ ਅਨੁਭਵਾਂ ਦਾ ਪ੍ਰਤੀਬਿੰਬ ਹਨ।
*ਕੋਈ ਅਜਿਹਾ ਗੀਤ, ਜਿਸ ਨੂੰ ਤੁਸੀਂ ਵਾਰ-ਵਾਰ ਸੁਣਨਾ ਚਾਹੋਗੇ?
—ਕਿਸੇ ਇਕ ਗੀਤ ਬਾਰੇ ਨਹੀਂ ਕਹਿ ਸਕਦੀ ਕਿਉਂਕਿ ਮੇਰੇ ਮਨਪਸੰਦ ਗੀਤ ਤਾਂ ਅਣਗਿਣਤ ਹਨ।
*ਬਾਲੀਵੁੱਡ ਦਾ ਸਭ ਤੋਂ ਸੈਕਸੀ ਅਦਾਕਾਰ ਕੌਣ ਹੈ?
—ਬਿਨਾਂ ਸ਼ੱਕ ਅਮਿਤਾਭ ਬੱਚਨ। ਕਮਾਲ ਦੀ ਸ਼ਖਸੀਅਤ ਹੈ ਉਨ੍ਹਾਂ ਦੀ।
*ਕਿਸ ਨਿਰਦੇਸ਼ਕ ਨਾਲ ਕੰਮ ਕਰਨ ਦੀ ਇੱਛਾ ਹੈ?
—ਮੇਰਾ ਸੁਪਨਾ ਸੀ ਕਿ ਮੈਂ ਸ਼੍ਰੀ ਯਸ਼ ਚੋਪੜਾ ਜੀ ਨਾਲ ਕੰਮ ਕਰਾਂ। ਬਦਕਿਸਮਤੀ ਨਾਲ ਇਹ ਸੁਪਨਾ ਹੁਣ ਕਦੇ ਪੂਰਾ ਨਹੀਂ ਹੋਵੇਗਾ।
*ਕੋਈ ਅਜਿਹੀ ਫ਼ਿਲਮ, ਜਿਸ ਦਾ ਹਿੱਸਾ ਬਣਨ ਦੀ ਇੱਛਾ ਰੱਖਦੇ ਹੋਵੋ?
—'ਡਰ'। ਇਹ ਫ਼ਿਲਮ ਹਮੇਸ਼ਾ ਮੈਨੂੰ ਪਸੰਦ ਰਹੀ ਹੈ।
*ਜੇਕਰ ਤੁਹਾਨੂੰ ਜੇਮਸ ਬਾਂਡ ਬਣਨ ਦਾ ਮੌਕਾ ਮਿਲੇ ਤਾਂ...?
—ਮੈਂ ਅਜਿਹੀ ਆਫਰ ਝੱਟ ਸਵੀਕਾਰ ਕਰ ਲਵਾਂਗੀ। ਅਜਿਹੀ ਫ਼ਿਲਮ ਕਰਨਾ ਮੇਰੇ ਲਈ ਸਨਮਾਨ ਵਾਲੀ ਗੱਲ ਹੋਵੇਗੀ।
*ਤੁਹਾਡੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਪਲ।
—ਜਦੋਂ ਮੇਰੇ ਭਰਾ ਦਾ ਜਨਮ ਹੋਇਆ।
*ਕਿਸੇ ਉੱਭਰਦੇ ਗਾਇਕ ਨੂੰ ਪ੍ਰਸਿੱਧੀ ਬਾਰੇ ਕੀ ਸਬਕ ਦੇਣਾ ਚਾਹੋਗੇ?
—ਸ਼ੋਅਬਿਜ਼ ਵਿਚ ਤੁਹਾਡੇ 'ਤੇ ਜੋ ਦਬਾਅ ਪੈਂਦਾ ਹੈ, ਉਸ ਨਾਲ ਨਜਿੱਠਣਾ ਬੜਾ ਔਖਾ ਹੈ। ਕਦੇ ਇਹ ਨਾ ਭੁੱਲੋ ਕਿ ਤੁਸੀਂ ਕੌਣ ਹੋ?
*ਆਪਣੇ ਸਰੀਰ ਦੇ ਕਿਸ ਹਿੱਸੇ ਦਾ ਬੀਮਾ ਕਰਵਾਉਣਾ ਚਾਹੁੰਦੇ ਹੋ?
— ਆਪਣੇ ਬੁੱਲ੍ਹਾਂ ਦਾ ਅਤੇ ਮੈਂ ਇਹ ਗੱਲ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਮੇਰੇ ਅਸਲੀ ਬੁੱਲ੍ਹ ਹਨ।
*ਤੁਹਾਡੇ ਵਲੋਂ ਲਿਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਜੋਖਿਮ।
—ਅਦਾਕਾਰਾ ਬਣਨਾ।
*ਕਿਹੜੇ ਕਾਸਮੈਟਿਕਸ ਤੋਂ ਬਿਨਾਂ ਤੁਹਾਡਾ ਕੰਮ ਨਹੀਂ ਚਲਦਾ।
—ਵਧੀਆ ਮਾਇਸਚੁਰਾਇਜ਼ਰ ਅਤੇ ਮਸਕਾਰੇ ਤੋਂ ਬਿਨਾਂ। ਇਨ੍ਹਾਂ ਤੋਂ ਇਲਾਵਾ ਮੈਨੂੰ ਨੇਲ ਆਰਟ ਵੀ ਕਾਫੀ ਪਸੰਦ ਹੈ।
*ਖੁਦ ਨੂੰ ਕਿਹੜੀ ਮਠਿਆਈ ਵਰਗੀ ਮੰਨਦੇ ਹੋ?
