ਉੁਪਰ ਪਹੁੰਚਦਿਆਂ ਪਹਿਲਾਂ ਭਾਬੀ ਨਜ਼ਰ ਆਈ। ਉਸ ਨੇ ਨਮਸਤੇ ਕਹਿਣ ਦੀ ਥਾਂ ਹੱਥ ਜੋੜ ਦਿੱਤੇ।
''ਆਓ।'' ਭਾਬੀ ਦੀ ਆਵਾਜ਼ ਵਿਚ ਉਤਸ਼ਾਹ ਨਹੀਂ ਸੀ।
ਇਸ ਦਾ ਉਸ 'ਤੇ ਕੋਈ ਪ੍ਰਭਾਵ ਨਾ ਹੋਇਆ। ਕਮਰੇ 'ਚ ਪਹੁੰਚ ਕੇ ਉਹ ਕੁਰਸੀ 'ਤੇ ਬੈਠ ਗਿਆ।
''ਤੇਰਾ ਸਾਮਾਨ...?'' ਇਧਰ-ਉਧਰ ਦੇਖਦਿਆਂ ਭਾਬੀ ਨੂੰ ਸਮਝਣ 'ਚ ਦੇਰ ਨਾ ਲੱਗੀ, ''ਪਿੰਡ ਜਾ ਕੇ ਆਇਆ ਏਂ?''
''ਹਾਂ, ਸੋਚਿਆ, ਮਾਂ ਨੂੰ ਵੀ ਮਿਲ ਹੀ ਜਾਵਾਂ।''
''ਚਾਹ ਬਣਾਵਾਂ?''
''ਨਹੀਂ, ਹੁਣੇ ਹੀ ਪੀਤੀ ਸੀ। ਵੀਰ ਕਿੰਨੇ ਵਜੇ ਖਾਣਾ ਖਾਣ ਆਉਂਦਾ ਏ?''
''ਇਹੀ ਇਕ-ਡੇਢ ਵਜੇ।''
''ਹੋਰ ਸਾਰੇ?''
''ਚਾਰ ਸਵਾ ਚਾਰ ਤਕ ਆ ਹੀ ਜਾਂਦੇ ਨੇ।''
ਜੂਨ ਦੇ ਗਰਮੀ ਭਰੇ ਦਿਨ ਸਨ। ਜੁਰਾਬਾਂ ਦੀ ਤਪਸ਼ ਉਸ ਤੋਂ ਝੱਲੀ ਨਹੀਂ ਜਾ ਰਹੀ ਸੀ। ਉਸ ਨੇ ਜੁਰਾਬਾਂ ਉਤਾਰ ਕੇ ਮੰਜੇ 'ਤੇ ਰੱਖ ਦਿੱਤੀਆਂ।
''ਕਿਹੜੀ-ਕਿਹੜੀ ਜਮਾਤ ਵਿਚ ਪੜ੍ਹਦੇ ਨੇ ਬੱਚੇ?'' ਪਿਛਲੇ 4 ਸਾਲਾਂ 'ਚ ਹੋਏ ਪਰਿਵਰਤਨ ਨੂੰ ਉਹ ਚੰਗੀ ਤਰ੍ਹਾਂ ਜਾਣਨਾ ਚਾਹੁੰਦਾ ਸੀ
''ਸੱਤਿਆ ਅੱਠਵੀ 'ਚ, ਪਾਲ ਛੇਵੀਂ 'ਚ...''
''ਅਖਿਲ ਤਾਂ ਹੁਣ ਐੱਮ. ਏ. ਵਿਚ ਪੜ੍ਹਦਾ ਹੋਵੇਗਾ।''
''ਬੀ. ਏ. ਤੋਂ ਬਾਅਦ ਕਾਲਜ ਛੱਡ ਦਿੱਤਾ ਉਸ ਨੇ।''
''ਕਿਉਂ?''
