ਕੈਨੇਡਾ ਵਿਚ ਲੇਖਕਾਂ ਦੀਆਂ ਅਣਗਿਣਤ ਢਾਣੀਆਂ ਦੇਖ ਕੇ ਫਖਰ ਹੁੰਦਾ ਹੈ ਕਿ ਸਾਡੇ ਕਲਮੀ ਸੂਰਮੇ ਮਾਂ-ਬੋਲੀ ਦੀ ਬੱਲੇ-ਬੱਲੇ ਕਰਵਾਉਣ 'ਚ ਜੁਟੇ ਹੋਏ ਹਨ ਪਰ ਨਾਲ ਹੀ ਦੁੱਖ ਵੀ ਹੁੰਦਾ ਹੈ ਕਿ ਸਮਾਜ ਨੂੰ ਚਾਨਣ ਵੰਡਣ ਵਾਲੇ ਇਹ ਲੇਖਕ ਆਪ ਹਨੇਰੇ ਵਿਚ ਕਿਉਂ ਗੁਆਚੇ ਹੋਏ ਨੇ? ਸਮਾਜ ਨੂੰ ਏਕਾ ਕਰਵਾਉਣ ਵਾਲੇ ਇਹ ਕਲਮਕਾਰ ਸੱਜਣ ਆਪਸ ਵਿਚ ਕਿਉਂ ਲੀਰਾਂ-ਲੀਰਾਂ ਹੋਏ ਫਿਰਦੇ ਨੇ? ਇਨ੍ਹਾਂ ਨੂੰ ਕੌਣ ਸਮਝਾਵੇ, ਇਹ ਤਾਂ ਆਪ ਬੜੇ ਸਮਝਦਾਰ ਨੇ। ਇਨ੍ਹਾਂ ਨੇ ਆਖਿਰ ਵੰਡਣਾ ਹੀ ਕੀ ਹੈ। ਫਿਰ ਇਹ ਆਪ ਈ ਦਸਦੇ ਨੇ ਕਿ ਗੁਰਦਆਰਿਆਂ ਵਿਚ ਲੜਾਈ ਚੌਧਰ ਪਿੱਛੇ ਪੈਂਦੀ ਹੈ ਤੇ ਇਹ ਵੀ ਚੌਧਰ ਪਿੱਛੇ ਈ ਲੜਦੇ ਨੇ। ਜੇ ਲੇਖਕਾਂ ਦੀ ਇੰਡੀਆ ਵਿਚ ਚੌਧਰ ਬਾਰੇ ਗੱਲ ਕਰਾਂ ਤਾਂ ਹੋਰ ਵੀ ਹੈਰਾਨੀ ਹੋਵੇਗੀ, ਉਥੇ ਵੀ ਲੇਖਕ ਹੁਣ ਜਦੋਂ ਚੋਣਾਂ ਲੜਦੇ ਨੇ ਤਾਂ ਸਾਨ੍ਹਾਂ ਦੇ ਭੇੜ ਵੇਖਣ ਵਾਲੇ ਹੁੰਦੇ ਨੇ। ਜਿੰਨਾ ਇਕ ਐੱਮ. ਐੱਲ. ਏ. ਦੀ ਚੋਣ ਉੱਤੇ ਜ਼ੋਰ ਲੱਗਦੈ, ਓਨਾ ਹੀ ਹੁਣ ਲੇਖਕ ਸਾਹਿਤ ਅਕਾਦਮੀਆਂ ਤੇ ਕੇਂਦਰੀ ਲੇਖਕ ਸਭਾਵਾਂ ਦੀਆਂ ਚੋਣਾਂ ਉੱਤੇ ਜ਼ੋਰ ਲਗਾਉਣ ਲੱਗੇ ਹਨ।
ਆਪਣੀ ਇਸ ਕੈਨੇਡਾ ਫੇਰੀ ਸਮੇਂ ਸਾਰੇ ਸਾਹਿਤਕ ਇਕੱਠਾਂ ਵਿਚ ਜਾਣ ਦਾ ਮੌਕਾ ਮਿਲਿਆ ਹੈ। ਦੇਖਦਾ ਹਾਂ ਕਿ ਲੇਖਕ ਦੂਰੋਂ-ਦੂਰੋਂ ਕਾਰਾਂ ਭਜਾਉਂਦੇ ਹੋਏ ਹੁੰਮ-ਹੁਮਾ ਕੇ ਪੁੱਜਦੇ ਹਨ। ਹੱਥਾਂ ਵਿਚ ਸੋਹਣੇ ਲੈਦਰ ਬੈਗ ਹਨ ਤੇ ਬੈਗਾਂ ਵਿਚ ਰਚਨਾਵਾਂ ਲਿਖ-ਲਿਖ ਭਰੀਆਂ ਡਾਇਰੀਆਂ ਤੇ ਕਲਮਕਾਰਾਂ ਦੇ ਹੱਥ ਵਿਚ ਛਤਰੀਆਂ ਵੀ ਫੜੀਆਂ ਹੁੰਦੀਆਂ ਹਨ, ਕੀ ਪਤੈ ਕਦੋਂ ਕਣੀਆਂ ਲੱਥ ਪੈਣ ਤੇ ਮਤਾਂ ਕਿਤੇ ਸ਼ਾਹਕਾਰ ਲਿਖਤਾਂ ਦੀਆਂ ਮੋਟੀਆਂ ਡਾਇਰੀਆਂ ਭਿੱਜ ਜਾਣ। ਸਮਾਗਮ ਵਾਲੇ ਹਾਲ ਵਿਚ ਵੜਦਿਆਂ ਸਾਰ ਗਰਮਾ-ਗਰਮ ਚਾਹ ਤੇ ਪਕੌੜੇ ਸਮੋਸੇ ਤੇ ਵੇਸਣ ਦੀ ਬਰਫੀ ਦੇ ਡੱਬਿਆਂ ਨਾਲ ਭਰਿਆ ਮੇਜ਼ ਇਨ੍ਹਾਂ ਦਾ ਸਵਾਗਤ ਕਰਦਾ ਹੈ। ਹਰ ਮਹੀਨੇ ਕਿਸੇ ਨਾ ਕਿਸੇ ਸ਼ਹਿਰ ਵਿਚ ਕਈ-ਕਈ ਸਾਹਿਤਕ ਇਕੱਠ ਹੋਏ ਹੀ ਰਹਿੰਦੇ ਹਨ ਤੇ ਲੇਖਕਾਂ ਨੂੰ ਆਪਣੀਆਂ ਰਚਨਾਵਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ, ਜਦ ਨੂੰ ਮਹੀਨਾ ਫਿਰ ਆਉਂਦਾ ਹੈ, ਤਦ ਤੱਕ ਨੂੰ ਇਹ ਹੋਰ ਕਾਫੀ ਮਾਤਰਾ ਵਿਚ ਰਚਨਾਵਾਂ ਰਚ ਚੁੱਕੇ ਹੁੰਦੇ ਹਨ ਤੇ ਸਮਾਗਮ ਵਾਲੇ ਦਿਨ ਬੜੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਹਨ। ਮੈਨੂੰ ਪ੍ਰਵਾਸੀ ਕਵੀਆਂ ਦੇ ਸਾਹਿਤਕ ਦਿਨ ਦੀ ਬੇਸਬਰੀ ਨਾਲ ਉਡੀਕ ਕਰਨ ਵਾਲਾ ਵਰਤਾਰਾ ਬੜਾ ਚੰਗਾ ਲੱਗਿਐ। ਇਹ ਗੱਲ ਲਿਖਣ ਵਿਚ ਮੈਨੂੰ ਕੋਈ ਸੰਕੋਚ ਨਹੀਂ ਹੈ ਕਿ ਬਹੁਤੇ ਪਕੌੜੇ ਖਾਣ ਜਾਂ ਫਿਰ ਆਪਣੀ ਕਵਿਤਾ ਸੁਣਾਉਣ ਹੀ ਆਉਂਦੇ ਹਨ ਤੇ ਉਨ੍ਹਾਂ ਦਾ ਹੋ ਰਹੇ ਸਮਾਗਮ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ, ਜਿੰਨਾ ਚਿਰ ਤੀਕ ਇਨ੍ਹਾਂ ਦੀ ਕਵਿਤਾ ਪੜ੍ਹਨ ਦੀ ਵਾਰੀ ਨਹੀਂ ਆਉਂਦੀ, ਇਹ ਤਰਲੋ ਮੱਛੀ ਹੋਈ ਜਾਂਦੇ ਮੈਂ ਆਪ ਦੇਖਦਾ ਰਿਹਾ ਹਾਂ। ਕਈ ਸੱਜਣ ਚਲਦੇ ਸਮਾਗਮ ਵਿਚ ਆਪਣੀਆਂ ਕਵਿਤਾਵਾਂ ਦੀਆਂ ਨੱਕੋ-ਨੱਕ ਭਰੀਆਂ ਡਾਇਰੀਆਂ ਪੜ੍ਹਨ ਵਿਚ ਮਗਨ ਹੋਏ ਹੁੰਦੇ ਹਨ। ਕਈ ਚਲਦੇ ਸਮਾਗਮ ਵਿਚ ਤੁਰੇ ਫਿਰਦੇ ਹਨ। ਮੈਂ ਮਹਿਸੂਸ ਕਰਦਾ ਹਾਂ ਕਿ ਅਜਿਹੇ ਕੁਝ ਕੁ ਸੱਜਣਾਂ ਦੀ ਇਹ ਮਾਨਸਿਕ ਮਜਬੂਰੀ ਹੋ ਸਕਦੀ ਹੈ। ਇਕ ਸੱਜਣ ਦੀ ਕੱਛ ਵਿਚ ਮੋਟੀ ਭਾਰੀ ਡਾਇਰੀ ਦੇਖ ਕੇ ਮੈਂ ਪੁੱਛਿਆ ਕਿ ਏਨਾ ਭਾਰ ਚੁੱਕਣ ਦੀ ਕੀ ਲੋੜ ਸੀ। ਕਵਿਤਾ ਤਾਂ ਇਕੋ ਹੀ ਪੜ੍ਹਨੀ ਐ, ਤਾਂ ਉਸਦਾ ਜੁਆਬ ਸੀ ਕਿ ਕੀ ਪਤੈ ਦੋਹਰ ਲੱਗ ਜਾਵੇ। ਹੁਣ ਪ੍ਰਤੱਖ ਹੈ ਕਿ ਜਿਥੇ ਕਵੀ ਨੂੰ ਦੋਹਰ ਦੀ ਝਾਕ ਹੋਵੇ, ਉਥੇ ਕਵੀ ਕਿਸੇ ਹੋਰ ਨੂੰ ਨਹੀਂ ਸੁਣਦਾ।
ਇਨ੍ਹਾਂ ਦੇ ਭਰੇ ਇਕੱਠਾਂ ਵਿਚ ਮੈਂ ਇਕ ਗੱਲ ਕਹੀ, ਜੋ ਬਹੁਤਿਆਂ ਨੂੰ ਚੰਗੀ ਲੱਗੀ ਹੈ, ਉਹ ਇਹ ਕਹੀ ਹੈ ਕਿ ਲੇਖਕ ਮਿੱਤਰੋ ਠੀਕ ਐ ਕਿ ਭਾਰਤ ਆਪਣਾ ਦੇਸ਼ ਹੈ, ਪੰਜਾਬ ਸਾਡੀ ਜਨਮ ਭੂਮੀ ਹੈ ਪਰ ਰਹਿੰਦੇ ਤੁਸੀਂ ਕੈਨੇਡਾ ਵਿਚ ਹੋ ਤੇ ਇਥੋਂ ਦੇ ਵਾਸੀ ਹੋ ਚੁੱਕੇ ਹੋ, ਇਥੋਂ ਦੀਆਂ ਸਹੂਲਤਾਂ ਲੈ ਰਹੇ ਹੋ, ਮੌਜਾਂ ਮਾਣ ਰਹੇ ਹੋ ਤੇ ਹੁਣ ਤੱਕ ਕਵਿਤਾਵਾਂ ਉਥੋਂ ਬਾਰੇ ਹੀ ਲਿਖੀ ਜਾਂਦੇ ਹੋ, ਕਦੇ ਇਥੋਂ ਬਾਰੇ ਵੀ ਕੁਝ ਲਿਖ ਦਿਓ। ਇਥੇ ਮੈਨੂੰ ਕਾਫੀ ਅਜਿਹੇ ਲੇਖਕਾਂ ਨਾਲ ਮਿਲਣ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਨੇ ਆਪਣੀ ਦੂਰ ਅੰਦੇਸ਼ੀ ਦੀ ਵਰਤੋਂ ਆਪਣੀਆਂ ਲਿਖਤਾਂ ਵਿਚ ਖੂਬ ਕੀਤੀ ਹੈ ਤੇ ਕੈਨੇਡਾ ਵਿਚ ਪੰਜਾਬੀਆਂ ਦੇ ਜੀਵਨ, ਸਮੱਸਿਆਵਾਂ, ਔਕੜਾਂ, ਚੰਗਿਆਈਆਂ ਤੇ ਬੁਰਾਈਆਂ ਨੂੰ ਬੜੀ ਬਾਰੀਕੀ ਨਾਲ ਚਿਤਰਿਆ ਹੈ। ਇਨ੍ਹਾਂ ਲੇਖਕਾਂ ਨੂੰ ਕਾਫੀ ਪੜ੍ਹਿਆ ਗਿਆ ਹੈ ਤੇ ਪੜ੍ਹੇ ਜਾ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਰਹਿੰਦੇ ਲੇਖਕ ਜਰਨੈਲ ਸਿੰਘ ਸੇਖਾ ਦਾ ਨਵਾਂ ਨਾਵਲ 'ਬਿਗਾਨੇ' ਹੁਣੇ ਜਿਹੇ ਚੇਤਨਾ ਪ੍ਰਕਾਸ਼ਨ ਨੇ ਛਾਪਿਆ ਹੈ। ਪਾਠਕ ਪਸੰਦ ਕਰ ਰਹੇ ਹਨ। ਇਸ ਤੋਂ ਪਹਿਲਾਂ ਸੇਖਾ ਨੇ ਬ੍ਰਿਟਿਸ਼ ਕੋਲੰਬੀਆ ਦੇ ਫਾਰਮਾਂ ਵਿਚ ਬੇਰੀ ਤੋੜਦੇ ਕਾਮਿਆਂ ਬਾਰੇ 'ਦੁਨੀਆ ਕੈਸੀ ਹੋਈ' ਨਾਵਲ ਲਿਖਿਆ ਸੀ। ਇਨ੍ਹਾਂ ਦਾ ਲਿਖਿਆ 'ਭਗੌੜਾ' ਨਾਵਲ 'ਅਜੀਤ ਵੀਕਲੀ' ਵਿਚ ਜਦ ਲੜੀਵਾਰ ਛਪਿਆ ਤਾਂ ਪਾਠਕਾਂ ਨੇ ਖੂਬ ਪਸੰਦ ਕੀਤਾ ਸੀ। 'ਵਿਗੋਚਾ' ਨਾਵਲ ਵੀ ਸਲਾਹਿਆ ਗਿਆ। ਸਰੀ ਬੈਠਿਆਂ ਮਿੱਤਰ ਲੇਖਕ ਮੰਗਾ ਬਾਸੀ ਨੇ ਆਪਣੀ ਲਿਖੀ ਇਕ ਬੋਲੀ ਸੁਣਾਈ, ਜੋ ਪਾਠਕਾਂ ਲਈ ਪੇਸ਼ ਹੈ :
ਏਸ ਨਦੀ ਦਾ ਨਾਂ ਕੀ ਰੱਖੀਏ ਏਹ ਨਹੀਂ ਝੀਲ ਦੀ ਜਾਈ
ਏਹ ਤਾਂ ਮੇਰੇ ਪਿੰਡ ਦੀ ਜੂਹ 'ਚੋਂ ਕਵਿਤਾ ਬਣ ਵਹਿ ਆਈ
ਵੇਗ ਏਸਦਾ ਸ਼ਬਦ ਸੁਨਹਿਰੀ ਗਜ਼ਲ ਜਿਹੀ ਗਹਿਰਾਈ
ਮਿਲਣਾ ਸਾਗਰ ਨੂੰ, ਵਗਦੀ ਲੇਖ ਲਿਖਾਈ
ਹੁਣ ਉਹ ਕੁੜੀ ਯਾਦ ਨਹੀਂ ਆਉਂਦੀ
NEXT STORY