—ਗੁਲਾਬ ਜਾਮਣ ਵਰਗੀ। ਬਾਹਰੋਂ ਕ੍ਰਿਸਪੀ ਅਤੇ ਅੰਦਰੋਂ ਨਰਮ ਅਤੇ ਮਿੱਠੀ।
*ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਬਾਰੇ ਦੱਸੋ?
—ਇਕ ਤਾਂ ਜ਼ੋਇਆ ਅਖ਼ਤਰ ਵਲੋਂ ਨਿਰਦੇਸ਼ਿਤ 'ਦਿਲ ਧੜਕਨੇ ਦੋ' ਹੈ, ਜਿਸ ਨੂੰ ਫਰਹਾਨ ਅਖ਼ਤਰ ਅਤੇ ਰਿਤੇਸ਼ ਸਿੰਧਵਾਨੀ ਪ੍ਰੋਡਿਊਸ ਕਰ ਰਹੇ ਹਨ। ਇਸ ਤੋਂ ਇਲਾਵਾ ਸੰਜੇ ਲੀਲਾ ਭੰਸਾਲੀ ਦੀ ਪੀਰੀਅਡ ਫ਼ਿਲਮ 'ਬਾਜੀਰਾਵ ਮਸਤਾਨੀ' ਵੀ ਕਰ ਰਹੀ ਹਾਂ, ਜਿਸ ਵਿਚ ਮੇਰਾ ਕਿਰਦਾਰ ਕਾਸ਼ੀਬਾਈ ਦਾ ਹੈ।
*ਲੀਕ ਤੋਂ ਹਟ ਕੇ ਰੋਲ ਕਰਨ ਦਾ ਕੋਈ ਖਾਸ ਕਾਰਨ?
—ਮੇਰੀ ਦਿਲਚਸਪੀ ਹਰ ਤਰ੍ਹਾਂ ਦੀਆਂ ਫ਼ਿਲਮਾਂ ਦੀ ਹੈ ਪਰ ਮੈਂ ਰੁਟੀਨ ਕਿਸਮ ਦੇ ਕਿਰਦਾਰ ਨਹੀਂ ਨਿਭਾਉਣਾ ਚਾਹੁੰਦੀ। ਜਦੋਂ ਮੈਨੂੰ ਆਪਣੇ ਮਨ ਮੁਤਾਬਿਕ ਕੰਮ ਕਰਨ ਦੇ ਮੌਕੇ ਮਿਲ ਰਹੇ ਹਨ ਤਾਂ ਮੈਂ ਸੋਚ-ਸਮਝ ਕੇ ਹੀ ਫ਼ਿਲਮਾਂ ਸਾਈਨ ਕਰ ਰਹੀ ਹਾਂ। ਮੈਂ 'ਬਰਫੀ' ਵਰਗੀ ਫ਼ਿਲਮ ਵਿਚ ਕੰਮ ਕਰਨ ਪਿੱਛੋਂ 'ਗੁੰਡੇ' ਵੀ ਕਰ ਸਕਦੀ ਹਾਂ। ਮੈਨੂੰ ਜੋ ਕਿਰਦਾਰ ਅਪੀਲ ਕਰੇਗਾ, ਉਸ ਨੂੰ ਜ਼ਰੂਰ ਕਰਾਂਗੀ। ਮੈਂ ਇਕੋ ਤਰ੍ਹਾਂ ਦੇ ਕਿਰਦਾਰਾਂ ਵਿਚ ਬੱਝ ਕੇ ਨਹੀਂ ਰਹਿਣਾ ਚਾਹੁੰਦੀ।
*ਤਾਂ ਕੀ ਹੁਣ ਵੀ ਤੁਸੀਂ ਵੱਡੇ ਬੈਨਰਾਂ ਦੀਆਂ ਫ਼ਿਲਮਾਂ ਵਿਚ ਛੋਟੇ ਰੋਲ ਕਰੋਗੇ? 'ਕ੍ਰਿਸ਼-3' ਵਿਚ ਤੁਹਾਡਾ ਕਿਰਦਾਰ ਤੁਲਨਾਤਮਕ ਰੂਪ 'ਚ ਕਾਫੀ ਕਮਜ਼ੋਰ ਸੀ?
—ਮੈਂ ਸਵਾਰਥੀ ਨਹੀਂ ਹਾਂ। ਮੈਂ ਸੰਬੰਧਾਂ ਵਿਚ ਭਰੋਸਾ ਕਰਦੀ ਹਾਂ। ਛੋਟੇ ਜਾਂ ਵੱਡੇ ਬੈਨਰ ਦੀ ਗੱਲ ਨਹੀਂ ਹੈ। ਜਿਹੜੇ ਲੋਕਾਂ ਦਾ ਮੇਰੇ ਕਰੀਅਰ ਨੂੰ ਵਧਾਉਣ ਵਿਚ ਯੋਗਦਾਨ ਹੈ, ਉਨ੍ਹਾਂ ਨੂੰ ਭਲਾ ਕਿਵੇਂ ਭੁੱਲਿਆ ਜਾ ਸਕਦਾ ਹੈ। ਮੈਂ ਦੋਸਤੀ ਨਿਭਾਉਣ ਵਿਚ ਕਦੇ ਪਿਛਾਂਹ ਨਹੀਂ ਹਟਾਂਗੀ। ਹਾਂ, ਇਸ ਗੱਲ ਦਾ ਖਿਆਲ ਜ਼ਰੂਰ ਰੱਖਾਂਗੀ ਕਿ ਰੋਲ ਮੇਰੇ ਲਾਇਕ ਹੋਣਾ ਚਾਹੀਦੈ।
ਸਫਲਤਾ ਨਾਲ ਮਿਲਦੀ ਹੈ ਐਨਰਜੀ
NEXT STORY