''ਉਸ ਦੇ ਲਈ ਹੀ ਤਾਂ ਤੈਨੂੰ ਬੁਲਾਇਆ ਹੈ।''
ਭਾਬੀ ਉੱਠ ਕੇ ਕਮਰੇ 'ਚ ਬਣੀ ਰਸੋਈ 'ਚ ਚਲੀ ਗਈ। ਉਸ ਨੇ ਕਮਰੇ ਦਾ ਮੁਆਇਨਾ ਕੀਤਾ। ਚਾਰ ਸਾਲ ਪਹਿਲਾਂ ਵਾਲਾ ਬਸ ਇਕ ਹੀ ਕਮਰਾ, ਜਿਸ ਤੋਂ ਸਾਰੇ ਕੰਮ ਲਏ ਜਾ ਰਹੇ ਸਨ। ਕਿੰਨਾ ਮੁਸ਼ਕਿਲ ਹੁੰਦਾ ਹੋਵੇਗਾ, ਕਿਸੇ ਰਿਸ਼ਤੇਦਾਰ ਦੇ ਆਉਣ ਨਾਲ ਕਿੰਨੇ ਔਖੇ ਹੁੰਦੇ ਹੋਣਗੇ ਇਸ ਘਰ ਦੇ ਲੋਕ। ਉਨ੍ਹਾਂ ਦੀ ਬੇਇੱਜ਼ਤੀ ਸੋਚ ਕੇ ਪਤਾ ਨਹੀਂ ਕਿਉਂ ਖੁਸ਼ ਹੋਇਆ ਸੀ ਉਹ। ਉਹ ਉੱਠ ਕੇ ਮੰਜੇ 'ਤੇ ਪੈ ਗਿਆ।
ਭਾਬੀ ਚਾਹ ਬਣਾ ਲਿਆਈ। ਪਿਆਲੀ ਫੜ ਕੇ ਉਸ ਨੇ ਘੁੱਟ ਭਰ ਕੇ ਗੱਲ ਤੋਰੀ, ''ਅਖਿਲ ਨੇ ਪੜ੍ਹਨਾ ਕਿਉਂ ਛੱਡ ਦਿੱਤਾ?''
''ਤੇਰੇ ਵਰਗੀ ਹੀ ਕੋਈ ਕਹਾਣੀ ਬਣ ਗਈ ਸੀ।'' ਭਾਬੀ ਉਸ ਨਾਲ ਅੱਖਾਂ ਨਾ ਮਿਲਾ ਸਕੀ।
ਉਸ ਨੂੰ ਵਿਅੰਗ ਸੁੱਝਿਆ, ''ਕੁੜੀ-ਕੜੀ ਦਾ ਚੱਕਰ ਐ ਕੋਈ?''
ਭਾਬੀ ਦੇ ਚਿਹਰੇ 'ਤੇ ਬੇਹੱਦ ਉਦਾਸੀ ਸੀ। ਉਸ ਦੀ ਉਦਾਸੀ ਦੇ ਤਹਿਤ ਉਸ ਨੂੰ ਖੁਸ਼ੀ ਹੋਈ ਪਰ ਉਸ ਨੇ ਪ੍ਰਗਟ ਨਹੀਂ ਸੀ ਹੋਣ ਦਿੱਤਾ, ਉਲਟਾ ਮੂੰਹ ਲਟਕਾ ਲਿਆ। ਸ਼ਾਇਦ ਦੁੱਖ ਵਿਚ ਸ਼ਰੀਕ ਹੋਣ ਦੀ ਖਾਤਿਰ।
''ਮੰਨਦਾ ਹੀ ਨਹੀਂ। ਕੋਈ ਅਸਰ ਨਹੀਂ ਹੁੰਦਾ ਉਸ 'ਤੇ। ਡਰਾਇਆ-ਧਮਕਾਇਆ, ਲਾਲਚ ਵੀ ਦਿੱਤਾ। ਪਿਛਲੇ ਦਿਨ ਤਾਂ ਇਸ ਦੇ ਮਾਮੇ ਨੇ ਬਹੁਤ ਕੁੱਟਿਆ ਸੀ।'' ਕਹਿੰਦੀ-ਕਹਿੰਦੀ ਭਾਬੀ ਰੋਣ-ਹਾਕੀ ਹੋ ਗਈ।
ਉਸ ਨੂੰ ਗੁੱਸਾ ਆਇਆ। ਮਾਮੇ ਨੇ ਕਿਉਂ ਕੁੱਟਿਆ? ਵੀਰ ਜੀ ਖੁਦ ਕੁੱਟ ਸਕਦੇ ਸਨ। ਉਸ ਨੂੰ ਆਪਣੀ ਪਿੱਠ 'ਤੇ ਪਈਆਂ ਡਾਂਗਾਂ ਦੇ ਨਿਸ਼ਾਨਾਂ ਦੀ ਯਾਦ ਆਈ। ਭਾਬੀ ਦੇ ਸਾਹਮਣੇ ਵੀਰ ਦੀ ਬੇਇੱਜ਼ਤੀ ਕਰਨ ਦਾ ਨਤੀਜਾ ਉਹ ਖੁਦ ਹੀ ਜਾਣਦਾ ਸੀ। ਭਾਬੀ ਸਭ ਕੁਝ ਸਹਿ ਸਕਦੀ ਸੀ ਪਰ ਆਪਣੇ ਪੇਕਿਆਂ ਦੇ ਕਿਸੇ ਵਿਅਕਤੀ ਦਾ ਨਿਰਾਦਰ ਨਹੀਂ।
''ਕੀ ਸੋਚਣ ਲੱਗਾਂ?'' ਭਾਬੀ ਨੇ ਪੁੱਛਿਆ।
''ਕੁਝ ਨਹੀਂ'' ਉਹ ਤ੍ਰਭਕਿਆ, ''ਇਹੀ ਅਖਿਲ ਬਾਰੇ ਹੀ, ਉਸ ਨੂੰ ਨੌਕਰੀ 'ਤੇ ਲਾ ਦਿੰਦੇ।'' ''ਮਿਲਦੀ ਕਿੱਥੇ ਹੈ ਨੌਕਰੀ?'' ਭਾਬੀ ਥੋੜ੍ਹਾ ਜਿਹਾ ਰੁਕ ਕੇ ਬੋਲੀ, ''ਮੈਂ ਕਿਹਾ ਸੀ, ਤੈਨੂੰ ਸਾਰੀਆਂ ਗੱਲਾਂ ਲਿਖ ਕੇ ਬੁਲਾ ਲਵਾਂ...ਪਰ...।''
ਉਸ ਨੂੰ ਲੱਗਾ ਕਿ ਉਹ ਬੇਕਾਬੂ ਹੋ ਜਾਵੇਗਾ। ਉਸ ਦੀਆਂ ਨਾੜਾਂ ਵਿਚ ਖੂਨ ਉਬਾਲੇ ਖਾਣ ਲੱਗਾ, ''ਬੁਲਾਉਂਦੇ ਵੀ ਤਾਂ ਕਿਸ ਮੂੰਹ ਨਾਲ ਬੁਲਾਉਂਦੇ?''
