ਸਮੱਗਰੀ
1 ਕੱਪ ਵੇਸਣ, 1 ਕੱਪ ਨਾਰੀਅਲ ਪਾਊਡਰ, 1 ਕੱਪ ਖੰਡ, ਅੱਧਾ ਕੱਪ ਦੁੱਧ, ਅੱਧਾ ਕੱਪ ਘਿਓ, 2-3 ਵੱਡੇ ਚੱਮਚ ਕਾਜੂ, 1 ਵੱਡਾ ਚੱਮਚ ਪਿਸਤਾ, 4-5 ਛੋਟੀਆਂ ਇਲਾਇਚੀਆਂ।
ਵਿਧੀ
ਵੇਸਣ ਨਾਰੀਅਲ ਬਰਫੀ ਬਣਾਉਣ ਲਈ ਕੜਾਹੀ ਵਿਚ ਘਿਓ ਪਾ ਕੇ ਗਰਮ ਕਰੋ ਅਤੇ ਘਿਓ 'ਚ ਵੇਸਣ ਪਾ ਕੇ ਉਸ ਨੂੰ ਘੱਟ ਸੇਕ 'ਤੇ ਲਗਾਤਾਰ ਹਿਲਾਉਂਦਿਆਂ ਚੰਗੀ ਮਹਿਕ ਆਉਣ ਤਕ ਅਤੇ ਹਲਕਾ ਭੂਰਾ ਹੋਣ ਤਕ ਭੁੰਨ ਲਓ। ਭੁੰਨੇ ਹੋਏ ਵੇਸਣ ਨੂੰ ਕਿਸੇ ਪਲੇਟ 'ਚ ਕੱਢ ਕੇ ਰੱਖ ਲਓ।
ਕੜਾਹੀ ਵਿਚ ਨਾਰੀਅਲ ਪਾ ਕੇ ਇਸ ਨੂੰ ਘੱਟ ਸੇਕ 'ਤੇ 1-2 ਮਿੰਟਾਂ ਲਈ ਲਗਾਤਾਰ ਹਿਲਾਉਂਦਿਆਂ ਚੰਗੀ ਮਹਿਕ ਆਉਣ ਤਕ ਭੁੰਨ ਲਓ ਤੇ ਵੱਖਰੇ ਬਰਤਨ ਵਿਚ ਕੱਢ ਕੇ ਰੱਖ ਲਓ।
ਬਰਫੀ ਲਈ ਚਾਸ਼ਨੀ
ਕੜਾਹੀ 'ਚ ਖੰਡ ਅਤੇ ਦੁੱਧ ਪਾ ਦਿਓ ਅਤੇ ਘੱਟ ਸੇਕ 'ਤੇ ਚਾਸ਼ਨੀ ਬਣਾ ਲਓ। ਚਾਸ਼ਨੀ ਨੂੰ ਜੰਮਣ ਵਾਲੀ ਕੰਸਿਸਟੈਂਸੀ ਵਿਚ ਤਿਆਰ ਕਰਨਾ ਪੈਂਦਾ ਹੈ, ਇਸ ਲਈ ਚੱਮਚ ਨਾਲ ਚਾਸ਼ਨੀ ਕੱਢ ਕੇ ਪਲੇਟ 'ਚ 1-2 ਬੂੰਦਾਂ ਪਾਓ। ਉਂਗਲੀ ਅਤੇ ਅੰਗੂਠੇ ਵਿਚਾਲੇ ਚਿਪਕਾ ਕੇ ਦੇਖੋ, ਚਾਸ਼ਨੀ 'ਚ ਲੰਬੀ ਪਤਲੀ ਤਾਰ ਨਿਕਲਦਿਆਂ ਇਹ ਉਂਗਲਾਂ ਨਾਲ ਚਿਪਕਣੀ ਚਾਹੀਦੀ ਹੈ। ਹੁਣ ਗੈਸ ਬੰਦ ਕਰ ਦਿਓ। ਚਾਸ਼ਨੀ ਤਿਆਰ ਹੈ।
ਇਕ ਕਾਜੂ ਦੇ 8-10 ਟੁਕੜੇ ਕਰਦਿਆਂ ਪਿਸਤੇ ਨੂੰ ਲੰਬਾਈ 'ਚ ਪਤਲਾ-ਪਤਲਾ ਕੱਟ ਲਓ। ਇਲਾਇਚੀ ਨੂੰ ਛਿੱਲ ਕੇ ਬਾਰੀਕ ਕੁੱਟ ਕੇ ਪਾਊਡਰ ਬਣਾ ਲਓ।
ਚਾਸ਼ਨੀ ਵਿਚ ਭੁੰਨਿਆ ਹੋਇਆ ਨਾਰੀਅਲ, ਵੇਸਣ, ਕਾਜੂ ਦੇ ਟੁਕੜੇ, ਪਿਸਤਾ ਅਤੇ ਇਲਾਇਚੀ ਪਾਊਡਰ ਪਾ ਦਿਓ ਅਤੇ ਇਨ੍ਹਾਂ ਸਭ ਨੂੰ ਚੰਗੀ ਤਰ੍ਹਾਂ ਮਿਲਾ ਲਓ। ਜਦੋਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਰਲ ਜਾਣ ਤਾਂ ਕਿਸੇ ਪਲੇਟ ਜਾਂ ਟ੍ਰੇਅ 'ਚ ਥੋੜ੍ਹਾ ਜਿਹਾ ਘਿਓ ਪਾ ਕੇ ਉਸ ਨੂੰ ਚਿਕਨਾ ਕਰਕੇ ਬਰਫੀ ਦਾ ਮਿਸ਼ਰਣ ਪਲੇਟ ਵਿਚ ਪਾ ਕੇ ਇਕਸਾਰ ਫੈਲਾ ਦਿਓ। ਬਰਫੀ ਦੇ ਉੱਪਰ ਪਿਸਤਾ ਪਾ ਕੇ ਚੱਮਚ ਨਾਲ ਦਬਾ ਦਿਓ ਤੇ ਬਰਫੀ ਨੂੰ ਜੰਮਣ ਲਈ ਰੱਖ ਦਿਓ।
ਜੰਮੀ ਹੋਈ ਵੇਸਣ ਨਾਰੀਅਲ ਬਰਫੀ ਨੂੰ ਆਪਣੇ ਮਨਪਸੰਦ ਟੁਕੜਿਆਂ 'ਚ ਕੱਟ ਕੇ ਤਿਆਰ ਕਰ ਲਓ। ਇਸ ਨੂੰ ਏਅਰ ਟਾਈਟ ਕੰਟੇਨਰ 'ਚ ਭਰ ਕੇ ਰੱਖ ਲਓ, ਆਪ ਵੀ ਖਾਓ ਤੇ ਮਹਿਮਾਨਾਂ ਨੂੰ ਵੀ ਖੁਆਓ।
'ਸਵੱਛ ਭਾਰਤ' ਦਾ ਸ਼ੈਦਾਈ
NEXT STORY