ਤੜਕੇ ਸਵੇਰ ਦੇ ਚਾਰ ਵਜੇ ਵੱਡੇ ਵੀਰ ਦੇ ਕਮਰੇ 'ਚੋਂ ਭਾਬੀ ਦੀ ਕੁੜਕੁੜ ਸੁਣਨ ਲੱਗੀ, ਏਨੇ ਨੂੰ ਬਾਪੂ ਜੀ ਉੱਚੀ ਆਵਾਜ਼ 'ਚ ਬੋਲੇ ਕੁਲਵੰਤ ਸਿੰਹਾਂ! ਕੀ ਰੌਲਾ ਪਾਇਆ? ਕੁਝ ਨ੍ਹੀਂ ਬਾਪੂ ਜੀ ਆਹ ਤੁਹਾਡੀ ਦੇਸੀ ਮੇਮ ਦੀ ਨੀਂਦ ਖਰਾਬ ਹੋਗੀ ਅਖੇ ਗੁਆਂਢੀਆਂ ਦੇ ਦਰਾਂ 'ਚ ਲੱਗੀਆਂ ਟੱਲੀਆਂ ਹਵਾ ਨਾਲ ਖੜਕ ਰਹੀਆਂ ਹਨ, ਕਹਿੰਦੀ ਜਾ ਕੇ ਲਾ ਕੇ ਆਓ।
ਬਾਪੂ ਕਹਿੰਦਾਂ ਕਿਹੜੀਆਂ ਟੱਲੀਆਂ...?
ਹਾਹਾਹਾਹਾ ਠਹਾਕਾ ਮਾਰ ਕੇ 'ਨਿਮਰ' ਦੇ ਕਮਰੇ 'ਚੋਂ ਹੱਸਣ ਦੀ ਆਵਾਜ਼ ਆਈ.... ਕਹਿੰਦੀ ਬਾਪੂ ਜੀ ਇਹ ਵਿੰਡ ਚਾਇਮ ਹੈ। ਜਿਹੜਾ ਗੋਰਿਆਂ ਦੇ ਦਰਾਂ 'ਚ ਲੱਗਾ ਹੁੰਦਾ ਹੈ। ਲੈ ਦੱਸੋ ਬਾਪੂ ਜੀ ਕਿੰਨੀ ਕਮਲੀ ਆ ਮੇਰੀ ਭਾਬੀ, ਮੈਂ ਤਾਂ ਇਸ ਦੀ ਆਵਾਜ਼ ਸੁਣ ਕੇ ਕਈ ਵਾਰੀ ਹਾਇਕੂ ਤੇ ਨਜ਼ਮਾ ਲਿਖਦੀ ਆਂ, ਮੇਰੇ ਮਨ ਅੰਦਰ ਕੋਈ ਵੀ ਪ੍ਰੇਸ਼ਾਨੀ ਹੋਵੇ ਉਹ ਦੂਰ ਹੋ ਜਾਂਦੀ ਏ, ਤੇ ਇਹ ਮੇਰੀ ਭਾਬੋ ਕੁਝ ਵੀ ਕਹਿ ਛੱਡਦੀ ਹੈ।
ਖੜ੍ਹ ਜਾ ਤੂੰ ਨਿਮਰ ਸਾਰਾ ਦਿਨ ਤੈਨੂੰ ਤੇ ਤੇਰੇ ਵੀਰ ਨੂੰ, ਮੈਂ ਹੀ ਲੱਭੀ ਹੋਈ ਹਾਂ ਟਿੱਚਰਾਂ ਕਰਨ ਲਈ... ਭੱਜਦੀ ਹੋਈ ਪੰਮੀ ਪੌੜੀਆਂ ਉਤਰ ਗਈ.... ਨਾ ਨਾ ਨਾ ਪੰਮੀਏ, ਮੇਰੀ ਭੈਣ ਨੂੰ ਕੁਝ ਨ੍ਹੀਂ ਕਹਿਣਾ, ਇਹ ਤਾਂ ਸਾਡੇ ਟੱਬਰ ਦੀ ਲਾਡਲੀ ਧੀ ਆ.... ਕੁਲਵੰਤ ਨੇ ਨਿਮਰ ਨੂੰ ਗਲ ਨਾਲ ਲਾਇਆ ਟੱਬਰ ਨੂੰ ਹੱਸਦੇ ਵੇਖ ਬਾਪੂ ਜੀ ਡ੍ਰਾਈਵ ਵੇ 'ਚੋਂ ਕਾਰ ਕੱਢ ਗੁਰਦੁਆਰਾ ਸਾਹਿਬ ਚਲੇ ਗਏ।
ਪੰਮੀ ਕੁਲਵੰਤ ਲਈ ਲੰਚ ਪੈਕ ਕਰਨ ਲੱਗੀ ਤੇ ਗੁਰਬਾਜ ਲਈ ਸਕੂਲ ਟਿਫਨ। ਸਾਰਾ ਟੱਬਰ ਅੱਡੋ-ਅੱਡੀ ਕੰਮਾਂ 'ਤੇ ਲੱਗ ਗਿਆ ਤੇ ਨਿਮਰ ਇੰਡੀਆ ਨਾਨੀ ਨੂੰ ਫੋਨ ਕਰਕੇ ਸੁਖ-ਸਾਂਦ ਪੁੱਛਣ ਲੱਗੀ। ਮਾਂ ਨੂੰ ਰੋਂਦੀ ਹੋਈ ਕਹਿਣ ਲੱਗੀ-ਮੰਮੀ ਤੁਸੀਂ ਤੇ ਡੈਡੀ ਛੇਤੀ ਆਜੋ ਮੇਰਾ ਜੀ ਨ੍ਹੀਂ ਲੱਗਦਾ। ਹੌਸਲਾ ਦਿੰਦੀ ਹੋਈ ਕਰਮਜੀਤ ਕੌਰ ਕਹਿੰਦੀ, ਨਿਮਰਵੀਰ ਤੂੰ ਤਾਂ ਮੇਰੀ ਸਿਆਣੀ ਧੀ ਏਂ, ਵਾਹਿਗੁਰੂ ਨੇ ਤੈਨੂੰ ਸੋਹਣੇ ਨਾਮ ਨਾਲ ਰਲਦੀ ਸੋਹਣੀ ਸੀਰਤ ਤੇ ਸੁਮੱਤ ਵੀ ਦਿੱਤੀ ਹੈ। ਬਸ 'ਬੇਜੀ' ਠੀਕ ਹੋ ਜਾਣ ਅਸੀਂ ਛੇਤੀ ਹੀ ਮੁੜ ਆਉਣਾ। ਹੋਰ ਦੱਸ ਘਰੇ ਸਭ ਸੁਖ-ਸਾਂਦ ਆ ਪੰਮੀ, ਕੁਲਵੰਤ, ਨਿੱਕੇ ਨਿਆਣੇ ਤੇ ਬਾਪੂ ਜੀ ਕਿਵੇਂ ਨੇ?
ਭਾਬੀ ਉਪਰ ਸ਼ਾਵਰ ਲੈਂਦੀ ਏ, ਵੀਰਾ ਗੁਰਬਾਜ ਨੂੰ ਲੈ ਕੇ ਸਕੂਲ ਗਿਆ ਤੇ ਉਥੋਂ ਸਿੱਧਾ ਯਾਰਡ ਤੋਂ ਟਰੱਕ ਲੈ ਕੇ ਕੰਮ ਦੇ ਢੋਅ-ਢੁਆਈ ਦੇ ਗੇੜੇ ਲਾਵੇਗਾ। ਬਾਪੂ ਜੀ ਗੁਰਦੁਆਰਾ ਸਾਹਿਬ ਬਾਅਦ ਤੋਂ ਡਾਕਟਰ ਕੋਲੋਂ ਬਲੱਡ ਚੈੱਕ ਕਰਵਾ ਕੇ ਘਰ ਆਉਣਗੇ। ਮੰਮੀ ਤੁਹਾਡੇ ਜਾਣ ਪਿੱਛੋਂ ਸਿਮਰ ਭੈਣ ਨੇ ਵੀ ਗੇੜਾ ਨ੍ਹੀਂ ਲਾਇਆ, ਕਹਿੰਦੀ ਸੱਸ ਬੀਮਾਰ ਆ, ਭਾਅਜੀ ਕਿਸੇ ਕੰਮ ਤੋਂ ਟੋਰਾਂਟੋ ਗਿਆ ਤੇ ਉਹ 'ਕੱਲੀ ਆ। ਹੁਣ ਮੈਂ ਕਿਥੇ ਜਾਵਾਂ, ਮੇਰੀ ਪੇਂਟਿੰਗ ਵਾਲੀ ਗੋਰੀ ਸਹੇਲੀ ਵੀ 2 ਮਹੀਨੇ ਤੋਂ ਪਤਾ ਨ੍ਹੀਂ ਕਿਥੇ ਆ, ਉਹਦਾ ਫੋਨ ਨੰਬਰ ਵੀ ਮੇਰੇ ਤੋਂ ਗੁਆਚ ਗਿਆ, ਹਾਏ ਰੱਬਾ ਕੀ ਕਰਾਂ ਮੰਮੀ ਮੈਂ ਤਾਂ ਬੋਰ ਹੋ ਗਈ, ਚਲੋ ਚੰਗਾ ਫੇਰ ਮੈਂ ਫੋਨ ਰੱਖਦੀ ਆਂ, ਸਾਰਿਆਂ ਨੂੰ ਸਤਿ ਸ੍ਰੀ ਅਕਾਲ...।
ਘਰ ਦੇ ਕੰਮ 'ਚ ਉਲਝੀ ਪੰਮੀ ਨੂੰ ਯਾਦ ਹੀ ਨਹੀਂ ਰਿਹਾ ਕਿ ਨਿਮਰ ਦੀ ਅੱਜ ਡਾਕਟਰ ਕੋਲ ਅਪੁਆਇੰਟਮੈਂਟ ਸੀ। ਲਿਵਿੰਗ ਰੂਮ 'ਚ ਬੈਠੀ ਵਿੰਡੋ 'ਚੋਂ ਝੜਦੇ ਪੱਤੇ ਵੇਖਦੀ ਹੋਈ ਆਪਣੇ ਖਿਆਲਾਂ 'ਚ ਕਿਧਰੇ ਗੁਆਚੀ ਕਵਿਤਾ ਲਿਖਦੀ ਏ....
ਅਣਜਾਣ ਸੀ
ਅੱਜ ਤੀਕ ਅਸੀਂ
ਜ਼ਿੰਦਗੀ ਦੀਆਂ
ਜਿੱਤਾਂ ਹਾਰਾਂ ਤੋਂ....
ਦਰਦ ਕੀ ਹੁੰਦਾ
ਉਦੋਂ ਪਤਾ ਲੱਗਿਆ
ਜਦੋਂ ਪੱਤਝੜ
ਨੇ ਖੋਹ ਲਿਆ,
ਰੰਗ ਬਹਾਰਾਂ ਤੋਂ....।
ਉਹਦੀ ਉਦਾਸ ਜਿਹੀ ਕਵਿਤਾ ਸੁਣ ਕੇ ਪੰਮੀ ਬੋਲੀ ਨ੍ਹੀਂ ਨਿਮਰ, ਨਾ ਕੁੜੇ ਤੈਨੂੰ ਕੁਝ ਯਾਦ ਨਹੀਂ ਕਿਥੇ ਗੁਆਚੀ ਰਹਿੰਦੀ ਏਂ। ਅੱਜ ਤੂੰ ਡਾਕਟਰ ਕੋਲ ਜਾਣਾ ਸੀ, ਤੂੰ ਤਾਂ ਯਾਦ ਰੱਖ ਲਿਆ ਕਰ ਬਸ ਆ ਕਵਿਤਾ ਕੁਵਿਤਾ 'ਚ ਗੁਆਚੀ ਰਹਿੰਦੀ ਏਂ। ਹੋਰ ਦੁਨੀਆ ਦੀ ਵੀ ਉੱਘ-ਸੁੱਘ ਰੱਖ ਲਿਆ ਕਰ, ਆ ਦੇਖ ਮਨਸੁੰਦਰ ਵੀ ਉੱਠ ਖੜ੍ਹੀ, ਮੈਂ 'ਕੱਲੀ ਜਾਨ ਕੀ-ਕੀ ਕਰਾਂ। ਭਾਬੋ ਮੇਰੀਏ ਮੈਨੂੰ ਇਕ ਗੱਲ ਦੱਸ.... ਤੈਨੂੰ ਵਰਜੀਨੀਆ ਆਈ ਸੱਤ ਸਾਲ ਹੋਗੇ ਤੇ ਤੂੰ ਹਾਲੇ ਵੀ ਪਿੰਡਾਂ ਵਾਲੀ ਬੋਲੀ ਬੋਲਣੀ ਕਿਉਂ ਨ੍ਹੀਂ ਛੱਡੀ...? ਕੌਣ ਕਹੇਗਾ ਤੈਨੂੰ ਕਿ ਇਹ ਪਿਆਰਾ ਸਿੰਘ ਦੀ ਪੋਤ ਨੂੰਹ ਆ ਤੇ ਇਹਨੇ ਇੰਗਲਿਸ਼ ਦੀ ਐੱਮ. ਏ. ਕੀਤੀ ਹੋਈ ਆ, ''ਭਾਈ ਇਟਸ ਟੂ ਮਚ ਨਾਉ।'' ਨਾ ਇੰਗਲਿਸ਼ ਦੀਏ ਬੱਚੀਏ, ਤੂੰ ਕਿਹੜਾ ਇਥੇ ਜੰਮ ਕੇ ਲੱਲਰ ਲਾਤੇ, ਤੂੰ ਵੀ ਤਾਂ ਇਥੇ ਜੰਮ ਪਲ ਕੇ ਆਹ ਪੰਜਾਬੀ 'ਚ ਹੀ ਕਵਿਤਾਵਾਂ ਲਿਖਦੀ ਏਂ, ਨਾ ਤੇਰੀ ਬੋਲੀ ਬਦਲੀ ਨਾ ਪਹਿਰਾਵਾ, 27 ਵਰ੍ਹੇ ਦੀ ਹੋਗੀ ਏਂ ਤੈਨੂੰ ਸਾਰਾ ਟੱਬਰ ਕਹਿ ਕਹਿ ਹੰਭ ਗਿਆ ਕਿ ਕੋਈ ਮੁੰਡਾ ਦੇਖ ਲੈ, ਮੇਰੀ ਮਾਸੀ ਦਾ ਮੁੰਡਾ ਮਿੰਨਤਾਂ ਕਰ ਹਟਿਆ ਤੇਰੀਆਂ ਪਰ ਤੂੰ ਨਾ ਮੰਨੀ। ਫੇਰ ਉਹ ਗੋਰਾ ਬੰਬ, ਉਹ ਵੀ ਤਾਂ ਤੇਰੇ ਤਰਲੇ ਕੱਢ ਹਟਿਆ ਪਰ ਤੂੰ ਕਿਸੇ ਨੂੰ ਵੀ ਟਿੱਚ ਨਾ ਗਿਣਿਆ, ਹੁਣ ਸੋਚ ਲਾ ਜੇ ਕੋਈ ਹੈਗਾ ਗੋਰਾ, ਕਾਲਾ, ਚੀਨਾ ਕੋਈ ਤਾਂ ਦੱਸਦੇ...।
ਭਾਬੀ, ਐਵੇਂ ਕਿਵੇਂ ਤੈਨੂੰ ਦੱਸ ਦਿਆਂ, ਤੂੰ ਵੀ ਨਾ ਕਮਲੀਆਂ ਗੱਲਾਂ ਕਰਦੀ ਆਂ। ਮੈਂ ਢਿੱਲੋਂ ਖਾਨਦਾਨ ਦੀ ਕੁੜੀ ਐਵੇਂ ਹੀ ਕਿਵੇਂ ਕਿਸੇ ਨੂੰ ਵੀ ਹਾਂ ਕਰ ਦਿਆਂ।
ਨਾ ਹੋਰ ਤੂੰ ਸਾਰੀ ਉਮਰ ਭੂਆ ਬਣ ਕੇ ਘਰ ਬੈਠਣਾ... ਹੂਹ।
ਭਾਬੀ ਤੂੰ ਹਟ ਜਾ, ਨਹੀਂ ਵੀਰ ਤੇ ਬਾਪੂ ਜੀ ਨੂੰ ਦੱਸ ਦੇਣਾ ਮੈਂ....। ਜਦ ਮੈਨੂੰ ਹਾਲੇ ਮੇਰਾ ਸੁਫਨਿਆਂ ਵਾਲਾ ਮਾਹੀ ਨਹੀਂ ਲੱਭਿਆ, ਫੇਰ ਮੈਂ ਐਵੇਂ ਕਿਵੇਂ ਕਿਸੇ ਨਾਲ ਵਿਆਹ ਕਰਵਾ ਲਵਾਂ। ਦੱਸ ਆਹ ਕੀ ਗੱਲ ਹੋਈ ਜੁਆਕਾਂ ਵਾਲੀ ਤੂੰ ਹੁਣ ਨਿਆਣੀ ਨਹੀਂ ਰਹੀ, ਸਿਆਣੀ ਬਣ ਕੇ ਆਪਣੇ ਬਚਪਨ 'ਚੋਂ ਬਾਹਰ ਆ, ਏਦਾਂ ਜ਼ਿੰਦਗੀ ਨਹੀਂ ਲੰਘਣੀ। ਮੇਰੀ ਇਕ ਗੱਲ ਸੁਣ ਲੈ ਭਾਬੋ ਮੇਰੀਏ, ਮੈਨੂੰ ਜਦ ਤੀਕ ਕੋਈ ਵੀਰੇ ਵਰਗਾ ਚੰਗਾ ਤੇ ਡੈਡੀ ਵਾਂਗ ਲਾਡ ਕਰਨ ਵਾਲਾ ਨਹੀਂ ਮਿਲਦਾ, ਮੈਂ ਨ੍ਹੀਂ ਕਰਵਾਉਂਦੀ ਕਿਸੇ ਅਜਨਬੀ ਨਾਲ ਵਿਆਹ।
ਨਿਮਰ ਪਹਿਲਾਂ ਤਾਂ ਤੂੰ ਇਹ ਖਿਆਲਾਂ ਦੀ ਦੁਨੀਆ 'ਚ ਜਿਊਣਾ ਛੱਡ ਦੇ ਤੇ ਇਹ ਗੱਲ ਆਪਣੇ ਪੱਲੇ ਬੰਨ੍ਹ ਲੈ ਕਿ ਜਦੋਂ ਤੂੰ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖਿਆ ਸੀ ਤਾਂ ਤੇਰਾ ਬਚਪਨ ਉਸੇ ਦਿਨ ਪਿੱਛੇ ਰਹਿ ਗਿਆ ਸੀ।
ਆਪਣੀ ਨਾਂਹ ਦਾ ਨਤੀਜਾ ਤਾਂ ਤੂੰ ਦੇਖ ਹੀ ਲਿਆ, ਚੰਗੀ ਭਲੀ ਭੱਜੀ ਫਿਰਦੀ ਕੁੜੀ 2 ਮਹੀਨੇ ਪਹਿਲਾਂ ਐਕਸੀਡੈਂਟ 'ਚ ਜਿਹੜਾ ਕਿਸੇ ਦੀ ਗਲਤੀ ਨਾਲ ਹੋਇਆ ਸੀ, ਉਹ ਆਪਣੀਆਂ ਲੱਤਾਂ 'ਚ ਨੁਕਸ ਪੁਆ ਕੇ ਬਹਿਗੀ। ਹੋਰ ਲੜਾਓ ਲਾਡ, ਅਖੇ ਇਹ ਤਾਂ ਅਜੇ ਬਚਪਨ 'ਚ ਰਹਿੰਦੀ ਆ, ਹੁਣ ਤਾਂ ਤੇਰੇ ਹਾਲਾਤ ਨਿਆਣਿਆਂ ਵਰਗੇ ਹੀ ਬਣਗੇ। ਸਿੱਲੀਆਂ ਅੱਖਾਂ ਨਾਲ ਵ੍ਹੀਲ ਚੇਅਰ ਨੂੰ ਧੱਕਾ ਮਾਰਦੀ ਬੁੱਲ੍ਹਾਂ 'ਚ ਝੂਠੇ ਹਾਸੇ ਹੱਸਦੀ ਹੋਈ, ਨਿਮਰ ਨੂੰ ਫਿਰ ਕਲਮ ਨੇ ਦਸਤਕ ਦਿੱਤੀ ਅਤੇ ਕਵਿਤਾ ਲਿਖਣ ਲੱਗੀ...
ਅੱਜ ਵੀ,
ਮੇਰੇ ਅੰਦਰ
ਬਚਪਨ
ਜਿਊਂਦਾ ਹੈ...
ਕਿਉਂਕਿ?
ਅੱਜ ਵੀ
ਮੇਰਾ ਬਾਬਲ
ਮੈਨੂੰ ਲਾਡੋ
ਕਹਿ ਲਾਡ
ਲਡਾਉਂਦਾ ਹੈ...
'ਏਹ ਤਾਂ ਮੇਰੇ ਪਿੰਡ ਦੀ ਜੂਹ 'ਚੋਂ ਕਵਿਤਾ ਬਣ ਕੇ ਆਈ'
NEXT STORY