''ਅਸੀਂ ਤਾਂ ਬਹੁਤ ਦੁਖੀ ਹੋ ਗਏ ਹਾਂ। ਇਹਦੇ ਕਾਰਨ ਅਸੀਂ ਕਿਤੋਂ ਦੇ ਵੀ ਨਹੀਂ ਰਹੇ। ਜਿਸ ਤੋਂ ਉਧਾਰ ਲੈਂਦਾ ਹੈ, ਉਹ ਸਾਡੇ ਦਰਵਾਜ਼ੇ 'ਤੇ ਆ ਕੇ ਖੜ੍ਹ ਜਾਂਦੇ ਹਨ। ਸਾਰੀ-ਸਾਰੀ ਰਾਤ ਘਰ ਨਹੀਂ ਵੜਦਾ। ਦੋ-ਦੋ, ਤਿੰਨ-ਤਿੰਨ ਦਿਨ ਘਰੋਂ ਬਾਹਰ ਹੀ ਰਹਿੰਦਾ ਹੈ। ਉਹ ਉੱਠ ਕੇ ਬੈਠ ਗਿਆ। ਉਸ ਦੀਆਂ ਅੱਖਾਂ 'ਚ ਅੰਗਿਆਰੇ ਮਚ ਰਹੇ ਸਨ। ਉਹ ਪੁੱਛਣਾ ਚਾਹੁੰਦਾ ਸੀ ਕਿ ਅਖਿਲ ਨੂੰ ਘਰੋਂ ਕਿਉਂ ਨਹੀਂ ੱਕੱਢਿਆ ਗਿਆ? ਉਹ ਤਾਂ ਸਿਰਫ ਇਕ ਰਾਤ ਹੀ ਥੋੜ੍ਹਾ ਜਿਹਾ ਲੇਟ ਹੋਇਆ ਸੀ, ਭਾਬੀ ਦੇ ਕਹਿਣ 'ਤੇ ਉਸ ਦੇ ਵੀਰ ਨੇ ਉਸ ਨੂੰ ਪਿੰਡ ਭੇਜ ਦਿੱਤਾ ਸੀ। ਕਿਸ ਕਸੂਰ ਦੀ ਸਜ਼ਾ ਸੀ ਉਹ? ਉਸ ਦਾ ਇਕ ਕੁੜੀ ਨਾਲ ਬਹੁਤ ਪਿਆਰ ਸੀ। ਇਹੋ ਨਾ ਜਰਿਆ ਗਿਆ। ਸਮੇਂ ਦੀ ਘਾਟ ਦੇਖ ਕੇ ਉਹ ਸਭ ਕੁਝ ਨਿਗਲ ਗਿਆ ਸੀ। ''ਉਹ ਕੁੜੀ ਕੌਣ ਹੈ?''
''ਕਾਲਜ 'ਚ ਪੜ੍ਹਦੀ ਸੀ, ਇਸ ਦੇ ਨਾਲ ਹੀ।'' ''ਉਸ ਨੂੰ ਵੇਖਿਆ ਹੈ ਕਦੇ?''
