ਲਾਲਾ ਚੰਦੂ ਪ੍ਰਸਾਦ ਨੇ ਜਦੋਂ ਦੀ ਝਾੜੂ ਫੜ ਕੇ 'ਸਵੱਛਤਾ ਅਭਿਆਨ' ਸ਼ੁਰੂ ਕਰਨ ਦੀ ਫੋਟੋ ਖਿਚਵਾਈ ਸੀ, ਉਸ ਨੂੰ ਆਪਣੇ ਆਪ ਵਿਚ ਨਵੀਂ ਸ਼ਕਤੀ ਦਾ ਸੰਚਾਰ ਹੋ ਗਿਆ ਜਾਪਦਾ ਸੀ। ਉਸ ਦੇ ਮਨ 'ਚ ਕ੍ਰਾਂਤੀਕਾਰੀ ਤਬਦੀਲੀ ਆ ਗਈ ਸੀ ਤੇ ਵਿਲੱਖਣ ਸੇਵਾ ਕਰਨ ਦਾ ਜਜ਼ਬਾ ਠਾਠਾਂ ਮਾਰਨ ਲੱਗ ਗਿਆ ਸੀ। ਉਹ ਕਹਿੰਦਾ ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ ਤਕ ਦੇਸ਼ ਨੂੰ ਸ਼ੀਸ਼ੇ ਵਾਂਗ ਲਿਸ਼ਕਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਪ੍ਰਧਾਨ ਮੰਤਰੀ ਜੀ 'ਕੱਲੇ ਕੁਛ ਨਹੀਂ ਕਰ ਸਕਦੇ। ਥੋਡੇ ਬਾਹੂਬਲ ਦੀ ਵੀ ਲੋੜ ਹੈ। ਇਸ ਕੰਮ 'ਤੇ ਥੋਡਾ ਕੋਈ ਪੈਸਾ ਖ਼ਰਚ ਨਹੀਂ ਹੋਣਾ। ਨਾਲੇ ਪੁੰਨ ਨਾਲੇ ਫਲੀਆਂ ਵਾਲਾ ਕੰਮ ਹੈ। ਹੁਣ ਸੋਚਣ ਦਾ ਵੇਲਾ ਨਹੀਂ। ਰਾਸ਼ਟਰ ਦਾ ਪੁਨਰ ਜਾਗਰਣ ਕਰਨ ਦਾ ਵੇਲਾ ਹੈ। ਇਸ ਸਵੱਛਤਾ ਮੁਹਿੰਮ ਨਾਲ ਜੀ ਜਾਨ ਨਾਲ ਜੁੜ ਜਾਓ।
ਲਾਲਾ ਜੀ ਨੇ ਸਵੱਛਤਾ ਮੁਹਿੰਮ ਨਾਲ ਜੁੜਨ ਦੀ ਤੇ ਸਵੱਛਤਾ ਰੱਖਣ ਦੀ ਭੀਮ ਵਰਗੀ ਕਠਿਨ ਪ੍ਰਤਿੱਗਿਆ ਤਾਂ ਕਰ ਲਈ ਸੀ ਪਰ ਵਿਚਾਰਿਆਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਸਫਾਈ ਮੁਹਿੰਮ ਲਈ ਸਾਲ 'ਚ 100 ਘੰਟੇ ਕਿਵੇਂ ਬਚਾਉਣਗੇ। ਮਿੰਟ ਦੀ ਤਾਂ ਵਿਹਲ ਨਹੀਂ ਸੀ। ਜਦੋਂ ਦੇ ਸੇਵਾ-ਮੁਕਤ ਹੋਏ ਸਨ, ਨੂੰਹਾਂ-ਪੁੱਤ ਉਨ੍ਹਾਂ ਨੂੰ ਮੁਫਤ ਮਿਲਿਆ ਨੌਕਰ ਸਮਝ ਕੇ ਵੱਟੋ-ਵੱਟ ਭਜਾਈ ਫਿਰਦੇ। ਰਾਸ਼ਨ ਲਿਆਉਣ, ਆਟਾ ਪਿਹਾਉਣ, ਪੋਤੇ-ਪੋਤੀਆਂ ਨੂੰ ਸਕੂਲ ਛੱਡਣ, ਸਕੂਲੋਂ ਵਾਪਿਸ ਲਿਆਉਣ, ਛੋਟੇ ਪੋਤੇ ਨੂੰ ਸਵੇਰੇ-ਸ਼ਾਮ ਪਾਰਕ 'ਚ ਖਿਡਾਉਣ, ਬਿਜਲੀ, ਪਾਣੀ ਤੇ ਫੋਨਾਂ ਦੇ ਬਿੱਲ ਤਾਰਨ ਜਿਹੇ ਅਨੇਕਾਂ ਖਲਜਗਣ ਕਰਦਿਆਂ ਹੀ ਸਾਰਾ ਦਿਨ ਬੀਤ ਜਾਂਦਾ ਸੀ। 'ਉਖਲੀ 'ਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ' ਸੋਚਦਿਆਂ ਉਨ੍ਹਾਂ ਨੇ ਸਵੱਛਤਾ ਮੁਹਿੰਮ ਦਾ ਆਗ਼ਾਜ਼ ਆਪਣੇ ਪਰਿਵਾਰ ਤੋਂ ਹੀ ਕਰਨ ਦਾ ਫੈਸਲਾ ਕੀਤਾ।
ਆਪਣੇ ਕਮਰੇ ਦਾ ਨਿੱਕ ਸੁੱਕ ਥਾਂ-ਟਿਕਾਣੇ ਰੱਖਣ ਬਾਅਦ ਲਾਲਾ ਜੀ ਨੇ 'ਸਵੱਛਤਾ ਅਭਿਆਨ' ਸ਼ੁਰੂ ਕਰਨ ਸਮੇਂ ਮਿਲੇ ਰੰਗ-ਬਿਰੰਗੇ ਝਾੜੂ ਨਾਲ ਕੰਮ ਕਰਨ ਵਾਲੀ ਨੌਕਰਾਣੀ ਦਾ ਅੱਧਾ ਘੰਟਾ ਪਹਿਲਾਂ ਸਾਫ ਕੀਤਾ ਕਮਰਾ ਜ਼ੋਰ-ਸ਼ੋਰ ਨਾਲ ਦੁਬਾਰਾ ਸਾਫ ਕਰਨਾ ਸ਼ੁਰੂ ਕਰ ਦਿੱਤਾ। ਪੂਰੇ ਦੋ ਘੰਟੇ ਦੀ ਮੁਸ਼ੱਕਤ ਬਾਅਦ ਲਾਲਾ ਜੀ ਕੁਰਸੀਆਂ, ਮੇਜ਼ਾਂ, ਮੰਜੇ ਤੇ ਸੋਫੇ ਥੱਲਿਓਂ ਕਿੱਲੋ ਕੁ ਕੂੜਾ ਬਾਹਰ ਕੱਢ ਲਿਆਏ ਤੇ ਕੰਮ ਵਾਲੀ ਦੇ ਸਚਿਆਰਪੁਣੇ 'ਤੇ ਕਿੰਤੂ-ਪੰ੍ਰਤੂ ਕਰਦੇ ਹੋਏ ਕੂੜਾ ਕੂੜੇਦਾਨ ਵਿਚ ਸੁੱਟ ਆਏ। ਆਪਣੀ ਪਹਿਲੀ ਮੁਹਿੰਮ ਸਫਲਤਾਪੂਰਵਕ ਸਰ ਕਰਨ ਬਾਅਦ ਲਾਲਾ ਜੀ ਨੇ ਨੂੰਹ-ਪੁੱਤ ਤੇ ਪੋਤੇ-ਪੋਤੀਆਂ ਦੇ ਕਮਰੇ ਵੀ ਐਦਾਂ ਹੀ ਲਿਸ਼ਕਾ ਦਿੱਤੇ ਤੇ ਵਿਹਲੇ ਹੋ ਕੇ ਵਿਹੜੇ 'ਚ ਬੈਠ ਕੇ ਅਖ਼ਬਾਰ ਪੜ੍ਹਨ ਲੱਗੇ।
ਲਾਲਾ ਜੀ ਨੂੰ ਯਕੀਨ ਸੀ ਕਿ ਉਨ੍ਹਾਂ ਦੇ ਇਸ ਸਵੱਛਤਾ ਅਭਿਆਨ ਸਦਕਾ ਪਰਿਵਾਰ ਦੇ ਸਮੂਹ ਮੈਂਬਰ ਗਦਗਦ ਹੋ ਜਾਣਗੇ ਤੇ ਉਨ੍ਹਾਂ ਦਾ ਸ਼ੁਕਰੀਆ ਕਰਦੇ ਨਹੀਂ ਥੱਕਣਗੇ। ਉਹ ਵੀ ਆਪਣੇ ਇਸ ਸ਼ਲਾਘਾਯੋਗ ਉੱਦਮ ਕਾਰਨ ਫੂਕ ਨਹੀਂ ਛਕਣਗੇ, ਸਗੋਂ ਹਲੀਮੀ ਨਾਲ ਇਹਦਾ ਸਿਹਰਾ ਪ੍ਰਧਾਨ ਮੰਤਰੀ ਸਿਰ ਬੰਨ੍ਹਣਗੇ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਨੇਕ ਕੰਮ 'ਚ ਲਾਇਆ ਸੀ ਪਰ ਵਾਹ ਕਿਸਮਤ ਦਿਆ ਬਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ। ਸ਼ਾਮ ਦੇ 5 ਵਜੇ ਤਕ ਸਾਰੇ ਘਰ 'ਚ ਕੋਹਰਾਮ ਮਚ ਗਿਆ। ਕਿਸੇ ਦਾ ਪੈੱਨ ਨਹੀਂ ਸੀ ਲੱਭ ਰਿਹਾ, ਕਿਸੇ ਦੀ ਕਾਪੀ ਗੁੰਮ ਹੋ ਗਈ ਸੀ ਤੇ ਕੋਈ ਮਿਹਨਤ ਨਾਲ ਤਿਆਰ ਕੀਤੇ ਐੱਮ. ਏ. ਦੇ ਨੋਟਸ ਦਾ ਰੋਣਾ ਹੋ ਰਿਹਾ ਸੀ। ਨੂੰਹ ਦੀ ਲਿਪਸਟਿਕ ਤੇ ਨੇਲ ਪਾਲਿਸ਼ ਵੀ ਖੰਭ ਲਾ ਕੇ ਉੱਡ ਗਈ ਜਾਪਦੀ ਸੀ। ਲਾਲਾ ਜੀ ਦੀ ਸਫਾਈ ਮੁਹਿੰਮ ਬਾਰੇ ਜਾਣ ਕੇ ਹਰ ਕੋਈ ਲੋਹਾ-ਲਾਖਾ ਹੋ ਗਿਆ ਤੇ ਆਪਣੀਆਂ ਗੁਆਚੀਆਂ ਚੀਜ਼ਾਂ ਦਾ ਭਾਂਡਾ ਲਾਲਾ ਜੀ ਸਿਰ ਭੰਨਣ ਲੱਗਾ। ਹਰ ਕੋਈ ਆਖੇ ਲੋਹੜਾ ਆ ਗਿਆ। ਅਖੇ ਸਾਡੀ ਨਿੱਜੀ ਜ਼ਿੰਦਗੀ 'ਚ ਖਲਲ ਪੈਂਦਾ। ਸਾਡੀਆਂ ਚੀਜ਼ਾਂ ਨੂੰ ਛੇੜਨਾ ਸਿਆਣੇ-ਬਿਆਣੇ ਬੰਦੇ ਨੂੰ ਸੋਭਾ ਹੀ ਨਹੀਂ ਦਿੰਦਾ। ਪੁੱਛਣ ਆਲਾ ਹੋਵੇ ਬਈ ਮੈਂ ਕਾਹਦਾ ਖਲਲ ਪਾਉਨਾਂ। ਥੋਡਾ ਕੁਛ ਸੰਵਾਰਦਾ ਈ ਆਂ, ਵਿਗਾੜਦਾ ਤਾਂ ਨਹੀਂ। ਥੋਨੂੰ ਸੱਤਾਂ ਭੈਣ-ਭਰਾਵਾਂ ਨੂੰ ਪੜ੍ਹਾਇਆ-ਲਿਖਾਇਆ, ਨੌਕਰੀ ਜੋਗੇ ਕੀਤਾ, ਵਿਆਹਿਆ ਵਰ੍ਹਿਆ। ਸਾਡੀ ਜ਼ਿੰਦਗੀ 'ਚ ਤਾਂ ਖਲਲ ਪਿਆ ਨਹੀਂ। ਲਾਲਾ ਜੀ ਐਨੀ ਜਲਦੀ ਹਾਰ ਮੰਨਣ ਵਾਲੇ ਨਹੀਂ ਸਨ। ਪ੍ਰਧਾਨ ਮੰਤਰੀ ਜੀ ਵਲੋਂ ਰੱਬ-ਸਬੱਬੀਂ ਮੁਹੱਈਆ ਕਰਵਾਇਆ ਸੇਵਾ ਦਾ ਮੌਕਾ ਉਹ ਅਜਾਈਂ ਨਹੀਂ ਗੁਆਉਣਾ ਚਾਹੁੰਦੇ ਸਨ। ਸੋ ਉਨ੍ਹਾਂ ਨੇ ਆਲੇ-ਦੁਆਲੇ ਦੇ ਸਕੂਲਾਂ, ਹਸਪਤਾਲਾਂ ਤੇ ਸਮੁੱਚੇ ਕਸਬੇ ਦੀ ਸਫ਼ਾਈ 'ਚ ਆਪਣਾ ਵਡਮੁੱਲਾ ਯੋਗਦਾਨ ਦੇਣ ਦਾ ਫ਼ੈਸਲਾ ਕੀਤਾ। ਦਿਨ ਚੜ੍ਹਨ 'ਤੇ ਕੂੜਾ-ਕਰਕਟ ਚੁੱਕਦਿਆਂ ਨੂੰ ਦੇਖ ਕੇ ਕੋਈ ਉਨ੍ਹਾਂ ਦੀ ਖਿੱਲੀ ਉਡਾ ਸਕਦਾ ਸੀ। ਪਤਾ ਲੱਗਣ 'ਤੇ ਨੂੰਹਾਂ-ਪੁੱਤ, ਪੋਤੇ-ਪੋਤੀਆਂ ਵੀ ਉਨ੍ਹਾਂ ਦੀ ਲਾਹ-ਪਾਹ ਕਰ ਸਕਦੇ ਸਨ। ਇਹੋ ਜਿਹੇ ਸੰਸਿਆਂ ਕਾਰਨ ਉਨ੍ਹਾਂ ਨੇ ਮੂੰਹ 'ਨ੍ਹੇਰੇ ਹੀ ਆਪਣੀ ਮੁਹਿੰਮ ਨੂੰ ਅੰਜਾਮ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ ਤੇ ਸਾਈਕਲ ਪਿੱਛੇ ਬੋਰੀ ਰੱਖ ਕੇ ਘਰ ਤੋਂ ਥੋੜ੍ਹੀ ਦੂਰ ਲੱਗੇ ਕੂੜੇ ਦੇ ਢੇਰ ਵੱਲ ਚਾਲੇ ਪਾ ਦਿੱਤੇ ਤਾਂ ਕਿ ਕੂੜਾ-ਕਰਕਟ ਬੋਰੀ 'ਚ ਪਾ ਕੇ ਸ਼ਹਿਰੋਂ ਬਾਹਰ ਦੱਬ ਆਉਣ।
ਅਜੇ ਵਿਚਾਰੇ ਕੂੜੇ ਦੇ ਢੇਰ ਕੋਲ ਪਹੁੰਚੇ ਹੀ ਸਨ ਕਿ ਉੱਥੇ ਗੰਦ-ਮੰਦ ਫੋਲ ਰਹੇ ਅੱਠ-ਦੱਸ ਆਵਾਰਾ ਕੁੱਤਿਆਂ ਨੇ ਆਪਣੀ ਸਲਤਨਤ 'ਚ ਦਖਲਅੰਦਾਜ਼ੀ ਕਰਦਿਆਂ ਦੇਖ ਕੇ ਲਾਲਾ ਜੀ 'ਤੇ ਧਾਵਾ ਬੋਲ ਦਿੱਤਾ। ਆਵਾਰਾ ਢੱਠਾ ਵੀ ਲਾਲਾ ਜੀ ਨੂੰ ਢੁੱਡ ਮਾਰਨ ਲਈ ਬੁੜ੍ਹਕਿਆ। ਵਿਚਾਰੇ ਲਾਲਾ ਜੀ ਸੱਟ-ਫ਼ੇਟ ਖਾਣ ਦੇ ਡਰੋਂ ਸਿਰ 'ਤੇ ਪੈਰ ਰੱਖ ਕੇ ਭੱਜ ਨਿਕਲੇ ਤੇ ਘਰ ਪਹੁੰਚ ਕੇ ਹੀ ਸਾਹ ਲਿਆ।
ਅਗਲੇ ਦਿਨ ਲਾਲਾ ਜੀ ਨੇ ਡੂੰਘੀ ਸੋਚ ਵਿਚਾਰ ਉਪਰੰਤ ਨੇੜੇ ਦੇ ਸਕੂਲ ਤੇ ਹਸਪਤਾਲ 'ਚ ਆਪਣੀ ਸਵੱਛਤਾ ਮੁਹਿੰਮ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ। ਤੜਕੇ ਹੀ ਘਰ ਤੋਂ ਡੇਢ ਮੀਲ ਦੂਰ ਦੇ ਸੈਕੰਡਰੀ ਸਕੂਲ 'ਚ ਪਹੁੰਚ ਕੇ ਲਾਲਾ ਜੀ ਨੇ ਇਧਰ ਓਧਰ ਖਿੱਲਰੇ ਕਾਗਜ਼, ਪੱਤੇ ਤੇ ਹੋਰ ਨਿੱਕ-ਸੁੱਕ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਪਰ ਸਫਾਈ ਕਰਮਚਾਰੀ ਪ੍ਰਗਟ ਹੋ ਕੇ ਲਾਲਾ ਜੀ ਦੇ ਪੈਰੀਂ ਡਿੱਗ ਪਿਆ ਤੇ ਉਨ੍ਹਾਂ ਨੂੰ ਉੱਥੋਂ ਤੁਰੰਤ ਚਲੇ ਜਾਣ ਲਈ ਅਰਜ਼ੋਈਆਂ ਕਰਨ ਲੱਗਾ। ਲਾਲਾ ਜੀ ਉਹਦਾ ਕੰਮ ਕਰਕੇ ਉਹਦੀਆਂ ਬੇੜੀਆਂ 'ਚ ਵੱਟੇ ਪਾ ਰਹੇ ਸਨ। ਉਹਦਾ ਭਵਿੱਖ ਤਬਾਹ ਕਰ ਰਹੇ ਸਨ। ਉਹਦੇ ਜੁਆਕਾਂ ਦੇ ਮੂੰਹ 'ਚੋਂ ਬੁਰਕੀ ਖੋਹ ਰਹੇ ਸਨ। ਵਿਚਾਰੇ ਲਾਲਾ ਜੀ ਕੀ ਕਹਿੰਦੇ? ਮੂੰਹ ਲਟਕਾ ਕੇ ਘੋਰ ਨਿਰਾਸ਼ਾ ਦੇ ਆਲਮ 'ਚ ਉਹਦਾ ਲੈਕਚਰ ਸੁਣਦੇ ਰਹੇ। ਉਨ੍ਹਾਂ ਦਾ ਹਸਪਤਾਲ ਜਾ ਕੇ ਸਫ਼ਾਈ ਕਰਨ ਦਾ ਹੌਸਲਾ ਨਾ ਪਿਆ ਤੇ ਚੁੱਪਚਾਪ ਘਰ ਵਾਪਸ ਆ ਗਏ। ਲਾਲਾ ਜੀ ਦਾ 'ਸਵੱਛ ਭਾਰਤ' ਦਾ ਸੁਪਨਾ ਦੋ ਦਿਨਾਂ 'ਚ ਹੀ ਖੇਰੂੰ-ਖੇਰੂੰ ਹੋ ਗਿਆ ਹੈ। ਉਹ ਆਪਣੀ ਸਵੱਛਤਾ ਮੁਹਿੰਮ ਨੂੰ ਨੇਪਰੇ ਚਾੜ੍ਹਨ ਲਈ ਆਪਣੇ ਘਰਦਿਆਂ ਨਾਲ ਆਢਾ ਨਹੀਂ ਲਾ ਸਕਦੇ। ਨੂੰਹਾਂ, ਪੁੱਤਾਂ, ਪੋਤੇ, ਪੋਤੀਆਂ ਤੋਂ ਹੱਤਕ ਵੀ ਨਹੀਂ ਕਰਾ ਸਕਦੇ। ਕਿਸੇ ਦੀ ਰੋਜ਼ੀ ਰੋਟੀ 'ਤੇ ਲੱਤ ਨਹੀਂ ਮਾਰ ਸਕਦੇ। ਖੈਰ, ਕੋਈ ਗੱਲ ਨਹੀਂ। ਉਹ ਹਿੰਮਤ ਨਹੀਂ ਹਾਰਨਗੇ। ਹੁਣ ਉਹ ਸਕੂਲਾਂ, ਕਾਲਜਾਂ, ਗਲੀਆਂ, ਬਾਗਾਂ, ਬਾਜ਼ਾਰਾਂ, ਪ੍ਰਦਰਸ਼ਨੀਆਂ ਤੇ ਮੇਲਿਆਂ 'ਚ ਭਾਸ਼ਣ ਵਿਧੀ ਰਾਹੀਂ ਲੋਕਾਂ ਨੂੰ ਸਵੱਛਤਾ ਦੀ ਮਹੱਤਤਾ ਬਾਰੇ ਜਾਗਰੂਕ ਕਰਨਗੇ।
ਦੁਆਵਾਂ ਦੇ ਨਾਲ-ਨਾਲ ਮਿਹਨਤ ਵੀ ਜ਼ਰੂਰੀ
NEXT STORY