ਮੂੰਹ ਅਸਲ ਵਿਚ ਬਹੁਤ ਅਹਿਮ ਹੈ ਕਿਉਂਕਿ ਇਥੋਂ ਹੀ ਪਹਿਲੀ ਕਿਰਿਆ ਸ਼ੁਰੂ ਹੁੰਦੀ ਹੈ। ਤੁਹਾਡੇ ਬੁੱਲ੍ਹਾਂ ਨੇ ਪਹਿਲੀ ਕਿਰਿਆ ਕੀਤੀ। ਮੂੰਹ ਦੇ ਆਸੇ-ਪਾਸੇ ਦੀ ਜਗ੍ਹਾ ਤੋਂ ਹਰ ਕਿਰਿਆ ਦੀ ਸ਼ੁਰੂਆਤ ਹੋਈ। ਤੁਸੀਂ ਸਾਹ ਅੰਦਰ ਖਿੱਚਿਆ, ਤੁਸੀਂ ਰੋਏ, ਤੁਸੀਂ ਮਾਂ ਦੀ ਛਾਤੀ ਲੱਭਣੀ ਸ਼ੁਰੂ ਕੀਤੀ ਅਤੇ ਤੁਹਾਡਾ ਮੂੰਹ ਹਮੇਸ਼ਾ ਲਗਾਤਾਰ ਸਰਗਰਮ ਰਿਹਾ। ਜਦੋਂ ਤੁਸੀਂ ਧਿਆਨ ਲਗਾ ਕੇ ਬੈਠਦੇ ਹੋ, ਜਦੋਂ ਵੀ ਤੁਸੀਂ ਮੌਨ ਹੋਣਾ ਚਾਹੁੰਦੇ ਹੋ, ਪਹਿਲੀ ਗੱਲ ਆਪਣਾ ਮੂੰਹ ਪੂਰੀ ਤਰ੍ਹਾਂ ਬੰਦ ਰੱਖੋ। ਜੇ ਤੁਸੀਂ ਮੂੰਹ ਪੂਰੀ ਤਰ੍ਹਾਂ ਬੰਦ ਕਰਦੇ ਹੋ, ਤੁਹਾਡੀ ਜ਼ੁਬਾਨ ਤੁਹਾਡੇ ਤਾਲੂ ਨੂੰ ਛੂਹੇਗੀ। ਦੋਵੇਂ ਬੁੱਲ੍ਹ ਪੂਰੀ ਤਰ੍ਹਾਂ ਬੰਦ ਹੋਣਗੇ। ਮੂੰਹ ਬੰਦ ਕਰਨਾ ਬਹੁਤ ਵੱਡਾ ਕੰਮ ਨਹੀਂ। ਮੂੰਹ ਨੂੰ ਪੂਰੀ ਤਰ੍ਹਾਂ ਬੰਦ ਕਰ ਕੇ ਤੁਸੀਂ ਇਕ ਮੂਰਤੀ ਵਾਂਗ ਬੈਠ ਸਕਦੇ ਹੋ ਪਰ ਇਸ ਨਾਲ ਕਿਰਿਆਵਾਂ ਨਹੀਂ ਰੁਕਣਗੀਆਂ। ਅੰਦਰ ਡੂੰਘੇ ਵਿਚਾਰ ਚੱਲਦੇ ਰਹਿਣਗੇ ਅਤੇ ਜੇ ਵਿਚਾਰ ਚੱਲ ਰਹੇ ਹਨ ਤਾਂ ਤੁਸੀਂ ਬੁੱਲ੍ਹਾਂ 'ਤੇ ਸੂਖਮ ਕੰਪਨ ਹੁੰਦਾ ਮਹਿਸੂਸ ਕਰ ਸਕਦੇ ਹੋ।
ਜਦੋਂ ਅਸਲ ਵਿਚ ਤੁਹਾਡੀਆਂ ਕਿਰਿਆਵਾਂ ਰੁਕਦੀਆਂ ਹਨ ਤਾਂ ਇਹ ਕੰਪਨ ਰੁਕ ਜਾਂਦਾ ਹੈ। ਤੁਸੀਂ ਬੋਲ ਨਹੀਂ ਰਹੇ ਹੋ, ਤੁਸੀਂ ਆਪਣੇ ਅੰਦਰ ਕੋਈ ਕਿਰਿਆ ਨਹੀਂ ਕਰ ਰਹੇ। ਇਸ ਦੌਰਾਨ ਕੁਝ ਵੀ ਸੋਚੋ ਨਾ। ਤੁਸੀਂ ਕੀ ਕਰੋਗੇ? ਵਿਚਾਰ ਆ-ਜਾ ਰਹੇ ਹਨ। ਉਨ੍ਹਾਂ ਨੂੰ ਆਉਣ-ਜਾਣ ਦਿਓ। ਤੁਸੀਂ ਇਨ੍ਹਾਂ ਵਿਚ ਸ਼ਾਮਿਲ ਨਾ ਹੋਵੋ। ਇਨ੍ਹਾਂ ਤੋਂ ਦੂਰੀ ਬਣਾਈ ਰੱਖੋ। ਤੁਸੀਂ ਬਸ ਉਨ੍ਹਾਂ ਨੂੰ ਆਉਂਦੇ-ਜਾਂਦੇ ਦੇਖੋ। ਤੁਹਾਨੂੰ ਉਨ੍ਹਾਂ ਨਾਲ ਕੋਈ ਮਤਲਬ ਨਹੀਂ। ਮੂੰਹ ਬੰਦ ਰੱਖੋ, ਮੌਨ ਰਹੋ। ਹੌਲੀ-ਹੌਲੀ ਵਿਚਾਰ ਆਉਣੇ ਆਪਣੇ-ਆਪ ਬੰਦ ਹੋ ਜਾਣਗੇ। ਉਨ੍ਹਾਂ ਨੂੰ ਆਉਣ ਲਈ ਤੁਹਾਡੀ ਮਦਦ ਦੀ ਲੋੜ ਪੈਂਦੀ ਹੈ। ਆਪਣਾ ਮੂੰਹ ਜਿੰਨਾ ਜ਼ਿਆਦਾ ਹੋ ਸਕੇ, ਖੋਲ੍ਹੋ। ਆਪਣੇ ਮੂੰਹ ਨੂੰ ਜਿੰਨਾ ਜ਼ਿਆਦਾ ਤਣਾਅ ਦੇ ਸਕੋ, ਦਿਓ ਅਤੇ ਪੂਰੀ ਤਰ੍ਹਾਂ ਉਬਾਸੀ ਲਵੋ। ਇਸ ਨਾਲ ਮੂੰਹ ਦਰਦ ਕਰਨ ਲੱਗੇਗਾ। ਇਹ ਕਿਰਿਆ 2-3 ਵਾਰ ਕਰੋ। ਇਹ ਮੂੰਹ ਨੂੰ ਦੇਰ ਤਕ ਬੰਦ ਰੱਖਣ ਵਿਚ ਮਦਦ ਕਰੇਗੀ।