''ਹਾਂ।''
ਉਸ ਦੇ ਅੰਦਰੋਂ ਇਕ ਹਉਕਾ ਜਿਹਾ ਨਿਕਲਿਆ ਸੀ, ਜੋ ਗਲੇ ਵਿਚ ਆ ਕੇ ਅਟਕ ਗਿਆ ਸੀ। ਉਸ ਦੀ ਵਾਰੀ ਤਾਂ ਬਹੁਤ ਮਿੰਨਤਾਂ-ਤਰਲੇ ਕਰਨ 'ਤੇ ਵੀ ਭਾਬੀ ਉਸ ਕੁੜੀ ਨੂੰ ਵੇਖਣ ਲਈ ਤਿਆਰ ਨਹੀਂ ਸੀ ਹੋਈ। ... ਅਤੇ ਹੁਣ ਕਹਾਣੀ ਫਿਰ ਦੁਹਰਾਈ ਗਈ ਜਾਪਦੀ ਸੀ। ਉਮਰ ਤੋਂ ਪਹਿਲਾਂ ਜੁਆਨ ਹੋਣ ਦੀ ਗੱਲ ਇਹ ਲੋਕ ਕਿਉਂ ਨਹੀਂ ਸਮਝਦੇ? ਬੱਚਿਆਂ ਨੂੰ ਥੋੜ੍ਹਾ ਜਿਹਾ ਵੱਡਾ ਹੋਣ 'ਤੇ ਘਰ ਦੀਆਂ ਕੰਧਾਂ ਨੂੰ ਉੱਚਾ ਕਰਨ ਲੱਗਦੇ ਹਨ। ਵਾੜ ਨਾਲ ਵੀ ਕਿਤੇ ਤੂਫਾਨ ਰੁਕਦੇ ਨੇ? ਪਾਣੀ ਦੇ ਨਾਲ ਪਾਣੀ ਬਣ ਕੇ ਹੀ ਪਾਣੀ 'ਤੇ ਕਾਬੂ ਪਾਇਆ ਜਾ ਸਕਦਾ ਹੈ। ਉਹ ਬੱਚਿਆਂ ਨੂੰ ਆਪਣੇ-ਆਪ ਵਿਚੋਂ ਹੋ ਕੇ ਕਿਉਂ ਵੇਖਦੇ ਹਨ? ਬੱਚਿਆਂ ਨਾਲ ਬੱਚੇ ਹੋ ਕੇ ਉਨ੍ਹਾਂ ਦੀ ਨਬਜ਼ ਕਿਉਂ ਨਹੀਂ ਫੜਦੇ। ਪਹਿਲਾਂ ਉਹ ਭਰਾ ਤੋਂ ਹੱਥ ਧੋ ਬੈਠੇ ਸਨ ਅਤੇ ਹੁਣ...।
ਵੀਰ ਜੀ ਆਏ ਤੇ ਉਹ ਉੱਠ ਬੈਠਾ ਸੀ। ਖੜ੍ਹੇ ਹੁੰਦੇ ਹੋਏ ਉਸ ਨੇ ਦੋਵੇਂ ਹੱਥ ਜੋੜ ਦਿੱਤੇ ਸਨ। ਵੀਰ ਨੇ ਕੁਰਸੀ 'ਤੇ ਬੈਠਦਿਆਂ ਪੁੱਛਿਆ, ''ਕਦੋਂ ਆਇਆ ਏਂ?'' ਉਸ ਦੇ ਚਿਹਰੇ 'ਤੇ ਥਕਾਵਟ ਸੀ।
''ਇਹੋ ਕੋਈ ਦੋ ਕੁ ਘੰਟੇ ਹੋਏ ਹਨ।''
''ਪਿੰਡ ਗਿਆ ਸੀ?''
''ਉਥੇ ਜਾ ਕੇ ਹੀ ਤਾਂ ਆ ਰਿਹਾ ਹਾਂ।''
''ਮਾਂ ਕਿੱਦਾਂ ਹੈ?''
''ਠੀਕ ਹੈ।''
''ਚਾਹ-ਚੂਹ ਪੀਤੀ?''
''ਆਉਂਦਿਆਂ ਹੀ ਪੀ ਲਈ ਸੀ।''
ਉਦੋਂ ਹੀ ਭਾਬੀ ਨੇ ਆ ਕੇ ਕਿਹਾ ਕਿ ਖਾਣਾ ਤਿਆਰ ਹੈ।
''ਇਥੇ ਹੀ ਲੈ ਆ ਅਤੇ ਥੋੜ੍ਹਾ ਜਿਹਾ ਦਹੀਂ ਵੀ ਮੰਗਵਾ ਲਵੀਂ।''
ਉਸ ਨੇ ਜੇਬ 'ਚੋਂ 50 ਦਾ ਨੋਟ ਕੱਢ ਕੇ ਅਖਿਲ ਵੱਲ ਵੇਖਿਆ, ''ਜਾਹ ਬਈ, ਚਾਚੇ ਦੀ ਸੇਵਾ ਕਰ ਜ਼ਰਾ।''
ਖਾਣਾ ਖਾਂਦੇ ਹੋਏ ਉਸ ਨੇ ਦੱਸਿਆ, ''ਮੈਂ ਅੱਜ ਹੀ ਵਾਪਸ ਜਾਣਾ ਹੈ।''
ਵੀਰ ਜੀ ਭਰੀ ਜਿਹੀ ਆਵਾਜ਼ 'ਚ ਬੋਲੇ, ''ਕੱਲ ਚਲਾ ਜਾਵੀਂ।''
''ਦੋ ਦਿਨਾਂ ਦੀ ਛੁੱਟੀ ਮਿਲੀ ਸੀ।''
''ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀ।''
''ਦੱਸੋ।''
''ਅਖਿਲ ਬਾਰੇ ਤੇਰੀ ਭਾਬੀ ਨੇ ਤੈਨੂੰ ਦੱਸਿਆ ਹੋਵੇਗਾ। ਮੈਂ ਚਾਹੁੰਦਾ ਹਾਂ ਕਿ...।''
ਅਖਿਲ ਰੋਟੀ ਰੱਖਣ ਆਇਆ ਸੀ। ਉਹ ਚੁੱਪ ਹੋ ਗਏ। ਉਹਦੇ ਜਾਣ ਤੋਂ ਬਾਅਦ ਉਹ ਫਿਰ ਬੋਲੇ, ''ਤੂੰ ਇਸ ਨੂੰ ਆਪਣੇ ਕੋਲ ਹੀ ਰੱਖ ਲੈ। ਨੌਕਰੀ ਤਾਂ ਦਿਵਾ ਹੀ ਦੇਵਾਂਗੇ, ਆਪਣੇ ਦਫਤਰ 'ਚ ਨਾ ਰੱਖੀ ਭਾਵੇਂ। ਮੈਂ ਤਾਂ ਹਾਰ ਗਿਆ ਸਮਝਾਉਂਦਾ-ਸਮਝਾਉਂਦਾ। ਜੁਆਨ ਮੁੰਡਾ ਹੈ, ਮਾਰਿਆ-ਕੁੱਟਿਆ ਵੀ ਤਾਂ ਨਹੀਂ ਜਾਂਦਾ ਅਤੇ ਫਿਰ ਕੁੱਟਣ ਨਾਲ ਹੋਵੇਗਾ ਵੀ ਕੀ?''
ਅਚਾਨਕ ਉਸ ਦੇ ਹੱਥ ਰੁਕ ਗਏ। ਉਸ ਨੇ ਵੀਰ ਜੀ ਦੀਆਂ ਅੱਖਾਂ ਵੱਲ ਝਾਕਿਆ। ਉਸ ਨੇ ਨਜ਼ਰਾਂ ਫੇਰ ਲਈਆਂ ਸਨ।
ਉਸ ਨੂੰ ਰੋਟੀ ਦਾ ਸੁਆਦ ਕੌੜਾ ਲੱਗਣ ਲੱਗਾ। ਉਸ ਦਾ ਮਨ ਕੀਤਾ ਪੁੱਛਾਂ ਕਿ 15 ਸਾਲਾਂ ਦੇ ਛੋਟੇ ਭਾਈ ਨੂੰ ਕੁੱਟਦੇ ਹੋਏ ਇਹ ਵਿਚਾਰ ਕਿਉਂ ਨਹੀਂ ਆਏ ਪਰ ਹਾਲਾਤ ਨੂੰ ਵੇਖਦਿਆਂ ਉਹ ਚੁੱਪ ਹੀ ਰਿਹਾ। ਫਿਰ ਕਿਹਾ, ''ਕੋਸ਼ਿਸ਼ ਕਰਾਂਗਾ... ਜ਼ਰੂਰ।'' ਵੀਰ ਜੀ ਚੁੱਪ ਹੋ ਗਏ ਸਨ, ਉਸ ਨੇ ਖਾਣਾ ਖਾਣ ਤੋਂ ਹੱਥ ਰੋਕ ਲਏ ਸਨ...ਬਸ!
ਚੌਕ ਤਕ ਵੀਰ ਜੀ ਦੇ ਨਾਲ ਆ ਕੇ ਉਸ ਨੇ ਵਿਦਾ ਲਈ ਅਤੇ ਨਾਲ ਆਏ ਅਖਿਲ ਨੂੰ ਨਾਲ ਲੈ ਕੇ ਅੱਗੇ ਲੰਘ ਗਿਆ। ਕੁਝ ਦੂਰ ਜਾ ਕੇ ਉਸ ਨੇ ਨੇੜੇ ਦੀ ਦੁਕਾਨ ਤੋਂ ਸਿਗਰਟਾਂ ਦੀ ਡੱਬੀ ਲੈ ਕੇ ਉਸ 'ਚੋਂ ਇਕ ਸਿਗਰਟ ਕੱਢ ਕੇ ਅਖਿਲ ਵੱਲ ਕਰ ਦਿੱਤੀ, ''ਲੈ।''
''ਮੈਂ ਨਹੀਂ ਪੀਂਦਾ।'' ਅਖਿਲ ਨੇ ਸਾਫ ਨਾਂਹ ਕਰ ਦਿੱਤੀ ਸੀ।
''ਤੂੰ ਮੈਥੋਂ ਤਿੰਨ-ਚਾਰ ਸਾਲ ਹੀ ਛੋਟਾ ਏਂ। 'ਕਿਉਂ ਝੂਠ ਬੋਲਦਾ ਏ ਯਾਰ? ਪੀਂਦਾ ਤਾਂ ਤੂੰ ਹੈਂ... ਤੇਰੇ ਬੁੱਲ੍ਹ ਦੱਸ ਰਹੇ ਨੇ। ਝਿਜਕਦੇ-ਝਿਜਕਦੇ ਉਸ ਨੇ ਸਿਗਰਟ ਲੈ ਲਈ। ਜਾਂਦੇ-ਜਾਂਦੇ ਉਸ ਨੇ ਅਖਿਲ ਨੂੰ ਪੁੱਛਿਆ, ''ਕੌਫੀ ਜਾਂ ਠੰਡਾ... ਕੀ ਪੀਏਂਗਾ?''
ਅਖਿਲ ਦੀ ਸੰਗ ਖੁੱਲ੍ਹ ਗਈ ਸੀ...। ''ਕੌਫੀ''
ਦੋਵੇਂ ਇਕ ਹੋਟਲ ਵਿਚ ਚਲੇ ਗਏ। ਕੌਫੀ ਦਾ ਇਕ ਘੁੱਟ ਭਰ ਕੇ ਉਸ ਨੇ ਅਖਿਲ ਨੂੰ ਪੁੱਛਿਆ, ''ਹੁਣ ਇਥੇ ਕਿੰਨੇ ਸਿਨੇਮੇ ਹਨ?''
''ਚਾਰ।''
''ਸਭ ਤੋਂ ਵਧੀਆ ਕਿਹੜਾ ਏ?'' ''ਮਾਲਵਾ।''
ਉਸ ਨੇ ਘੜੀ ਵੇਖੀ। ਫਿਲਮ ਸ਼ੁਰੂ ਹੋਣ 'ਚ ਅਜੇ ਵਕਤ ਸੀ।
ਇੰਨੇ ਵਿਚ ਨੁੱਕਰ ਦੀ ਮੇਜ਼ 'ਤੇ ਦੋ ਕੁੜੀਆਂ ਆ ਬੈਠੀਆਂ। ਉਸ ਨੇ ਉਨ੍ਹਾਂ ਵੱਲ ਵੇਖਿਆ। ਅਖਿਲ ਦੀਆਂ ਨਜ਼ਰਾਂ ਵੀ ਉਨ੍ਹਾਂ ਵੱਲ ਗਈਆਂ। ਦੋਵਾਂ ਦੀਆਂ ਨਜ਼ਰਾਂ ਮਿਲੀਆਂ ਤੇ ਦੋਵੇਂ ਮੱਲੋ-ਮੱਲੀ ਹੱਸ ਪਏ। ''ਖੂਬਸੂਰਤ ਹੈ।'' ਉਸ ਨੇ ਅਖ ਦੱਬ ਦਿੱਤੀ।
ਅਖਿਲ ਜ਼ੋਰ ਦੀ ਤਾੜੀ ਮਾਰ ਕੇ ਹੱਸ ਪਿਆ। ਲੜਕੀਆਂ ਨੇ ਤ੍ਰਭਕ ਕੇ ਉਨ੍ਹਾਂ ਵੱਲ ਦੇਖਿਆ। ਅਖਿਲ ਹੌਲੀ ਜਿਹੀ ਬੋਲਿਆ, ''ਰੀਅਲੀ ਯੂ ਆਰ ਵੈਰੀ ਜੌਲੀ ਅੰਕਲ।''
''ਸੱਚ।'' ਉਹ ਵੀ ਖਿੜਖਿੜਾ ਕੇ ਹੱਸ ਪਿਆ।
ਫਿਲਮ ਦੇਖਣ ਤੋਂ ਬਾਅਦ ਜਦੋਂ ਉਹ ਬਾਹਰ ਨਿਕਲੇ ਤਾਂ ਅਖਿਲ ਉਸ ਨਾਲ ਪੂਰੀ ਤਰ੍ਹਾਂ ਘੁਲ-ਮਿਲ ਗਿਆ ਸੀ।
''ਤੇਰੇ ਨਾਲ ਉਸ ਕੁੜੀ ਦਾ ਕੀ ਚੱਕਰ ਐ?'' ਉਸ ਨੇ ਲਾਪਰਵਾਹੀ ਨਾਲ ਪੁੱਛਿਆ।
''ਇਕ ਸ਼ਰਤ 'ਤੇ ਦੱਸਾਂਗਾ ਕਿ ਤੁਸੀਂ ਮੇਰਾ ਮਖੌਲ ਨਹੀਂ ਓਡਾਓਗੇ ਅਤੇ ਨਾ ਹੀ ਝਿੜਕੋਗੇ।'' ''ਓ. ਕੇ. ਪਰੌਮਿਸ।''
''ਉਹ ਮੇਰੀ ਕਲਾਸ ਮੇਟ ਸੀ, ਨੀਤਾ। ਕਦੇ-ਕਦੇ ਅਸੀਂ ਸਿਨੇਮਾ ਜਾਂ ਕੌਫੀ ਹਾਊਸ ਚਲੇ ਜਾਂਦੇ ਸੀ। ਮੁਹੱਲੇ ਦੇ ਕਿਸੇ ਸ਼ੱਕੀ ਬੰਦੇ ਨੇ ਸਾਨੂੰ ਵੇਖ ਲਿਆ ਅਤੇ ਮੰਮੀ ਦੇ ਕੰਨ ਭਰ ਦਿੱਤੇ ਤੇ ਫਿਰ ਮੰਮੀ ਤੇ ਡੈਡੀ ਦੋਵੇਂ ਸ਼ੁਰੂ ਹੋ ਗਏ ਕਿ ਮੈਂ ਵਿਗੜ ਗਿਆ ਹਾਂ। ਆਵਾਰਾ ਹੋ ਗਿਆ ਹਾਂ, ਖਾਨਦਾਨ ਦੀ ਇੱਜ਼ਤ ਅਤੇ ਹੋਰ ਪਤਾ ਨਹੀਂ ਕੀ...ਕੀ...।
''ਫਿਰ?''
''ਫਿਰ ਇਹੋ ਰੁਟੀਨ ਬਣ ਗਿਆ।''
ਉਸ ਨੇ ਹੱਥ ਵਧਾ ਕੇ ਅਖਿਲ ਦਾ ਹੱਥ ਆਪਣੇ ਹੱਥਾਂ 'ਚ ਲੈ ਲਿਆ ਅਤੇ ਪੁੱਛਿਆ ਜੇਕਰ ਤੂੰ ਉਸ ਕੁੜੀ ਦੇ ਘਰ ਜਾ ਸਕਦਾ ਤਾਂ ਤੈਨੂੰ ਉਸ ਨੂੰ ਲੁਕ ਕੇ ਤਾਂ ਨਾ ਮਿਲਣਾ ਪੈਂਦਾ?''
ਅਖਿਲ ਨੇ ਭਵੱਤਰ ਕੇ ਚਾਚੇ ਵੱਲ ਵੇਖਿਆ ਤੇ ਕਿਹਾ ਕਿ ਉਹ ਉਸ ਨੂੰ ਭੁੱਲ ਕੇ ਵੀ ਨਾ ਮਿਲਦਾ।
''ਤੂੰ ਕਦੇ ਮੰਮੀ-ਡੈਡੀ ਨੂੰ ਇਹ ਗੱਲ ਨਹੀਂ ਆਖੀ?''
''ਨਹੀਂ ਆਖੀ। ਇਸ ਡਰ ਨਾਲ ਕਿ ਉਹ ਅਜਿਹਾ ਨਹੀਂ ਕਰਨ ਦੇਣਗੇ।''
''ਉਸ ਕੁੜੀ ਨੂੰ ਮਿਲਵਾਏਂਗਾ ਮੇਰੇ ਨਾਲ।''
ਅਖਿਲ ਉਦਾਸ ਹੋ ਗਿਆ। ''ਹੁਣ ਉਹ ਇਥੇ ਨਹੀਂ ਰਹਿੰਦੀ। ਇਕ ਦਿਨ ਮੰਮੀ ਉਨ੍ਹਾਂ ਦੇ ਘਰ ਜਾ ਕੇ ਬੁਰਾ-ਭਲਾ ਆਖ ਆਈ ਸੀ। ਉਸ ਦਾ ਪਿਤਾ ਇਥੋਂ ਬਦਲੀ ਕਰਵਾ ਕੇ ਚਲਾ ਗਿਆ।''
''ਉਸ ਤੋਂ ਬਾਅਦ ਉਸ ਨੂੰ ਕਦੇ ਨਹੀਂ ਮਿਲਿਆ?''
''ਇਕ ਵਾਰ ਮੈਂ ਉਨ੍ਹਾਂ ਦੇ ਘਰ ਗਿਆ ਸੀ, ਉਸ ਦੇ ਬਾਪੂ ਨੇ ਝਿੜਕ ਦਿੱਤਾ।
ਅਖਿਲ ਨੇ ਹਉਕਾ ਭਰਿਆ।
''ਜਿਥੇ ਉਹ ਗਏ ਹਨ ਤੈਨੂੰ ਪਤਾ ਹੈ?''
''ਹਾਂ।'' ਚੌਕ 'ਚ ਪਹੁੰਚ ਕੇ ਉਹ ਦੋਵੇਂ ਕੁਝ ਚਿਰ ਰੁਕੇ। ਅਖਿਲ ਨੇ ਉਸ ਵੱਲ ਪੁੱਛਦੀਆਂ ਨਜ਼ਰਾਂ ਨਾਲ ਵੇਖਿਆ। ਉਸ ਨੇ ਅਖਿਲ ਦਾ ਮੋਢਾ ਫੜ ਕੇ ਉਸ ਨੂੰ ਸਟੇਸ਼ਨ ਜਾਣ ਵਾਲੀ ਸੜਕ 'ਤੇ ਘੁਮਾ ਦਿੱਤਾ।
''ਅੰਕਲ, ਤੁਸੀਂ ਵੀ ਤਾਂ ਆਪਣੀ ਮਨਪਸੰਦ ਕੁੜੀ ਨਹੀਂ ਪ੍ਰਾਪਤ ਕਰ ਸਕੇ ਸੀ ਨਾ?''
ਉਹ ਅਚਾਨਕ ਠਠੰਬਰ ਜਿਹਾ ਗਿਆ ਤੇ ਸਾਹ ਨੂੰ ਘੁੱਟਦਾ ਹੋਇਆ ਬੋਲਿਆ, ''ਹਾਂ।''
''ਕੀ ਤੁਹਾਡੇ ਮਨ ਵਿਚ ਪਰਿਵਾਰ ਪ੍ਰਤੀ ਵਿਦਰੋਹ ਨਹੀਂ ਜਾਗਿਆ ਸੀ?''
''ਜਾਗਿਆ ਕਿਉਂ ਨਹੀਂ ਸੀ?'' ਕੁਝ ਚਿਰ ਰੁਕ ਕੇ ਉਸ ਨੇ ਕਿਹਾ। ''ਸ਼ੁਰੂ-ਸ਼ੁਰੂ ਵਿਚ ਮੈਨੂੰ ਵੀ ਬਹੁਤ ਅਜੀਬ ਜਿਹਾ ਲੱਗਾ ਸੀ, ਸਾਰੀ-ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ। ਹਮੇਸ਼ਾ ਮੈਂ ਵਿਦਰੋਹ ਦੀਆਂ ਗੱਲਾਂ ਹੀ ਸੋਚਦਾ ਰਹਿੰਦਾ ਸੀ ਪਰ ਮੇਰੀ ਬੇਰੋਜ਼ਗਾਰੀ ਨੇ ਮੇਰੀ ਇਕ ਨਾ ਚੱਲਣ ਦਿੱਤੀ। ਨਾ ਤਾਂ ਉਸ ਦੇ ਮਾਂ-ਬਾਪ ਹੀ ਮੰਨੇ ਅਤੇ ਨਾ ਹੀ ਮੇਰੇ।''
''ਤੁਸੀਂ ਕਿਸੇ ਕੁੜੀ ਨਾਲ ਵਿਆਹ ਕਰਨ ਲਈ ਕਦੋਂ ਤਿਆਰ ਹੋਏ ਸੀ ਅੰਕਲ?''
''ਜਦੋਂ ਤਕ ਮੈਂ ਆਪਣੇ ਪੈਰਾਂ 'ਤੇ ਖੜ੍ਹਾ ਹੋਇਆ, ਉਸ ਦਾ ਵਿਆਹ ਹੋ ਚੁੱਕਾ ਸੀ।''
''ਹੁਣ ਉਸ ਕੁੜੀ ਦੀ ਯਾਦ ਕਦੇ ਨਹੀਂ ਆਉਂਦੀ?''
''ਆਉਂਦੀ ਹੈ ਪਰ ਉਸ ਨੂੰ ਮਿਲਣ ਦੀ ਗੱਲ ਮੈਂ ਨਹੀਂ ਸੋਚ ਸਕਦਾ। ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ।'' ਅਖਿਲ ਨੇ ਤੜਫ ਕੇ ਪੁੱਛਿਆ ''ਕਿਉਂ?''
''ਉਸ ਨੂੰ ਮਿਲ ਕੇ ਲੱਗਦਾ ਹੈ ਜਿਵੇਂ ਸਾਡੇ ਵਿਚ ਜੋ ਕੁਝ ਵੀ ਬਚਿਆ ਹੈ, ਉਹ ਵੀ ਖਤਮ ਹੋ ਜਾਵੇਗਾ।''
''ਅੰਕਲ?'' ਕਹਿੰਦਾ-ਕਹਿੰਦਾ ਅਖਿਲ ਰੁਕ ਗਿਆ।
''ਹੁਣ ਜ਼ਿੰਦਗੀ ਦਾ ਬਹੁਤ ਸਾਰਾ ਸਫਰ ਤਹਿ ਕਰਨਾ ਹੈ। ਬਾਕੀ ਬਚੇ ਪਿਆਰ ਨੂੰ ਮੈਂ ਬਚਾ ਕੇ ਰੱਖਣਾ ਚਾਹੁੰਦਾ ਹਾਂ।''
ਹਨੀਮੂਨ ਅਜੇ ਨਹੀਂ : ਦੀਆ
NEXT STORY